ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਯੋਗ ਪ੍ਰਧਾਨਗੀ ਹੇਠ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਸਿਹਤ ਪ੍ਰੋਗਰਾਮਾਂ ਸੰਬੰਧੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਅੰਦਰ ਚੱਲ ਰਹੇ ਸਮੂਹ ਸਿਹਤ ਪ੍ਰੋਗਰਾਮਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਕਰਕੇ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਤੋਂ ਉਹਨਾਂ ਦੇ ਬਲਾਕਾਂ ਵਿਚ ਅਲੱਗ-ਅਲੱਗ ਸਪੈਸ਼ਲਿਸਟ ਡਾਕਟਰਾਂ, ਮੈਡੀਕਲ ਅਫਸਰਾਂ ਦੀ ਉਪਲਬੱਧਤਾ, ਬਲੱਡ ਯੂਨਿਟਾਂ ਦੀ ਕਾਰਗੁਜ਼ਾਰੀ, ਐਬੂਲੈਂਸ ਸੇਵਾਵਾਂ, ਐਮਰਜੈਂਸੀ ਸੇਵਾਵਾਂ, ਮੋਬਾਈਲ ਮੈਡੀਕਲ ਯੂਨਿਟ ਅਤੇ 108 ਐਬੂਲੈਂਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਤੱਕ ਸਮੇਂ ਸਿਰ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਪਹੁੰਚਾਉਣ ਲਈ ਸਾਰੇ ਸਿਸਟਮ ਨੂੰ ਹੋਰ ਸੁਚਾਰੂ ਬਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਤੁਰੰਤ ਦੂਰ ਕੀਤਾ ਜਾਵੇ। ਮੀਟਿੰਗ ਦੌਰਾਨ ਓਪੀਡੀ ਖੇਤਰ ਵਿੱਚ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹਰ ਸਿਹਤ ਸੰਸਥਾ ਵਿੱਚ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ, ਸੈੱਡਾਂ ਦੀ ਉਪਲਬੱਧਤਾ, ਸਾਫ਼-ਸੁਥਰੇ ਬਾਥਰੂਮ ਅਤੇ ਬੈਠਣ ਲਈ ਸੁਵਿਧਾਜਨਕ ਇੰਤਜਾਮ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸਦੇ ਨਾਲ ਹੀ ਮੁੱਖ ਮੰਤਰੀ ਸਿਹਤ ਯੋਜਨਾ ਸੰਬੰਧੀ ਜਾਗਰੂਕਤਾ ਬੈਨਰ ਅਤੇ ਜਾਣਕਾਰੀ ਬੋਰਡ ਹਰ ਸਿਹਤ ਸੰਸਥਾ ਵਿੱਚ ਪ੍ਰਮੁੱਖ ਥਾਵਾਂ ’ਤੇ ਲਗਾਉਣ ਲਈ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਯੋਜਨਾ ਦਾ ਲਾਭ ਲੈ ਸਕਣ। ਮੀਟਿੰਗ ਦੌਰਾਨ ਗਰਭਵਤੀ ਔਰਤਾਂ ਦੀ ਪਹਿਲੀ ਤਿਮਾਹੀ ਵਿੱਚ ਰਜਿਸਟ੍ਰੇਸ਼ਨ, ਚਾਰ ਏਐਨਸੀ ਚੈਕਅਪ, ਸੰਪੂਰਨ ਟੀਕਾਕਰਨ ਅਤੇ ਹਾਈ ਰਿਸਕ ਗਰਭਵਤੀਆਂ ਦੀ ਪਛਾਣ ਕਰਕੇ ਸਮੇਂ ਸਿਰ ਉਚਿਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਉੱਤੇ ਵੀ ਜ਼ੋਰ ਦਿੱਤਾ ਗਿਆ। ਇਸਦੇ ਨਾਲ ਹੀ ਆਸ਼ਾ ਅਤੇ ਏਐਨਐਮ ਰਾਹੀਂ ਨਿਰੰਤਰ ਫਾਲੋਅੱਪ ਕਰਕੇ ਮੈਟਰਨਲ ਡੈਥ ਦੀ ਰੋਕਥਾਮ ਯਕੀਨੀ ਬਣਾਉਣ ਲਈ ਕਿਹਾ ਗਿਆ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਬਲਾਕ ਪੱਧਰ ’ਤੇ ਹਰ ਮਹੀਨੇ ਆਸ਼ਾ, ਏਐਨਐਮ, ਐਲਐਚਵੀ ਅਤੇ ਸੀਐਚਓ ਨਾਲ ਮੀਟਿੰਗ ਕਰਕੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਅਤੇ ਮੈਦਾਨੀ ਪੱਧਰ ’ਤੇ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



