“ਓਮ ਜੈ ਜਗਦੀਸ਼ ਹਰੇ” ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਹਾੜਾ ਮਨਾਇਆ 

ਜਲੰਧਰ, ਫਿਲੌਰ, ਚੰਡੀਗੜ੍ਹ (ਜੱਸੀ)-ਦੁਨੀਆਂ ਭਰ ਵਿੱਚ ਜਿੱਥੇ ਕਿਤੇ ਵੀ ਹਿੰਦੂ ਮੰਦਿਰ ਦੀ ਸਥਾਪਨਾ ਹੋਈ ਹੈ, ਓਥੇ ਹਰ ਰੋਜ਼ ਸਵੇਰੇ-ਸ਼ਾਮ ‘ਓਮ ਜੈ ਜਗਦੀਸ਼ ਹਰੇ’ ਦੀ ਆਰਤੀ ਗੂੰਜਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਆਰਤੀ ਦੇ ਰਚੈਤਾ ਸ਼ਰਧਾ ਰਾਮ ਫਿਲੌਰੀ, ਫਿਲੌਰ ਜਿਲਾ ਜਲੰਧਰ ਪੰਜਾਬ ਦੇ ਰਹਿਣ ਵਾਲੇ ਸਨ। ਕਈ ਥਾਵਾਂ ’ਤੇ ਇਸ ਦੇ ਨਾਲ ‘ਕਹਤ ਸ਼ਿਵਾਨੰਦ ਸਵਾਮੀ’ ਜਾਂ ‘ਕਹਤ ਹਰੀਹਰ ਸਵਾਮੀ’ ਸੁਣ ਕੇ ਲੋਕ ਕਿਸੇ ਨਾ ਕਿਸੇ ਸ਼ਿਵਾਨੰਦ ਜਾਂ ਹਰਿਹਰ ਸਵਾਮੀ ਨੂੰ ਇਸ ਦਾ ਲੇਖਕ ਮੰਨਦੇ ਹਨ; ਪਰ ਸੱਚਾਈ ਇਹ ਹੈ ਕਿ ਇਸ ਦੇ ਮੂਲ ਲੇਖਕ ਪੰਡਿਤ ਸ਼ਰਧਾ ਰਾਮ ਫਿਲੌਰੀ ਸਨ। ਆਰਤੀ ਦੀ ਇੱਕ ਪੰਗਤੀ ਵਿੱਚ ਉਨ੍ਹਾਂ ਦੇ ਨਾਮ ਦਾ ਉੱਲੇਖ ਆਉਂਦਾ ਹੈ, ‘ਸ਼ਰਧਾ ਭਗਤੀ ਬਢਾਓ…।’ ਫਿਲੌਰ ਵਿਖੇ ਅੱਜ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਬਾਲਾ ਜੀ ਸੇਵਾ ਸੰਘ ਵਲੋਂ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸਮਾਗਮ ਦੌਰਾਨ ਬੋਲਦਿਆਂ ਬਾਲਾ ਜੀ ਸੇਵਾ ਸੰਘ ਦੇ ਅਹੁੱਦੇਦਾਰਾਂ ਤੇ ਸਮਾਜ ਸੇਵਕਾਂ ਰਿੰਕੂ ਪਾਸੀ, ਵਿਨੋਦ ਭਾਰਦਵਾਜ ਆਸ਼ੂ ਕਪੂਰ, ਸੰਜੀਵ ਸਹਿਗਲ, ਭੈਵਭ ਸ਼ਰਮਾ, ਬਿੱਲਾ ਜੀ ਨੇ ਦੱਸਿਆ ਕਿ ਪੰਡਿਤ ਸ਼ਰਧਾ ਰਾਮ ਜੀ ਦਾ ਜਨਮ 30 ਸਤੰਬਰ, 1837 ਨੂੰ ਪੰਜਾਬ ’ਚ ਸਤਲੁਜ ਦਰਿਆ ਦੇ ਕੰਢੇ ਵਸੇ ਫਿਲੌਰ ਸ਼ਹਿਰ ਵਿੱਚ ਪੰਡਿਤ ਜੈਦਿਆਲੂ ਜੋਸ਼ੀ ਅਤੇ ਸ਼੍ਰੀਮਤੀ ਵਿਸ਼ਨੂੰ ਦੇਵੀ ਦੇ ਘਰ ਹੋਇਆ। ਸ਼ਰਧਾਰਾਮ ਜੀ ਹਿੰਦੀ, ਪੰਜਾਬੀ, ਉਰਦੂ, ਸੰਸਕਿ੍ਰਤ, ਗੁਰਮੁਖੀ ਆਦਿ ਕਈ ਭਾਸ਼ਾਵਾਂ ਦੇ ਜਾਣਕਾਰ ਸਨ। ਸ਼ਰਧਾ ਰਾਮ ਫਿਲੌਰੀ ਇੱਕ ਪ੍ਰਸਿੱਧ ਵਿਦਵਾਨ, ਪ੍ਰਚਾਰਕ, ਸਮਾਜ ਸੁਧਾਰਕ, ਸੁਤੰਤਰਤਾ ਸੈਨਾਨੀ ਅਤੇ ਹਿੰਦੀ ਦੇ ਪਹਿਲੇ ਨਾਵਲਕਾਰ ਸਨ। ਸ਼ਰਧਾਰਾਮ ਜੀ ਮੁੱਖ ਤੌਰ ’ਤੇ ਕਹਾਣੀਕਾਰ ਅਤੇ ਸਾਹਿਤਕਾਰ ਸਨ। ਇਕ ਉੱਤਮ ਬੁਲਾਰੇ ਹੋਣ ਦੇ ਨਾਲ-ਨਾਲ ਉਹ ਗੀਤਾ, ਭਾਗਵਤ, ਰਾਮਾਇਣ, ਮਹਾਂਭਾਰਤ ਆਦਿ ਦੇ ਉਪਦੇਸ਼ ਦੇਣ ਸਮੇਂ ਉਨ੍ਹਾਂ ਵਿਚ ਵਰਣਿਤ ਯੁੱਧ ਦੀਆਂ ਘਟਨਾਵਾਂ ਨੂੰ ਬਹੁਤ ਹੀ ਸਪਸ਼ਟਤਾ ਨਾਲ ਬਿਆਨ ਕਰਦੇ ਸਨ। ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਪੰਡਿਤ ਸ਼ਰਧਾਰਾਮ ਜੀ ਦੀ ਮੌਤ 24 ਜੂਨ, 1881 ਨੂੰ ਸਿਰਫ 44 ਸਾਲ ਦੀ ਛੋਟੀ ਉਮਰ ਵਿੱਚ ਹੋ ਗਈ ਸੀ ਪਰ ਉਹਨਾਂ ਨੇ ‘ਓਮ ਜੈ ਜਗਦੀਸ ਹਰੇ’ ਆਰਤੀ ਗਾ ਕੇ ਆਪਣੇ ਆਪ ਨੂੰ ਅਮਰ ਕਰ ਲਿਆ। ਉਨਾਂ ਦੁਆਰਾ ਲਿਖਤ ਆਰਤੀ “ਓਮ ਜੈ ਜਗਦੀਸ਼ ਹਰੇ” ਦੁਨੀਆਂ ਭਰ ਵਿੱਚ ਗਾਈ ਜਾ ਰਹੀ ਹੈ ਤੇ ਵਰਲਡ ਪੱਧਰ ਤੇ ਫਿਲੌਰ ਨੂੰ ਇੱਕ ਨਿਵੇਕਲੀ ਪਛਾਣ ਮਿਲੀ ਹੈ। ਅੱਜ ਉਨਾਂ ਦਾ ਜਨਮ ਦਿਨ ਬਾਲਾ ਜੀ ਸੇਵਾ ਸੰਘ ਵਲੋਂ ਸ਼ਰਧਾਪੂਰਵਕ ਮਨਾਇਆ ਗਿਆ ਤੇ ਉਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ  ਹਵਨਯੱਗ ਕਰਵਾਇਆ ਗਿਆ ਤੇ ਪੰਡਿਤ ਜੀ ਵਲੋਂ ਲਿਖਤ ਆਰਤੀ “ਓਮ ਜੈ ਜਗਦੀਸ਼ ਹਰੇ” ਦਾ ਗੁਣਗਾਣ ਵੀ ਕੀਤਾ ਗਿਆ ਤੇ ਉਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਸਮਾਗਮ ਦੌਰਾਨ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ, ਰਿੰਕੂ ਪਾਸੀ, ਆਸ਼ੂ ਕਪੂਰ, ਸੰਜੀਵ ਸਹਿਗਲ, ਭੈਵਭ ਸ਼ਰਮਾ, ਬਿੱਲਾ ਜੀ ਤੇ ਹੋਰ ਮੋਹਤਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ / ਮੇਰਾ ਕਮਰਾ
Next articleਬੱਚਿਓ ਆਓ ਜਾਣੀਏ ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਐਨੀ ਬੇਸੈਂਟ ਬਾਰੇ