(ਸਮਾਜ ਵੀਕਲੀ)
ਬਚਪਨ
ਬਚਪਨ ਮੌਜ ਪਿਆਰੀ ਹੁੰਦੀ।
ਉਮਰ ਏਸ ‘ਸਰਦਾਰੀ’ ਹੁੰਦੀ।
ਗੁੜ ਵਰਗੀਆਂ ਲੱਗਣ ਖੇਡਾਂ
ਸ਼ੱਕਰ ਵਰਗੀ ਯਾਰੀ ਹੁੰਦੀ।
ਘਰ ਕਦੇ ਨਾ ਵੜਦੇ ਆਪਾਂ,
ਹਾਕ ਨਾ ਮਾਂ ਨੇ ਮਾਰੀ ਹੁੰਦੀ।
ਕੋਠੇ ਛੱਤਾਂ ਟੱਪਦੇ ਰਹੀਏ,
ਬਾਜਾਂ ਵਾਂਗ ਉਡਾਰੀ ਹੁੰਦੀ।
ਮਿੱਟੀ ਦੇ ਨਾਲ ਲਿੱਬੜੇ ਹੁੰਦੇ,
ਬੋਤਲ ਦੀ ਪਿਚਕਾਰੀ ਹੁੰਦੀ।
ਲੁਕਣਮੀਚੀਆਂ ਖੇਡੀ ਜਾਂਦੇ,
ਆਈ ਗਿੱਲ ਦੀ ਵਾਰੀ ਹੁੰਦੀ।
ਡੰਡਾ ਚੁੱਕ ਕੇ ਪਿੱਛੇ ਬੇਬੇ,
‘ਫਿੰਨੋ’ ਤੇ ‘ਕਰਤਾਰੀ’ ਹੁੰਦੀ।
ਫੁੱਲਾਂ ਵਾਂਗ ਕਿਤਾਬਾਂ ਹੁੰਦੀਆਂ,
ਬੈਗ ਨਾ ਸਾਡੀ ਭਾਰੀ ਹੁੰਦੀ।
ਗਲੀਆਂ ਦੀ ਅੱਜ ਰੌਣਕ ਹੁੰਦੇ,
ਜੇ ਨਾ ‘ਫੋਨ ਬਿਮਾਰੀ’ ਹੁੰਦੀ।
ਕੀ ਲੈਣਾ ਸੀ ‘ਪੱਬ ਜੀ’ ਕੋਲੋਂ,
ਜੇ ਨਾ ਸੋਚ ਬਾਜ਼ਾਰੀ ਹੁੰਦੀ।
ਬੰਬੂਕਾਟ ਨਾ ਬਣਦੇ ਮੌਤਾਂ,
ਸਾਇਕਲ ਘਰੇ ਖਲ੍ਹਾਰੀ ਹੁੰਦੀ।
ਬਾਪੂ ਦਾ ਜੇ ਸਾਇਕਲ ਹੁੰਦਾ,
ਬੇਬੇ ਦੀ ਫੁਲਕਾਰੀ ਹੁੰਦੀ।
ਮੇਲੇ ਨੂੰ ਵੀ ਜਾਣਾ ਹੁੰਦਾ,
ਕੀਤੀ ਖੂਬ ਤਿਆਰੀ ਹੁੰਦੀ।
ਬੇਅੰਤ ਗਿੱਲ ਦੇ ਗੀਤਾਂ ਵਾਂਗੂੰ,
ਬਾਲਾਂ ਦੀ ਕਿਲਕਾਰੀ ਹੁੰਦੀ।
ਬੇਅੰਤ ਗਿੱਲ ਭਲੂਰ
99143/81958