ਆਰੀਅਨ ਖਾਨ ਨੂੰ ਅਗ਼ਵਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ ਸਮੀਰ ਵਾਨਖੇੜੇ: ਨਵਾਬ ਮਲਿਕ

Nawab Malik

ਮੁੰਬਈ (ਸਮਾਜ ਵੀਕਲੀ): ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਦੋਸ਼ ਲਾਇਆ ਕਿ ਉਹ ਫਿਰੌਤੀ ਲਈ ਬੌਲੀਵੁੱਡ ਅਦਾਕਾਰ ਸ਼ਾਹਰੁੱਖ ਖ਼ਾਨ ਦੇ ਲੜਕੇ ਆਰੀਅਨ ਖ਼ਾਨ ਨੂੰ ਅਗਵਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਨ੍ਹਾਂ ਸ਼ਾਹਰੁਖ ਨੂੰ ਅੱਗੇ ਆਉਣ ਅਤੇ ਅਨਿਆਂ ਖ਼ਿਲਾਫ਼ ਲੜਾਈ ਵਿੱਚ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਦਾਅਵਾ ਕੀਤਾ ਕਿ ਇਸ ਸਾਜ਼ਿਸ਼ ਪਿੱਛੇ ਭਾਜਪਾ ਦੇ ਮੁੰਬਈ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਮੋਹਿਤ ਭਾਰਤੀਆ ਦਾ ਦਿਮਾਗ਼ ਸੀ। ਐੱਨਸੀਬੀ ਦੀ ਟੀਮ ਨੇ ਪਿਛਲੇ ਮਹੀਨੇ ਵਾਨਖੇੜੇ ਦੀ ਅਗਵਾਈ ਵਿੱਚ ਆਰੀਅਨ ਖਾਨ ਨੂੰ ਕਰੂਜ਼ਸ਼ਿਪ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਕਥਿਤ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ।

ਬੰਬੇ ਹਾਈ ਕੋਰਟ ਨੇ ਬਾਅਦ ਵਿੱਚ ਆਰੀਅਨ ਖਾਨ ਨੂੰ ਜ਼ਮਾਨਤ ਦੇ ਦਿੱਤੀ। ਐੱਨਸੀਪੀ ਆਗੂ ਮਲਿਕ ਨੇ ਵਾਰ ਵਾਰ ਕਰੂਜ਼ ਡਰੱਗ ਛਾਪੇ ਨੂੰ ‘ਫਰਜ਼ੀ’ ਕਰਾਰ ਦਿੱਤਾ ਹੈ ਅਤੇ ਵਾਨਖੇੜੇ ’ਤੇ ਲਗਾਤਾਰ ਦੋਸ਼ ਲਾਏ ਹਨ। ਮੰਤਰੀ ਨੇ ਅੱਜ ਦਾਅਵਾ ਕੀਤਾ ਕਿ ਵਾਨਖੇੜੇ ਉਪ ਨਗਰ ਉਸ਼ੀਵਾੜਾ ਦੇ ਕਬਰਿਸਤਾਨ ਵਿੱਚ ਭਾਰਤੀਆ ਨੂੰ ਮਿਲਿਆ ਸੀ। ਉਨ੍ਹਾਂ ਕਿਹਾ, ‘‘ਇਹ ਵਾਨਖੇੜੇ ਦੀ ਖ਼ੁਸ਼ਕਿਸਮਤੀ ਹੀ ਹੈ ਕਿ ਉਸ ਸਮੇਂ ਪੁਲੀਸ ਦੇ ਸੀਸੀਟੀਵੀ ਖ਼ਰਾਬ ਹੋਣ ਕਾਰਨ ਫੁਟੇਜ ਨਹੀਂ ਮਿਲ ਸਕੇ। ਇਸ ਲਈ, ਡਰ ਦੇ ਮਾਰੇ ਵਾਨਖੇੜੇ ਨੇ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ।’’ ਐੱਨਸੀਪੀ ਆਗੂ ਨੇ ਦੋਸ਼ ਲਾਇਆ, ‘‘ਕਥਿਤ ਕਰੂਜ਼ ਰੇਵ ਪਾਰਟੀ ਫਿਰੌਤੀ ਲਈ ਆਰੀਅਨ ਖ਼ਾਨ ਨੂੰ ਅਗਵਾ ਕਰਨ ਦੀ ਸਾਜ਼ਿਸ਼ ਸੀ, ਜਿਸ ਦਾ ‘ਸਾਜ਼ਿਸ਼ਘੜਾ’ ਮੋਹਿਤ ਭਾਰਤੀਆ ਸੀ।’’

ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀਆ ਨੇ ਆਪਣੇ ਰਿਸ਼ਤੇਦਾਰ ਰਿਸ਼ਭ ਸੱਚਦੇਵਾ ਰਾਹੀਂ ਆਰੀਅਨ ਖ਼ਾਨ ਨੂੰ ਅਗਵਾ ਕਰਨ ਦਾ ਜਾਲ ਵਿਛਾਇਆ ਸੀ। ਉਨ੍ਹਾਂ ਕਿਹਾ, ‘‘25 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ 18 ਕਰੋੜ ਵਿੱਚ ਸੌਦਾ ਤੈਅ ਹੋਇਆ। 50 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ। ਸੌਦਾ ਟੁੱਟ ਗਿਆ ਕਿਉਂਕਿ ਕੇਪੀ ਗੋਸਾਵੀ (ਕਰੂਜ਼ ਡਰੱਗ ਕੇਸ ਵਿੱਚ ਐੱਨਸੀਬੀ ਦਾ ਗਵਾਹ) ਦੀ ਹਿਰਾਸਤ ਦੌਰਾਨ ਲਈ ਗਈ ਆਰੀਅਨ ਨਾਲ ਸੈਲਫ਼ੀ ਵਾਇਰਲ ਹੋ ਗਈ ਸੀ।’’ ਉਨ੍ਹਾਂ ਦੋਸ਼ ਲਾਇਆ ਕਿ ਭਾਰਤੀਆ ਵੀ ਵਾਨਖੇੜੇ ਦੀ ‘ਨਿੱਜੀ ਫੌਜ’ ਦਾ ਮੈਂਬਰ ਸੀ ਅਤੇ ਪੱਤਰਕਾਰ ਆਰਕੇ ਬਜਾਜ ਤੇ ਐਡਵੋਕੇਟ ਪ੍ਰਦੀਪ ਨਾਂਬਿਆਰ ਵੀ ਇਸ ‘ਫੌਜ’ ਵਿੱਚ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਬਣਾਇਆ ਕਤਲਗਾਹ ?
Next articleਕੇਂਦਰ ਪਰਾਲੀ ਬਾਰੇ ਫੌਰੀ ਮੀਟਿੰਗ ਸੱਦੇ