
ਕਪੂਰਥਲਾ (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ ) – ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਮੱਗਰ ਸਿਖਿਆ ਅਭਿਆਨ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਮਵੇਸ਼ੀ ਸਿੱਖਿਆ ਸਬੰਧੀ ਇਕ ਰੋਜ਼ਾ ਟਰੇਨਿੰਗ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮਮਤਾ ਬਜਾਜ ਦੀ ਅਗਵਾਈ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਡਾ. ਬਲਵਿੰਦਰ ਸਿੰਘ ਬੱਟੂ ਦੀ ਦੇਖ-ਰੇਖ ਹੇਠ ਲਗਾਈ ਗਈ। ਟ੍ਰੇਨਿੰਗ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਜ਼ਿਲਾ ਸਿਖਿਆ ਅਫਸਰ ਐਲੀਮੈਂਟਰੀ ਮਮਤਾ ਬਜਾਜ ਨੇ ਸ਼ਿਰਕਤ ਕੀਤੀ । ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਚੁਨੌਤੀ ਗ੍ਰਸਤ ਵਿਦਿਆਰਥੀਆਂ ਦੀ ਦੇਖਭਾਲ ਨੂੰ ਸਮਾਜ ਸੇਵਾ ਦਾ ਭਾਗ ਦੱਸਿਆ ਅਤੇ ਉਹਨਾਂ ਨੂੰ ਮੁੱਖ ਧਾਰਾ ‘ਚ ਸ਼ਾਮਿਲ ਕਰਕੇ ਰੋਜ਼ਾਨਾ ਜੀਵਨ ਸੁੱਖਮਈ ਬਸਰ ਕਰ ਸਕਣ ਲਈ ਯੋਗ ਬਨਾਉਣ ਤੇ ਜ਼ੋਰ ਦਿਤਾ। ਡੀਐਸਈ ਆਈ ਆਈ ਈ ਡੀ ਸੈਲ ਅਰਚਨਾ ਸੁਮਨ ਦੇ ਸੁਚਾਰੂ ਪ੍ਰਬੰਧਾਂ ਹੇਠ ਲਗਾਈ ਇਸ ਟ੍ਰੇਨਿੰਗ ‘ਚ ਬਲਾਕ ਰਿਸੋਰਸ ਪਰਸਨ ਜਤਿੰਦਰ ਕੁਮਾਰ, ਰੀਤੂ , ਗੀਤਾ ਰਾਣੀ , ਕਿਰਨਪਾਲ ਸਿੰਘ , ਜਸਵੀਰ ਸਿੰਘ ਅਤੇ ਰਾਜੀਵ ਪਠਾਨੀਆ ਨੇ ਚੁਣੌਤੀ ਗ੍ਰਸਤ ਬੱਚਿਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਉਪਰੰਤ, ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਸਬੰਧੀ ਵੱਖ ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ। ਇੰਚਾਰਜ ਆਈਡੀ ਸੈਲ ਅਰਚਨਾ ਸੁਮਨ ਨੇ ਚੁਣੌਤੀ ਗ੍ਰਸਤ ਬੱਚਿਆਂ ਨੂੰ ਆਉਣ ਵਾਲੀ ਸਮੱਸਿਆਵਾਂ ਅਤੇ ਇਹਨਾਂ ਦੇ ਅਧਿਕਾਰਾਂ ਬਾਰੇ ਸਮੂਹ ਸੀਐਚਟੀਜ਼ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।


