ਸਮਾਜ ਵੀਕਲੀ ਯੂ ਕੇ
(ਪੂਰੇ ਸਕੂਲ ਦੀ ਚੰਗੀ ਤਰਾਂ ਜਾਂਚ ਕਰ ਲਈ ਹੈ,ਕੋਈ ਸ਼ੱਕੀ ਵਸਤੂ ਬ੍ਰਾਮਦ ਨਹੀਂ ਹੋਈ,ਲੋਕੀਂ ਅਫਵਾਹਾਂ ਵੱਲ ਧਿਆਨ ਨਾ ਦੇਣ : ਇੰਸ. ਬਲਜੀਤ ਸਿੰਘ )
ਅਮਰਗੜ੍ਹ 18 ਮਈ (ਕੁਲਵੰਤ ਸਿੰਘ ਮੁਹਾਲੀ)- ਵਿੱਦਿਅਕ ਖੇਤਰ ਅੰਦਰ ਅਮਰਗੜ੍ਹ ਏਰੀਆ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਧੂਰੀ ਰੋਡ ਤੇ ਸਥਿਤ ਬ੍ਰੇਨਟਰੀ ਵਰਲਡ ਸਕੂਲ ਵਿੱਚ ਅੱਜ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਸਕੂਲ ਦੇ ਅਧਿਕਾਰਤ ਮੇਲ ਉਪਰ ਸਵੇਰੇ ਲੱਗਪਗ 8:45 ਕੁ ਵਜੇ ਇਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਦੀ ਸੂਚਨਾ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਪ੍ਰਿੰ. ਡਾ.ਗੁਰਦੀਪ ਸਿੰਘ ਵੱਲੋਂ ਦੇਣ ਤੋਂ ਬਾਅਦ ਅਮਰਗੜ੍ਹ ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਹੀ ਅਮਰਗੜ੍ਹ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਵੱਡੀ ਗਿਣਤੀ ਪੁਲਿਸ ਪਾਰਟੀ ਅਤੇ ਐਂਟੀ ਸਾਬੋਟੇਜ ਟੀਮ ਸਮੇਤ ਸਕੂਲ ਵਿੱਚ ਪਹੁੰਚੇ ਅਤੇ ਉਨ੍ਹਾਂ ਉਹਨਾਂ ਨੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।ਇਸ ਮੌਕੇ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਰਤਦਿਆਂ ਸਕੂਲ ਚ ਖੜ੍ਹੀਆਂ ਸਾਰੀਆਂ ਬੱਸਾਂ ਤੇ ਹੋਰਨਾਂ ਵਹੀਕਲਾਂ ਦੀ ਜਾਂਚ ਕਰਵਾਈ ਗਈ, ਉਨ੍ਹਾਂ ਇਸ ਸਰਚ ਅਪ੍ਰੇਸ਼ਨ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ।
ਸਰਚ ਅਪ੍ਰੇਸ਼ਨ ਪੂਰਾ ਹੋਣ ਉਪਰੰਤ ਮੌਕੇ ਤੇ ਪਹੁੰਚੇ ਐਸ.ਐਚ.ਓ ਇੰਸ. ਬਲਜੀਤ ਸਿੰਘ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਅਤੇ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਧਮਕੀ ਭਰੀ ਈਮੇਲ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ,ਕੁੱਝ ਸ਼ਰਾਰਤੀ ਅਨਸਰ ਇਲਾਕੇ ਦਾ ਮਾਹੌਲ ਖਰਾਬ ਕਰਨ ਲਈ ਅਜਿਹੇ ਘਟੀਆ ਹੱਥਕੰਡੇ ਅਪਣਾ ਰਹੇ ਹਨ, ਜਿਸਦੀ ਸਾਈਬਰ ਸੈੱਲ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਧਮਕੀ ਭੇਜਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਐਸ ਐਚ ਓ ਅਮਰਗੜ੍ਹ ਨੇ ਇਹ ਵੀ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਕਈ ਹੋਰਨਾਂ ਸਕੂਲਾਂ ਨੂੰ ਵੀ ਅਜਿਹੇ ਧਮਕੀ ਭਰੇ ਈਮੇਲ ਮਿਲੇ ਹਨ। ਉਨ੍ਹਾਂ ਕਿਹਾ ਕਿ ਐਂਟੀ ਸਾਬੋਟੇਜ ਟੀਮ ਨੇ ਪੂਰੇ ਸਕੂਲ ਕੰਪਲੈਕਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਹੈ,ਪਰ ਕੋਈ ਵੀ ਸ਼ੱਕੀ ਵਸਤੂ ਬ੍ਰਾਮਦ ਨਹੀਂ ਹੋਈ।ਉਨ੍ਹਾਂ ਕਿਹਾ ਕਿ ਸਰਚ ਅਭਿਆਨ ਕਰਨ ਨਾਲ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਿੱਚ ਧਮਕੀ ਭਰੀ ਮੇਲ ਆਉਣ ਤੋਂ ਬਾਅਦ ਜੋ ਡਰ ਅਤੇ ਸਹਿਮ ਦਾ ਮਹੌਲ ਪੈਦਾ ਹੋਇਆ ਸੀ ਉਹ ਹੁਣ ਖ਼ਤਮ ਹੋ ਜਾਵੇਗਾ।ਥਾਣਾ ਮੁੱਖੀ ਇੰਸ.ਬਲਜੀਤ ਸਿੰਘ ਨੇ ਮੀਡੀਆ ਰਾਹੀਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਜਿਹੀਆਂ ਫੋਕੀਆਂ ਤੇ ਝੂਠੀਆਂ ਅਫਵਾਹਾਂ ਵੱਲ ਬਹੁਤਾ ਧਿਆਨ ਨਾ ਦੇਣ ਅਤੇ ਸ਼ਾਂਤੀ ਬਣਾਈ ਰੱਖਣ।
ਇਸ ਮੌਕੇ ਸਕੂਲ ਚੇਅਰਮੈਨ ਆਰ.ਪੀ. ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਜਿਆਦਾ ਮਹੱਤਵ ਰੱਖਦੀ ਹੈ, ਜਿਸ ਨੂੰ ਲੈਕੇ ਸਕੂਲ ਪ੍ਰਬੰਧਨ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਚੌਕਸੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੈ,ਸਕੂਲ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣਗੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਅਫਵਾਹਾਂ ਦੀ ਪਰਵਾਹ ਨਾ ਕਰਨ, ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਇਸ ਮੌਕੇ ਚੇਅਰਮੈਨ ਆਰ ਪੀ ਗੋਇਲ, ਐਮ.ਡੀ.ਬਲਦੇਵ ਕੁਮਾਰ, ਮੈਨੇਜਮੈਂਟ ਮੈਂਬਰ ਸੁਰਿੰਦਰ ਪਾਲ ਜੁੱਗੀ, ਪ੍ਰਿੰਸੀਪਲ ਡਾ ਗੁਰਦੀਪ ਸਿੰਘ, ਜਸਵੀਰ ਸਿੰਘ ਜੱਸੀ, ਜੱਗੀ ਸਿੰਘ ਹੀਰਾ ਇੰਟਰਨੈਸਨਲ ਗਰੁੱਪ ਅਮਰਗੜ੍ਹ, ਡਾ ਪ੍ਰਿੰਕਲ,ਵਰੁਣ ਸਿੰਗਲਾ, ਹੈਪੀ ਜਿੰਦਲ, ਮਣੀ, ਸਤਵਿੰਦਰ ਸਿੰਘ ਮੋਨਾ,ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ,ਪੁਲਿਸ ਅਧਿਕਾਰੀ ਅਤੇ ਸਕੂਲ ਸਟਾਫ਼ ਮੌਜੂਦ ਸਨ।



