ਚੰਨੀ ਦੋਵਾਂ ਹਲਕਿਆਂ ’ਚੋਂ ਹਾਰ ਰਹੇ ਨੇ: ਕੇਜਰੀਵਾਲ

Amritsar: Delhi Chief Minister & AAP convener Arvind Kejriwal with Punjab AAP President & CM candidate Bhagwant Mann, during a road show ahead of the Punjab Assembly elections, in Amritsar,

ਅੰਮ੍ਰਿਤਸਰ (ਸਮਾਜ ਵੀਕਲੀ):   ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਇਸ ਵਾਰ ਮੁੱਖ ਮੰਤਰੀ ਨਹੀਂ ਬਣ ਸਕਣਗੇ ਕਿਉਂਕਿ ਉਹ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਵਿਧਾਨ ਸਭਾ ਹਲਕਿਆਂ ਤੋਂ ਚੋਣ ਹਾਰ ਰਹੇ ਹਨ। ਕੇਜਰੀਵਾਲ ਇੱਥੇ ਅੰਮ੍ਰਿਤਸਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਹਨ ਅਤੇ 18 ਫਰਵਰੀ ਤਕ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਇੱਥੇ ਹੀ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ।

ਇਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲੋਂ ਪਿੱਛੇ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਥਿਤੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਤਿੰਨ ਵਾਰ ਇਨ੍ਹਾਂ ਹਲਕਿਆਂ ਵਿਚ ਸਰਵੇਖਣ ਕਰਵਾਇਆ ਗਿਆ ਹੈ, ਜਿੱਥੇ ਚਮਕੌਰ ਸਾਹਿਬ ਵਿਚ ‘ਆਪ’ ਉਮੀਦਵਾਰ 52 ਫੀਸਦ ਲੋਕਾਂ ਦੀ ਪਸੰਦ ਹੈ ਤੇ ਮੁੱਖ ਮੰਤਰੀ ਚੰਨੀ 35 ਫੀਸਦ ਲੋਕਾਂ ਦੀ ਪਸੰਦ ਹਨ। ਇਸੇ ਤਰ੍ਹਾਂ ਭਦੌੜ ਹਲਕੇ ਵਿਚ ‘ਆਪ’ ਉਮੀਦਵਾਰ 48 ਫੀਸਦ ਤੇ ਕਾਂਗਰਸੀ ਉਮੀਦਵਾਰ 30 ਫੀਸਦ ਲੋਕਾਂ ਦੀ ਪਸੰਦ ਹੈ। ਇਸ ਲਈ ਉਹ ਚੋਣ ਹਾਰ ਜਾਣ ਕਾਰਨ ਮੁੜ ਮੁੱਖ ਮੰਤਰੀ ਨਹੀਂ ਬਣ ਸਕਣਗੇ।

ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੇ ਲੋਕ ਉਨ੍ਹਾਂ ਤੋਂ ਖੁਸ਼ ਨਹੀਂ ਹਨ। ਦੋ ਵਾਰ ਵਿਧਾਇਕ ਬਣਨ ਦੇ ਬਾਵਜੂਦ ਵਿਕਾਸ ਨਹੀਂ ਹੋਇਆ ਅਤੇ ਇਲਾਕੇ ਵਿਚ ਗੈਰਕਾਨੂੰਨੀ ਖਣਨ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਦੀ ਵੀ ਸ਼ਮੂਲੀਅਤ ਹੈ। ਉਨ੍ਹਾਂ ਚੰਨੀ ਨੂੰ ਦਿੱਤੀ ਗਈ ਕਲੀਨ ਚਿੱਟ ’ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਹੀ ਭਰੋਸੇਯੋਗ ਅਧਿਕਾਰੀਆਂ ਕੋਲੋਂ ਜਾਂਚ ਕਰਵਾ ਕੇ ਕਲੀਨ ਚਿੱਟ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਮਗਰੋਂ ਇਸ ਮਾਮਲੇ ਦੀ ਮੁੜ ਜਾਂਚ ਕਰਵਾਈ ਜਾਵੇਗੀ। ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧੀ ਉਮੀਦਵਾਰਾਂ ਤੇ ਹੋਰਨਾਂ ਖ਼ਿਲਾਫ਼ ਵਰਤੀ ਜਾ ਰਹੀ ‘ਇਤਰਾਜ਼ਯੋਗ ਸ਼ਬਦਾਵਲੀ’ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਸਿੱਧੂ ਨੂੰ ਹੀ ਮੁਬਾਰਕ ਹੈ। ਉਨ੍ਹਾਂ ਪੰਜਾਬ ਵਿੱਚ ਕਾਂਗਰਸ ਨੂੰ ਹਰਾਉਣ ਅਤੇ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦਾ ਦਾਅਵਾ ਕੀਤਾ ਹੈ।

