ਟੈਂਕੀਆਂ ’ਤੇ ਚੜ੍ਹਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ: ਚੰਨੀ

ਬਰਨਾਲਾ (ਸਮਾਜ ਵੀਕਲੀ) : ਬਰਨਾਲਾ ਹਲਕੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਮੈਰੀਲੈਂਡ ਪੈਲੇਸ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਹਲਕੇ ਵਿੱਚ ਪਹਿਲੀ ਵਾਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਰੂ-ਬ-ਰੂੂ ਹੋਏ। ਅੱਜ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਫੇਰੀ ਦਾ ਵਿਰੋਧ ਕੀਤਾ ਗਿਆ। ਇਨ੍ਹਾਂ ਰੋਸ ਮੁਜ਼ਾਹਰਿਆਂ ਕਾਰਨ ਮੁੱਖ ਮੰਤਰੀ ਨੂੰ ਨਿਰਧਾਰਤ ਥਾਂ ’ਤੇ ਪਹੁੰਚਣ ਲਈ ਲਿੰਕ ਸੜਕਾਂ ਦਾ ਸਹਾਰਾ ਲੈਣਾ ਪਿਆ। ਮੁੱਖ ਮੰਤਰੀ ਨੇ ਤਪਾ ’ਚ ਸੰਬੋਧਨ ਕਰਦਿਆਂ ਟੈਂਕੀਆਂ ’ਤੇ ਚੜ੍ਹਨ ਵਾਲੇ ਬੇਰੁਜ਼ਗਾਰਾਂ ਨੂੰ ਚਿਤਾਵਨੀ ਦਿੱਤੀ ਕਿ ਪ੍ਰਦਰਸ਼ਨਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ ਪਰ ਟੈਂਕੀਆਂ ’ਤੇ ਚੜ੍ਹਨ ਵਾਲਿਆਂ ਅਤੇ ਧਰਨਾਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਹੀ ਤੁਰੇ ਫਿਰਦੇ ਹਨ ਅਤੇ ਕਦੇ ਚੰਗੀ ਤਰ੍ਹਾਂ ਸੌਂ ਕੇ ਵੀ ਨਹੀਂ ਵੇਖਿਆ।

ਇਸੇ ਦੌਰਾਨ ਰੁਜ਼ਗਾਰ ਪ੍ਰਾਪਤੀ ਤੇ ਪੱਕੇ ਰੁਜ਼ਗਾਰ ਦੀ ਮੰਗ ਸਬੰਧੀ 10 ਦਿਨਾਂ ਤੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਹੜਤਾਲ ਕਰ ਰਹੇ ਐੱਨਐੱਚਐੱਮ ਕਾਮਿਆਂ, 29 ਦਿਨਾਂ ਤੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ’ਚ ਟੈਂਕੀ ’ਤੇ ਚੜ੍ਹੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਲੰਮੇ ਸਮੇਂ ਤੋਂ ਪੱਕੇ ਮੋਰਚੇ ’ਤੇ ਬੈਠੇ ਕੱਚੇ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਨੂੰ ਬਰਨਾਲਾ ਫੇਰੀ ਮੌਕੇ ਮਿਲ ਕੇ ਆਪਣੀਆਂ ਮੰਗਾਂ ਦੱਸਣ ਦਾ ਯਤਨ ਕੀਤਾ ਪਰ ਪੁਲੀਸ ਮੁਲਾਜ਼ਮਾਂ ਨੇ ਬੇਰੁਜ਼ਗਾਰ ਤੇ ਕੱਚੇ ਮੁਲਾਜ਼ਮਾਂ ਨੂੰ ਰਾਹ ਵਿਚ ਰੋਕ ਦਿੱਤਾ ਅਤੇ ਖਿੱਚ-ਧੂਹ ਕੀਤੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਖ਼ਿਲਾਫ਼ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਕਾਰਕੁਨਾਂ ਨੇ ਡੀਸੀ ਦਫ਼ਤਰ ਬਰਨਾਲਾ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਬਰਨਾਲਾ ’ਚ ਸ੍ਰੀ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਿਅੰਗ ਕੱਸਦਿਆਂ ਕਿਹਾ ‘ਲੋਕ ਕਹਿੰਦੇ ਹਨ ਕਿ ਕੈਪਟਨ ਕਦੇ ਜਾਗਦੇ ਹੀ ਨਹੀਂ ਸਨ ਤੇ ਚੰਨੀ ਸੌਂਦਾ ਹੀ ਨਹੀਂ।’

