ਪੇਪਰ ਲੀਕ ਹੋਣ ਮਗਰੋਂ ਯੂਪੀ ਟੈੱਟ ਪ੍ਰੀਖਿਆ ਰੱਦ

ਲਖ਼ਨਊ, (ਸਮਾਜ ਵੀਕਲੀ) : ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ‘ਯੂਪੀ ਟੈੱਟ’ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਅੱਜ ਲਈ ਜਾਣੀ ਸੀ। ਏਜੀਡੀ (ਕਾਨੂੰਨ-ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਇਸ ਬਾਰੇ ਜਾਣਕਾਰੀ ਦਿੱਤੀ। 19.99 ਲੱਖ ਤੋਂ ਵੱਧ ਉਮੀਦਵਾਰਾਂ ਨੇ ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਟੈਸਟ (ਯੂਪੀ ਟੈੱਟ) ਦੇਣਾ ਸੀ। ਵਿਸ਼ੇਸ਼ ਟਾਸਕ ਫੋਰਸ ਨੇ ਇਸ ਮਾਮਲੇ ਵਿਚ 23 ਜਣਿਆਂ ਨੂੰ ਸ਼ਨਿਚਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਯੂਪੀ ਦੇ ਵੱਖ-ਵੱਖ ਸ਼ਹਿਰਾਂ ਤੋਂ ਤਕਨੀਕੀ ਤੇ ਹੋਰ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ ਗਈ ਸੀ। ਚਾਰ ਨੂੰ ਲਖਨਊ, 13 ਨੂੰ ਪ੍ਰਯਾਗਰਾਜ, ਤਿੰਨ ਨੂੰ ਮੇਰਠ ਐੱਸਟੀਐਫ ਨੇ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਨੂੰ ਕੌਸ਼ਾਂਬੀ ਜ਼ਿਲ੍ਹੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰਸ਼ਨ ਪੱਤਰ ਦੀ ਫੋਟੋ ਕਾਪੀ ਇਨ੍ਹਾਂ ਕੋਲੋਂ ਬਰਾਮਦ ਕੀਤੀ ਗਈ ਜਿਸ ਨੂੰ ਸਰਕਾਰ ਨਾਲ ਸਾਂਝਾ ਕੀਤਾ ਗਿਆ। ਇਸ ਵਿਚ ਸਾਹਮਣੇ ਆਇਆ ਕਿ ਇਹ ਉਹੀ ਪ੍ਰਸ਼ਨ ਪੱਤਰ ਹਨ ਜੋ ਕਿ ਪ੍ਰੀਖਿਆ ਲਈ ਤਿਆਰ ਕੀਤੇ ਗਏ ਸਨ। ਸਰਕਾਰ ਨੇ ਤੁਰੰਤ ਪ੍ਰੀਖਿਆ ਰੱਦ ਕਰਨ ਦਾ ਫ਼ੈਸਲਾ ਕੀਤਾ ਤੇ ਇਸ ਬਾਰੇ ਐਲਾਨ ਕੀਤਾ ਗਿਆ। ਪ੍ਰੀਖਿਆ ਹੁਣ ਅਗਲੇ ਇਕ ਮਹੀਨੇ ਦੇ ਵਿਚ ਲਈ ਜਾਵੇਗੀ। ਪ੍ਰੀਖਿਆ ਦੇ ਸਾਰੇ ਖ਼ਰਚ ਸਰਕਾਰ ਝੱਲੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਫਾਰਮ ਭਰਨ ਲਈ ਫੀਸ ਨਹੀਂ ਦੇਣੀ ਪਵੇਗੀ। ਅੱਜ ਦੀ ਪ੍ਰੀਖਿਆ ਦੇਣ ਆਏ ਉਮੀਦਵਾਰਾਂ ਨੂੰ ਸਰਕਾਰੀ ਬੱਸਾਂ ਉਨ੍ਹਾਂ ਦੇ ਸ਼ਹਿਰਾਂ ਵਿਚ ਮੁਫ਼ਤ ਵਾਪਸ ਛੱਡਣਗੀਆਂ। ਐੱਸਟੀਐਫ ਇਸ ਮਾਮਲੇ ਦੀ ਜਾਂਚ ਕਰੇਗੀ। ਯੂਪੀ ਤੋਂ ਇਲਾਵਾ ਬਿਹਾਰ ਦੇ ਕੁਝ ਲੋਕ ਵੀ ਇਸ ਮਾਮਲੇ ਵਿਚ ਸ਼ਾਮਲ ਹਨ। ਪੁਲੀਸ ਹੋਰ ਗ੍ਰਿਫ਼ਤਾਰੀਆਂ ਵੀ ਕਰ ਸਕਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੀਖਿਆਵਾਂ ’ਚ ਭ੍ਰਿਸ਼ਟਾਚਾਰ ਭਾਜਪਾ ਦੀ ਪਛਾਣ ਬਣਿਆ: ਪ੍ਰਿਯੰਕਾ
Next articleਅਰਥੀ ਵਾਲੇ ਵਾਹਨ ਦੀ ਖੜ੍ਹੇ ਟਰੱਕ ਨਾਲ ਟੱਕਰ; 18 ਹਲਾਕ