ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜਾਨਾਂ ਦਾ ਖੌਅ ਬਣੀ ਹੋਈ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਅਤੇ ਵਰਤੋਂ ਕਰਨ ਵਾਲੇ ਪਤੰਗਬਾਜਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਚਾਈਨਾ ਡੋਰ ਇਨਸਾਨੀ ਜ਼ਿੰਦਗੀਆਂ ਅਤੇ ਪਸ਼ੂ- ਪੰਛੀਆਂ ਲਈ ਬੇਹੱਦ ਨੁਕਸਾਨਦੇਹ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ, ਪਰੰਤੂ ਪਾਬੰਦੀਸ਼ੁਦਾ ਚਾਈਨਾ ਡੋਰ, ਜਿਹੜੀ ਕਿ ਇਨਸਾਨਾਂ ਅਤੇ ਪਸ਼ੂ-ਪੰਛੀਆਂ ਲਈ ਬਹੁਤ ਹੀ ਘਾਤਕ ਹੈ, ਦੀ ਵਰਤੋਂ ਕਰਨ ‘ਤੇ ਪੂਰੀ ਤਰ੍ਹਾਂ ਨਾਲ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਆਮ ਡੋਰ ਨਾਲੋਂ ਕਿਤੇ ਵੱਧ ਪੱਕੀ ਹੁੰਦੀ ਹੈ, ਜਿਹੜੀ ਕਿ ਪਲਾਸਟਿਕ (ਨਾਈਲੋਨ) ਤੋਂ ਤਿਆਰ ਕੀਤੀ ਹੁੰਦੀ ਹੈ। ਪਤੰਗ ਕੱਟ ਹੋਣ ਤੋਂ ਬਾਅਦ ਜਾਂ ਕੰਟਰੋਲ ਤੋਂ ਬਾਹਰ ਹੋਣ ਕਾਰਨ ਜਦ ਧਰਤੀ ਤੋਂ ਕੁਝ ਹੀ ਦੂਰੀ ਤੇ ਉੱਡਦਾ ਹੈ, ਤਾਂ ਅਜਿਹੇ ਵਿਚ ਜਿਹੜਾ ਵੀ ਪਸ਼ੂ-ਪੰਛੀ ਜਾਂ ਇਨਸਾਨ ਇਸ ਦੀ ਲਪੇਟ ਵਿਚ ਆਉਂਦਾ ਹੈ, ਉਸ ਨੂੰ ਹਾਦਸੇ ਦਾ ਸ਼ਿਕਾਰ ਬਣਾ ਲੈਂਦੀ ਹੈ। ਕਿਉਂਕਿ ਇਹ ਡੋਰਾਂ ਟੁੱਟਣ ਦੀ ਬਜਾਏ ਚਮੜੀ ਚੀਰ ਕੇ ਅੰਦਰ ਵੜ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਚਾਈਨਾ ਡੋਰ ਦੀ ਵਰਤੋਂ ਨਾਲ ਜਿਥੇ ਕਈ ਕੀਮਤੀ ਜਾਨਾਂ ਅਜਾਈਂ ਗਈਆਂ ਹਨ, ਉਥੇ ਇਸ ਨਾਲ ਇਨਸਾਨ ਅਤੇ ਪਸ਼ੂ-ਪੰਛੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਵੀ ਹੋਏ ਹਨ। ਇਸ ਲਈ ਸਾਨੂੰ ਸਭਨਾਂ ਨੂੰ ਚਾਈਨਾ ਡੋਰ ਦੇ ਇਸਤੇਮਾਲ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਦੀ ਵਿਕਰੀ ਕਰਦਾ ਹੈ ਜਾਂ ਕੋਈ ਵੀ ਪਤੰਗਬਾਜ ਇਸ ਦੀ ਵਰਤੋਂ ਕਰਦਾ ਹੈ, ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਤਹਿਸੀਲਦਾਰ ਨਵਾਂਸ਼ਹਿਰ, ਕਾਰਜ ਸਾਧਕ ਅਫਸਰ, ਨਗਰ ਕੌਂਸਲ ਨਵਾਂਸ਼ਹਿਰ/ਰਾਹੋਂ ਅਤੇ ਬੀ.ਡੀ.ਪੀ.ਓ ਨਵਾਂਸ਼ਹਿਰ/ਔੜ ਨੂੰ ਸਖ਼ਤ ਹਦਾਇਤ ਕੀਤੀ ਕਿ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾਵੇ। ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਦੀ ਵਿਕਰੀ ਨਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਦੀ ਵਿਕਰੀ ਕਰਦਾ ਜਾਂ ਕੋਈ ਵੀ ਪਤੰਗਬਾਜ਼ ਇਸ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj