ਜਲੰਧਰ/ਕਪੂਰਥਲਾ (ਸਮਾਜ ਵੀਕਲੀ): ਕਪੂਰਥਲਾ ਜ਼ਿਲ੍ਹੇ ’ਚ ਲੰਘੇ ਐਤਵਾਰ ਵਾਪਰੀ ਕਥਿਤ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਪੁਲੀਸ ਨੇ ਗੁਰਦੁਆਰਾ ਸਾਹਿਬ ਨਿਜ਼ਾਮਪੁਰ ਮੋੜ ਦੇ ਮੁੱਖ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੂੰ ਕਤਲ ਦੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ 100 ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅਮਰਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਹੈ। ਉਧਰ ਅਮਰਜੀਤ ਸਿੰਘ ਦਾ ਪਰਿਵਾਰ ਕਿਸੇ ਨੂੰ ਬਿਨਾਂ ਕੁਝ ਦੱਸੇ ਕੋਤਵਾਲੀ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਆਪਣਾ ਸਾਮਾਨ ਟੈਂਪੂ ਵਿੱਚ ਲੱਦ ਕੇ ਕਿਤੇ ਚਲਾ ਗਿਆ। ਪੁਲੀਸ ਨੇ ਮਗਰੋਂ ਗੁਰਦੁਆਰਾ ਸਾਹਿਬ ਨੂੰ ਤਾਲਾ ਜੜ ਦਿੱਤਾ। ਜਲੰਧਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦਿਨ ਗੋਲੀ ਵੀ ਚੱਲੀ, ਜਿਹੜੀ ਕਿ ਫਰਸ਼ ’ਤੇ ਲੱਗੀ ਸੀ। ਇਕ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ 25-30 ਤੇਜ਼ਧਾਰ ਹਥਿਆਰ ਹੋਰ ਵੀ ਹਨ ਜਿਹੜੇ ਅਜੇ ਬਰਾਮਦ ਕਰਨੇ ਹਨ। ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਦਰਜ ਐੱਫਆਈਆਰ ’ਚ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਥਾਣੇ ਦੇ ਐੱਸਐੱਚਓ ਦੀ ਜਾਂਚ ਤੋਂ ਬਾਅਦ ਜਿਹੜੀਆਂ ਧਾਰਾਵਾਂ ਜੋੜੀਆਂ ਗਈਆਂ ਹਨ ਉਨ੍ਹਾਂ ਵਿਚ 302, 307 ਅਸਲਾ ਐਕਟ 25-54-59 ਅਤੇ 353, 148, 149, 120ਬੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੀਡੀਓ ਤੇ ਫੋਟੋਆਂ ਤੋਂ ਬਾਕੀ ਰਹਿੰਦੇ ਕਥਿਤ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਚੇਤੇ ਰਹੇ ਕਿ 19 ਦਸੰਬਰ ਨੂੰ ਗੁਰਦੁਆਰਾ ਨਿਜ਼ਾਮਪੁਰ ਮੋੜ ਦੇ ਨਿਸ਼ਾਨ ਸਾਹਿਬ ਦੀ ਕਥਿਤ ਬੇਅਦਬੀ ਕੀਤੇ ਜਾਣ ਦੇ ਰੋਸ ਵਜੋਂ ਹਜ਼ੂਮ ਨੇ ਇਕ 20-22 ਸਾਲਾਂ ਦੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਪੁਲੀਸ ਨੇ ਕਪੂਰਥਲਾ ਵਾਲਾ ਮਸਲਾ ਹੱਲ ਕਰ ਲਿਆ ਹੈ। ਉਨ੍ਹਾਂ ਦੱਸਿਆ ਸੀ ਕਿ ਉਥੇ ਬੇਅਦਬੀ ਨਹੀਂ ਹੋਈ। ਇਸ ਦੌਰਾਨ ਅਮਰਜੀਤ ਸਿੰਘ ਦੇ ਸੀਨੀਅਰ ਪੁਲੀਸ ਅਧਿਕਾਰੀ ਨਾਲ ਨੇੜਲੇ ਸਬੰਧ ਹੋਣ ਦੇ ਵੀ ਚਰਚੇ ਹਨ। ਅਮਰਜੀਤ ਸਿੰਘ ਨੇ 19 ਦਸੰਬਰ ਨੂੰ ਫੇਸਬੁੱਕ ’ਤੇ ਲਾਈਵ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਬੇਅਦਬੀ ਕਰਨ ਦੇ ਇਰਾਦੇ ਨਾਲ ਇਕ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਆ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਫੜਿਆ ਹੋਇਆ ਹੈ।
ਇਸ ਲਾਈਵ ਵੀਡੀਓ ਵਿਚ ਅਮਰਜੀਤ ਸਿੰਘ ਲੋਕਾਂ ਨੂੰ ਸੱਦਾ ਦੇ ਰਿਹਾ ਹੈ ਕਿ ਇਸ ਵਿਅਕਤੀ ਨੂੰ ਪੁਲੀਸ ਹਵਾਲੇ ਨਹੀਂ ਕਰਨਾ ਸਗੋਂ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਦੇਣੀ ਹੈ। ਇਕ ਵਿਅਕਤੀ ਉਸ ਨੂੰ ਲਗਾਤਾਰ ਕੁੱਟ ਰਿਹਾ ਹੈ ਤੇ ਉਸ ਦੇ ਹੱਥ ਬੰਨ੍ਹੇ ਹੋਏ ਸਨ।
ਜਾਂਚ ਦੌਰਾਨ ਬੇਅਦਬੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ: ਆਈਜੀ
ਆਈਜੀ ਜੀਐੱਸ ਢਿੱਲੋਂ ਨੇ ਦੱਸਿਆ ਕਿ ਜਾਂਚ ਦੌਰਾਨ ਬੇਅਦਬੀ ਦੀ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ। ਹੋ ਸਕਦਾ ਹੈ ਕਿ ਉਕਤ ਸ਼ੱਕੀ ਵਿਅਕਤੀ ਚੋਰੀ ਦੇ ਇਰਾਦੇ ਨਾਲ ਆਇਆ ਸੀ ਜਾਂ ਕਿਸੇ ਹੋਰ ਇਰਾਦੇ ਨਾਲ। ਸ਼ੱਕੀ ਵਿਅਕਤੀ ਪਹਿਲਾਂ ਭੱਜ ਗਿਆ ਸੀ, ਉਸ ਨੂੰ ਦੁਬਾਰਾ ਫੜ ਕੇ ਲਿਆਂਦਾ। ਮੌਕੇ ’ਤੇ ਐੱਸਐੱਚਓ, ਡੀਐੱਸਪੀ, ਦੋ ਐੱਸਪੀ ਤੇ ਐੱਸਐੱਸਪੀ ਵੀ ਪਹੁੰਚੇ ਸਨ, ਪਰ ਭੀੜ ਨੇ ਉਹ ਨਿਹੱਥਾ ਨੌਜਵਾਨ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਘਟਨਾ ਵਿਚ ਤਿੰਨ ਪੁਲੀਸ ਵਾਲੇ ਵੀ ਜ਼ਖਮੀ ਹੋਏ ਸਨ। ਆਈਜੀ ਨੇ ਦਾਅਵਾ ਕੀਤਾ ਕਿ ਇਹ ਕਤਲ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly