(ਸਮਾਜ ਵੀਕਲੀ)
ਐਤਵਾਰ ਦਾ ਨਾਂ ਸੁਣਕੇ ਹੀ ਚਿਹਰਾ ਖਿੜ ਜਾਂਦਾ ਸੀ,
ਬਚਪਨ ਦਾ ਹਰ ਸੁਪਨਾ ਉਸ ਦਿਨ ਨਾਲ ਜੁੜ ਜਾਂਦਾ ਸੀ।
ਨਾ ਸਕੂਲ ਦੀ ਚਿੰਤਾ, ਨਾ ਹੋਮਵਰਕ ਦਾ ਡਰ,
ਸਿਰਫ਼ ਮੌਜਾਂ ਹੀ ਮੌਜਾਂ ਹੁੰਦੀਆਂ ਸਨ ਹਰ ਪਹਰ।
ਸਵੇਰੇ ਦੇਰ ਨਾਲ ਉੱਠਣਾ ਵੀ ਇੱਕ ਸੁੱਖ ਸੀ,
ਮਾਂ ਦੇ ਹੱਥਾਂ ਦੀ ਚਾਹ ਵਿੱਚ ਵੱਖਰਾ ਹੀ ਰੰਗ ਰੂਪ ਸੀ।
ਪਿਉ ਨਾਲ ਬਜ਼ਾਰ ਜਾਣ ਦਾ ਚਾਉ ਬੜਾ ਹੁੰਦਾ ਸੀ,
ਛੋਟੀ ਜਿਹੀ ਚੀਜ਼ ਮਿਲ ਕੇ ਵੀ ਦਿਲ ਖੁਸ਼ ਹੁੰਦਾ ਸੀ।
ਯਾਰਾਂ ਨਾਲ ਗਲੀਆਂ ਵਿੱਚ ਰੌਲਾ ਪਾਉਂਦੇ ਸੀ,
ਹੱਸਦੇ-ਹੱਸਦੇ ਨਿੱਕੇ ਨਿੱਕੇ ਪਲ ਬਿਤਾਉਂਦੇ ਸੀ।
ਦੁਪਹਿਰ ਦੀ ਨੀਂਦ ਵੀ ਬੜੀ ਸੋਹਣੀ ਲੱਗਦੀ ਸੀ,
ਦਾਦੀ ਦੀਆਂ ਗੱਲਾਂ ਵਿੱਚ ਦੁਨੀਆ ਵੱਸਦੀ ਸੀ।
ਸ਼ਾਮ ਨੂੰ ਛੱਤ ਉੱਤੇ ਬੈਠ ਹਵਾ ਖਾਂਦੇ ਸੀ,
ਚੰਨ ਨੂੰ ਵੇਖ ਕੇ ਕਿੰਨੇ ਸੁਪਨੇ ਸਜਾਂਦੇ ਸੀ।
ਹੁਣ ਐਤਵਾਰ ਤਾਂ ਆਉਂਦਾ ਹਰ ਵਾਰੀ ਏ,
ਪਰ ਉਹ ਬਚਪਨ ਕਿੱਥੇ ਮੁੜ ਕੇ ਆਉਣ ਵਾਲਾ ਏ।
*ਚੌਪੜੇ*’ਜ਼ਿੰਦਗੀ ਦੀ ਦੌੜ ਨੇ ਸਭ ਕੁਝ ਬਦਲ ਦਿੱਤਾ,
ਪਰ ਯਾਦਾਂ ਨੇ ਅੱਜ ਵੀ ਦਿਲ ਵਿੱਚ ਘਰ ਕੀਤਾ।
ਬਚਪਨ ਵਾਲਾ ਐਤਵਾਰ ਸਿਰਫ਼ ਦਿਨ ਨਹੀਂ ਸੀ,
ਖੁਸ਼ੀਆਂ ਦੇ ਪਲ ਦਾ ਸਭ ਤੋਂ ਸੋਹਣਾ ਅਹਿਸਾਸ ਸੀ।
ਪੱਤਰਕਾਰ ਬਲਵੀਰ ਚੌਪੜਾ ਗੜ੍ਹਸ਼ੰਕਰ


