ਕੇਂਦਰ ਪਰਾਲੀ ਬਾਰੇ ਫੌਰੀ ਮੀਟਿੰਗ ਸੱਦੇ

New Delhi

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਕੇਂਦਰ ਨੂੰ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਰੁਝਾਨ ਨਾਲ ਨਜਿੱਠਣ ਲਈ ਕੋਈ ਵਿਧੀ ਤਿਆਰ ਕਰਨ ਲਈ ਦਿੱਲੀ ਦੇ ਗੁਆਂਢੀ ਰਾਜਾਂ ਦੀ ‘ਐਮਰਜੈਂਸੀ’ ਮੀਟਿੰਗ ਸੱਦਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿਗੜ ਚੁੱਕੀ ਹੈ। ਐਤਵਾਰ ਸਵੇਰੇ 8 ਵਜੇ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਗੰਭੀਰ ਸ਼੍ਰੇਣੀ ਵਿੱਚ 437 ’ਤੇ ਪਹੁੰਚ ਗਿਆ ਜਦੋਂ ਕਿ ਸ਼ਨਿੱਚਰਵਾਰ ਨੂੰ ਇਹ 449 ਸੀ। ਰਾਏ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੂਜੇ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਦਿੱਲੀ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਅੰਕੜਿਆਂ ਤੋਂ ਸਾਫ਼ ਜ਼ਾਹਰ ਹੈ।

ਉਨ੍ਹਾਂ ਕਿਹਾ ਕਿ ਹਵਾ ਦੀ ਗੁਣਵੱਤਾ ’ਤੇ ਦੀਵਾਲੀ ’ਤੇ ਪਟਾਕੇ ਫੂਕਣ ਦਾ ਪ੍ਰਭਾਵ ਵੀ ਪਿਆ ਪਰ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਿਹਾ ਹੈ। ਰਾਏ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਾਤਾਵਰਣ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੇ ਦਿੱਲੀ ਆਦਿ ਰਾਜਾਂ ਦੀ ‘ਐਮਰਜੈਂਸੀ’ ਮੀਟਿੰਗ ਸੱਦਣ ਲਈ ਕਿਹਾ ਹੈ ਤਾਂ ਜੋ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਅਤੇ ਹਵਾ ਪ੍ਰਦੂਸ਼ਣ ਦੇ ਮੁੱਦੇ ਨੂੰ ਹੱਲ ਕਰਨ ਲਈ ਯੋਜਨਾ ਬਣਾਉਣ ਲਈ ਕਿਹਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿਗਾੜਨ ਲਈ ਗੁਆਂਢੀ ਰਾਜਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਜ਼ਿੰਮੇਵਾਰ ਹੈ।

ਪਾਬੰਦੀ ਦੇ ਬਾਵਜੂਦ ਵੀਰਵਾਰ ਨੂੰ ਪਟਾਕੇ ਫੂਕਣ ਕਾਰਨ, ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ। ਇਸ ਦੇ ਨਾਲ ਹੀ ਤਿਉਹਾਰ ਤੋਂ ਬਾਅਦ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਪੰਜ ਸਾਲਾਂ ਵਿੱਚ ਸਭ ਤੋਂ ਮਾੜੀ ਰਹੀ। ਵੀਰਵਾਰ ਰਾਤ ਨੂੰ ਸ਼ਹਿਰ ਦਾ ਏਕਿਊਆਈ ਗੰਭੀਰ ਸ਼੍ਰੇਣੀ ਵਿੱਚ ਖਿਸਕ ਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰੀਅਨ ਖਾਨ ਨੂੰ ਅਗ਼ਵਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ ਸਮੀਰ ਵਾਨਖੇੜੇ: ਨਵਾਬ ਮਲਿਕ
Next articleਨਵਜੋਤ ਸਿੰਘ ਸਿੱਧੂ ਵਲੋਂ ਏਪੀਐੱਸ ਦਿਉਲ ’ਤੇ ਜਵਾਬੀ ਹਮਲਾ