ਅਰਥੀ ਵਾਲੇ ਵਾਹਨ ਦੀ ਖੜ੍ਹੇ ਟਰੱਕ ਨਾਲ ਟੱਕਰ; 18 ਹਲਾਕ

ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਵਿੱਚ ਅੱਜ ਵੱਡੇ ਤੜਕੇ ਮ੍ਰਿਤਕ ਦੀ ਅਰਥੀ ਲਿਜਾ ਰਹੇ ਵਾਹਨ ਦੇ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਘੱਟੋ-ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਛੇ ਔਰਤਾਂ ਤੇ ਇਕ ਬੱਚਾ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਮਤਾ ਬੈਨਰਜੀ ਤੇ ਕੇਂਦਰੀ ਗ੍ਰਹਿ     ਮੰਤਰੀ ਅਮਿਤ ਸ਼ਾਹ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।       ਪ੍ਰਧਾਨ ਮੰਤਰੀ ਨੇ ਮਿ੍ਰਤਕਾਂ ਦੇ ਵਾਰਸਾਂ ਲਈ ਦੋ-ਦੋ ਲੱਖ ਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਮਿੰਨੀ ਟਰੱਕ, ਜਿਸ ਵਿੱਚ ਮ੍ਰਿਤਕ ਦੀ ਅਰਥੀ ਲਿਜਾਈ ਜਾ ਰਹੀ ਸੀ, ਵਿੱਚ 35 ਤੋਂ ਵੱਧ ਲੋਕ ਸਵਾਰ ਸਨ। ਅੱਜ ਵੱਡੇ ਤੜਕੇ ਤਿੰਨ ਵਜੇ ਦੇ ਕਰੀਬ ਮਿੰਨੀ ਟਰੱਕ ਹਾਈਵੇਅ ’ਤੇ ਸੜਕ ਕਿਨਾਰੇ ਪਾਰਕ ਕੀਤੇ ਪੱਥਰਾਂ ਨਾਲ ਲੱਦੇ ਟਰੱਕ ਨਾਲ ਟਕਰਾਅ ਗਿਆ। ਮਿੰਨੀ ਟਰੱਕ ਵਿੱਚ ਸਵਾਰ 12 ਲੋਕਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਛੇ ਹੋਰਨਾਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਸਥਾਨਕ ਲੋਕਾਂ ਤੇ ਪੁਲੀਸ ਨੇ ਜ਼ਖ਼ਮੀਆਂ ਨੂੰ ਸ਼ਕਤੀਨਗਰ ਜਨਰਲ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕੁਝ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਕ੍ਰਿਸ਼ਨਾਨਗਰ ਸਥਿਤ ਮੈਡੀਕਲ ਸੰਸਥਾਨ ਲਈ ਰੈਫਰ ਕਰ ਦਿੱਤਾ।

ਪੁਲੀਸ ਅਧਿਕਾਰੀ ਨੇ ਕਿਹਾ ਕਿ ਧੁੰਦ ਕਰਕੇ ਦਿਖਣ ਹੱਦ ਘੱਟ ਹੋਣ ਕਰਕੇ ਹਾਦਸਾ ਵਾਪਰਿਆ। ਜ਼ਖ਼ਮੀਆਂ ’ਚੋਂ ਇਕ ਨੇ ਦੱਸਿਆ ਕਿ ਉਹ ਚੱਕਦਾਹ ਤੋਂ ਨਾਬਦਵੀਪ ਸ਼ਮਸ਼ਾਨਘਾਟ ਜਾ ਰਹੇ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਉਨ੍ਹਾਂ ਹਾਦਸੇ ਨੂੰ ਦੁਖਦਾਈ ਦੱਸਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੇਪਰ ਲੀਕ ਹੋਣ ਮਗਰੋਂ ਯੂਪੀ ਟੈੱਟ ਪ੍ਰੀਖਿਆ ਰੱਦ
Next articleਮੀਟਿੰਗ ਵਿੱਚ ਹਿੱਸਾ ਲੈਣ ਬਾਰੇ ਟੀਐੱਮਸੀ ਨੇ ਹੀ ਲੈਣਾ ਹੈ ਫ਼ੈਸਲਾ: ਕਾਂਗਰਸ