ਉਨ੍ਹਾਂ ਆਖਿਆ ਕਿ ਪੰਜਾਬ ਦਾ ਕੋਈ ਵੀ ਬੰਦਾ ਆਪਣੀ ਸਮੱਸਿਆ ਸਬੰਧੀ ਉਨ੍ਹਾਂ ਨੂੰ ਕਿਸੇ ਵੀ ਵੇਲੇ ਮਿਲ ਸਕਦਾ ਹੈ। ਵਿਰੋਧੀਆਂ ਵੱਲੋਂ ਸਿਰਫ਼ ਐਲਾਨ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਬਿਜਲੀ ਬਕਾਇਆ ਬਿੱਲ ਮੁਆਫ਼ ਕੀਤੇ ਅਤੇ ਪੈਟਰੋਲ ਤੇ ਡੀਜ਼ਲ ਦੇ ਭਾਅ ਘਟਾਏ ਹਨ। ਹੁਣ ਕੇਬਲ ਦੇ ਰੇਟ ਵੀ ਘਟਾਏ ਜਾਣਗੇ, ਜਿਸ ’ਤੇ ਬਾਦਲਾਂ ਦੇ ਖਾਸਮ ਖਾਸ ਵਿਅਕਤੀ ਕਬਜ਼ਾ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਿਰਫ਼ ਡਰਾਮੇਬਾਜ਼ ਪਾਰਟੀ ਹੈ ਤੇ ਕੇਜਰੀਵਾਲ ਸਿਰਫ਼ ਗੱਲਾਂ ਦਾ ਕੜਾਹ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ’ਤੇ ਉਸ ਦੇ ਆਪਣੇ ਵਿਧਇਕਾਂ ਨੂੰ ਹੀ ਭਰੋਸਾ ਨਹੀਂ ਹੈ ਜਿਸ ਕਾਰਨ ਇਸ ਦੇ 11 ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਉਨ੍ਹਾਂ ਬਾਦਲਾਂ ’ਤੇ ਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਦੇ ਨਾਲ-ਨਾਲ ਸਿੱਖ ਪੰਥ ਨਾਲ ਵੀ ਧੋਖਾ ਕਰ ਰਿਹਾ ਹੈ।

ਕੇਵਲ ਢਿੱਲੋਂ ਵੱਲੋਂ ਬਰਨਾਲਾ ਹਲਕੇ ਦੇ ਵਿਕਾਸ ਲਈ 10 ਕਰੋੜ ਦੀ ਮੰਗ ਕਰਨ ’ਤੇ ਸ੍ਰੀ ਚੰਨੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਦਸ ਨਹੀਂ ਸਗੋਂ ਪੰਦਰਾਂ ਕਰੋੜ ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਹਲਕੇ ਦੀਆਂ ਸੜਕਾਂ ਲਈ 10 ਕਰੋੜ ਰੁਪਏ ਵੱਖਰੇ ਤੌਰ ’ਤੇ ਦੇਣ ਦਾ ਐਲਾਨ ਕੀਤਾ। ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਮੀਤ ਹੇਅਰ ਕਾਂਗਰਸ ’ਚ ਸ਼ਾਮਲ ਹੋਣ ਜਾ ਰਿਹਾ ਹੈ ਤੇ ‘ਆਪ’ ਦੇ ਕਈ ਹੋਰ ਵਿਧਾਇਕ ਕਾਂਗਰਸ ਦਾ ਪੱਲਾ ਫੜਨ ਲਈ ਤਿਆਰ ਬੈਠੇ ਹਨ। ਇਸ ਦੇ ਜਵਾਬ ’ਚ ‘ਆਪ’ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਝਾੜੂ ਦੇ ਨਿਸ਼ਾਨ ’ਤੇ ਕਾਂਗਰਸੀ ਉਮੀਦਵਾਰ ਨੂੰ ਹਰਾਇਆ ਸੀ। ਮੀਤ ਹੇਅਰ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਬਲਵੀਰ ਸਿੰਘ ਸਿੱਧੂ ਕਾਂਗਰਸ ਦੀ ਟਿਕਟ ’ਤੇ ਬਰਨਾਲਾ ਤੋਂ ਖ਼ੁਦ ਚੋਣ ਲੜ ਕੇ ਦੇਖ ਲੈਣ ਪਤਾ ਲੱਗ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਕਰ ਕੁਝ ਨਹੀਂ ਕੀਤਾ ਤਾਂ ਕਾਹਦਾ ਡਰ: ਸਿੱਧੂ
Next articleਸਰਦ ਰੁੱਤ ਸੈਸ਼ਨ ਵਿਚ ਕਾਂਗਰਸ ਨਾਲ ਤਾਲਮੇਲ ਨਹੀਂ ਕਰੇਗੀ ਟੀਐੱਮਸੀ