ਸਿੱਧੂ ਦਾ ‘ਪੰਜਾਬ ਮਾਡਲ’ ਕਾਂਗਰਸ ਨੇ ਪ੍ਰਵਾਨ ਹੀ ਨਹੀਂ ਕੀਤਾ: ਭਗਵੰਤ ਮਾਨ

ਨਵਜੋਤ ਸਿੰਘ ਸਿੱਧੂ ਦੇ ‘ਪੰਜਾਬ ਮਾਡਲ’ ਬਾਰੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਮਾਡਲ ਸਿਰਫ਼ ਸਿੱਧੂ ਦਾ ਹੈ ਨਾ ਕਿ ਪੰਜਾਬ ਕਾਂਗਰਸ ਦਾ ਹੈ। ਉਨ੍ਹਾਂ ਦੇ ਇਸ ਮਾਡਲ ਨੂੰ ਕਾਂਗਰਸ ਨੇ ਪ੍ਰਵਾਨ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਹੈ। ਉਹ ਹੁਣ ਸਿਰਫ਼ ਇੱਕ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਨ ਅਤੇ ਉਨ੍ਹਾਂ ਨੂੰ ਅਜਿਹੇ ਮਾਡਲ ਬਾਰੇ ਪਹਿਲਾਂ ਕਾਂਗਰਸ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਇਸ ਵੇਲੇ ਆਪਸੀ ਪਾਟੋਧਾੜ ਅਤੇ ਖਿੱਚੋਤਾਣ ਦਾ ਸ਼ਿਕਾਰ ਹੈ, ਜੋ ਪਾਰਟੀ ਖ਼ੁਦ ਇਕਜੁਟ ਨਹੀਂ ਹੋ ਸਕਦੀ, ਉਹ ਲੋਕਾਂ ਨੂੰ ਕਿਵੇਂ ਇਕਜੁੱਟ ਰੱਖ ਸਕਦੀ ਹੈ ਅਤੇ ਕਿਵੇਂ ਵਿਕਾਸ ਕਰਵਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਸਮੁੱਚੇ ਤੌਰ ’ਤੇ ਉਪਰ ਤੋਂ ਹੇਠਾਂ ਤਕ ਇਕਜੁੱਟ ਹੈ ਅਤੇ ਇਹੀ ਪੰਜਾਬ ਦਾ ਭਵਿੱਖ ਸੁਆਰ ਸਕਦੀ ਹੈ। ‘ਆਪ’ ਵੱਲੋਂ ਪੰਜਾਬ ਵਿਚ ਵਿਕਾਸ ਅਤੇ ਪੰਜਾਬੀਆਂ ਦੇ ਭਲੇ ਦੀ ਗਰੰਟੀ ਦਿੱਤੀ ਗਈ ਹੈ, ਜਿਸ ਨੂੰ ਪੂਰਾ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਮਾਲੀਆ ਵੀ ਇਕੱਠਾ ਕੀਤਾ ਜਾਵੇਗਾ। ਇਸ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਹਲਕਿਆਂ ਵਿਚ ਰੋਡ ਮਾਰਚ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰ ਪ੍ਰਦੇਸ਼ ਚੋਣਾਂ: ਸਵੇਰੇ 11 ਵਜੇ ਤੱਕ 23.03 ਫ਼ੀਸਦ ਵੋਟਿੰਗ
Next articleਸ਼ਾਹ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