ਸੀਤ ਲਹਿਰ ਨਾਲ ਮੈਦਾਨਾਂ ’ਚ ਛਿੜਿਆ ਕਾਂਬਾ

ਚੰਡੀਗੜ੍ਹ (ਸਮਾਜ ਵੀਕਲੀ) : ਉੱਤਰ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਹੋਈ ਬਰਫ਼ਬਾਰੀ ਨਾਲ ਜਿੱਥੇ ਉੱਪਰਲੇ ਹਿੱਸਿਆਂ ਵਿੱਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਉੱਤਰੀ ਖੇਤਰ ਦੇ ਮੈਦਾਨੀ ਸੂਬਿਆਂ ਵਿੱਚ ਵੀ ਹੱਡ ਚੀਰਵੀਂ ਠੰਢ ਦਾ ਕਹਿਰ ਜਾਰੀ ਹੈ।

ਉੱਤਰ ਭਾਰਤ ਦੇ ਮੈਦਾਨੀ ਸੂਬਿਆਂ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਤ ਲਹਿਰ ਦਾ ਕਹਿਰ ਅੱਜ ਵੀ ਜਾਰੀ ਰਿਹਾ। ਅੱਜ ਦੁਪਹਿਰ ਤੱਕ ਸੰਘਣੀ ਧੁੰਦ ਨੇ ਦੋਵੇਂ ਸੂਬਿਆਂ ਨੂੰ ਆਪਣੀ ਬੁੱਕਲ ਵਿੱਚ ਲਈ ਰੱਖਿਆ। ਜ਼ਿਆਦਤਾਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ ਪਰ ਫਿਰ ਵੀ ਕੱਲ੍ਹ ਦੇ ਤਾਪਮਾਨ ਦੇ ਮੁਕਾਬਲੇ ਅੱਜ ਤਾਪਮਾਨ ਵਿੱਚ ਮਾਮੂਲੀ ਜਿਹਾ ਵਾਧਾ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਨਾਲ ਅੰਮ੍ਰਿਤਸਰ ਪੰਜਾਬ ਭਰ ਵਿੱਚੋਂ ਸਭ ਤੋਂ ਠੰਢਾ ਸਥਾਨ ਰਿਹਾ।

ਮੌਸਮ ਵਿਭਾਗ ਅਨੁਸਾਰ ਬਠਿੰਡਾ ਵਿੱਚ ਘੱਟੋ ਘੱਟ ਤਾਪਮਾਨ 2.2 ਡਿਗਰੀ, ਫ਼ਰੀਦਕੋਟ ’ਚ 2.3 ਡਿਗਰੀ ਅਤੇ ਆਦਮਪੁਰ ਵਿੱਚ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਰ੍ਹਾਂ ਇਨ੍ਹਾਂ ਸ਼ਹਿਰਾਂ ਵਿੱਚ ਵੀ ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ 4.7 ਡਿਗਰੀ, ਲੁਧਿਆਣਾ ’ਚ 5.5 ਡਿਗਰੀ, ਪਠਾਨਕੋਟ ’ਚ 5.1 ਡਿਗਰੀ ਅਤੇ ਪਟਿਆਲਾ ’ਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ 2.4 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨਾਲ ਨਾਰਨੌਲ, ਹਰਿਆਣਾ ਭਰ ’ਚੋਂ ਸਭ ਤੋਂ ਠੰਢਾ ਸਥਾਨ ਰਿਹਾ।

ਹਿਸਾਰ ਵਿੱਚ ਘੱਟੋ ਘੱਟ ਤਾਪਮਾਨ 3.7 ਡਿਗਰੀ, ਸਿਰਸਾ ’ਚ 3.6 ਡਿਗਰੀ ਅਤੇ ਭਿਵਾਨੀ ’ਚ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਤੇ ਕਰਨਾਲ ਵਿੱਚ ਵੀ ਰਾਤ ਕਾਫੀ ਠੰਢੀ ਰਹੀ। ਅੰਬਾਲਾ ਵਿੱਚ ਰਾਤ ਨੂੰ ਤਾਪਮਾਨ 4.2 ਡਿਗਰੀ ਤੇ ਕਰਨਾਲ ’ਚ 4.4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਰੋਹਤਕ ਨੂੰ ਛੱਡ ਕੇ ਦੋਵੇਂ ਸੂਬੇ ਅੱਜ ਸਵੇਰੇ ਸੰਘਣੀ ਧੁੰਦ ਦੀ ਬੁੱਕਲ ਵਿੱਚ ਛੁਪੇ ਰਹੇ ਜਿਸ ਕਾਰਨ ਦੇਖਣ ਦੀ ਸਮਰੱਥਾ ਕਾਫੀ ਘੱਟ ਰਹੀ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਅੱਜ ਸੀਤ ਲਹਿਰ ਚੱਲਦੀ ਰਹੀ, ਜਿਸ ਨਾਲ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਤੱਕ ਆ ਗਿਆ। ਮੌਸਮ ਵਿਭਾਗ ਅਨੁਸਾਰ ਨਵੇਂ ਸਾਲ ਮੌਕੇ ਇਸ ਨਾਲੋਂ ਵੀ ਜ਼ਿਆਦਾ ਠੰਢ ਹੋਣ ਦੀ ਸੰਭਾਵਨਾ ਹੈ।

ਜੰਮੂ: ਇਲਾਕੇ ਵਿੱਚ ਲਗਾਤਾਰ ਦੂਜੇ ਦਿਨ ਪਈ ਸੰਘਣੀ ਧੁੰਦ ਕਾਰਨ ਜੰਮੂ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਜਾਂ ਇੱਥੇ ਪਹੁੰਚਣ ਵਾਲੀਆਂ ਨੌਂ ਉਡਾਣਾਂ ਅੱਜ ਰੱਦ ਹੋ ਗਈਆਂ, ਹਾਲਾਂਕਿ ਉੱਪਰਲੇ ਖੇਤਰਾਂ ਵਿੱਚ ਹਾਲ ਹੀ ’ਚ ਹੋਈ ਬਰਫ਼ਬਾਰੀ ਤੋਂ ਬਾਅਦ ਸੀਤ ਲਹਿਰ ਨੇ ਇਲਾਕੇ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ।

ਸ੍ਰੀਨਗਰ: ਕਸ਼ਮੀਰ ਵਾਦੀ ਵਿਚ ਮਨਫ਼ੀ ਤਾਪਮਾਨ ਹੋਣ ਕਾਰਨ ਅੱਜ ਵੀ ਜਮਾ ਦੇਣ ਵਾਲੀ ਠੰਢ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਿਛਲੀਆਂ ਦੋ ਰਾਤਾਂ ਤੋਂ ਤਾਪਮਾਨ ਜੰਮਣ ਦੇ ਪੁਆਇੰਟ ਨੇੜੇ ਹੈ। ਗੁਲਮਰਗ ’ਚ ਤਾਪਮਾਨ ਮਨਫ਼ੀ 11 ਡਿਗਰੀ ਦਰਜ ਕੀਤਾ ਗਿਆ। ਪਹਿਲਗਾਮ ਵਿੱਚ ਤਾਪਮਾਨ ਮਨਫ਼ੀ 2.2 ਡਿਗਰੀ, ਕਾਜ਼ੀਗੁੰਡ ਵਿੱਚ ਮਨਫ਼ੀ 2.5 ਡਿਗਰੀ, ਕੁਪਵਾੜਾ ’ਚ 2.8 ਡਿਗਰੀ ਤੇ ਕੋਕਰਨਾਗ ’ਚ ਘੱਟੋ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜੈਪੁਰ: ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਠੰਢ ਦਾ ਕਹਿਰ ਜਾਰੀ ਹੈ। ਸੂਬੇ ਵਿੱਚ ਦੋ ਥਾਵਾਂ ’ਤੇ ਅੱਜ ਤਾਪਮਾਨ ਜਮਾਉਣ ਵਾਲੇ ਪੁਆਇੰਟ ਤੋਂ ਵੀ ਹੇਠਾਂ ਚਲਾ ਗਿਆ। ਮੌਸਮ ਵਿਭਾਗ ਅਨੁਸਾਰ ਮਾਊਂਟ ਆਬੂ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 4 ਡਿਗਰੀ ਰਿਹਾ।

Previous articleਹਰਿਆਣਾ ਨਗਰ ਨਿਗਮ ਚੋਣਾਂ ’ਚ ਭਾਜਪਾ ਨੂੰ ਝਟਕਾ
Next articleਪੁਲੀਸ ਵੱਲੋਂ ਤਿੰਨ ਦਹਿਸ਼ਤਗਰਦ ਮਾਰ ਮੁਕਾਉਣ ਦਾ ਦਾਅਵਾ