ਸਰਦ ਰੁੱਤ ਸੈਸ਼ਨ ਵਿਚ ਕਾਂਗਰਸ ਨਾਲ ਤਾਲਮੇਲ ਨਹੀਂ ਕਰੇਗੀ ਟੀਐੱਮਸੀ

ਕੋਲਕਾਤਾ (ਸਮਾਜ ਵੀਕਲੀ) : ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਉਹ ਸੰਸਦ ਦੇ ਅਗਾਮੀ ਸਰਦ ਰੁੱਤ ਸੈਸ਼ਨ ਦੌਰਾਨ ਕਾਂਗਰਸ ਨਾਲ ‘ਤਾਲਮੇਲ’ ਕਰਨ ਵਿਚ ‘ਦਿਲਚਸਪੀ ਨਹੀਂ ਰੱਖਦੀ’ ਪਰ ਨਾਲ ਹੀ ਕਿਹਾ ਕਿ ਇਹ ਹੋਰਨਾਂ ਵਿਰੋਧੀ ਧਿਰਾਂ ਨਾਲ ਵੱਖ-ਵੱਖ ਮੁੱਦਿਆਂ ਉਤੇ ਸਹਿਯੋਗ ਕਰੇਗੀ। ਅਜਿਹੇ ਮੁੱਦੇ ਜੋ ਲੋਕਾਂ ਦੇ ਹਿੱਤ ਨਾਲ ਜੁੜੇ ਹੋਏ ਹਨ। ਇਕ ਤ੍ਰਿਣਮੂਲ ਆਗੂ ਨੇ ਕਿਹਾ ਕਿ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਦੀ ਅਗਵਾਈ ’ਚ 29 ਨਵੰਬਰ ਨੂੰ ਹੋਣ ਜਾ ਰਹੀ ਵਿਰੋਧੀ ਧਿਰਾਂ ਦੀ ਮੀਟਿੰਗ ਵਿਚ ਟੀਐਮਸੀ ਦੇ ‘ਹਿੱਸਾ ਨਾ ਲੈਣ ਦੀ ਕਾਫ਼ੀ ਸੰਭਾਵਨਾ ਹੈ’। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਖੜਗੇ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕਾਂਗਰਸ ਸਰਦ ਰੁੱਤ ਸੈਸ਼ਨ ਵਿਚ ਸਾਰੇ ਵਿਰੋਧੀ ਕੈਂਪਾਂ ਨਾਲ ਤਾਲਮੇਲ ਕਰੇਗੀ ਜਿਨ੍ਹਾਂ ਵਿਚ ਟੀਐਮਸੀ ਵੀ ਸ਼ਾਮਲ ਹੈ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਬਣੀ ਖਿੱਚੋਤਾਣ ਦਰਮਿਆਨ ਟੀਐਮਸੀ ਨੇ ਕਾਂਗਰਸ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਨ੍ਹਾਂ ਨੂੰ ‘ਢੁੱਕਵਾਂ ਅੰਦਰੂਨੀ ਤਾਲਮੇਲ ਕਰ ਕੇ ਆਪਣਾ ਘਰ ਸੁਆਰਨਾ ਚਾਹੀਦਾ ਹੈ।’

ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਨਾਲ ਹੀ ਕਿਹਾ ਕਿ ‘ਕਾਂਗਰਸ ਦੇ ਆਗੂਆਂ ਵਿਚ ਭਾਜਪਾ ਦਾ ਟਾਕਰਾ ਕਰਨ ਦੀ ਇੱਛਾ ਸ਼ਕਤੀ ਨਹੀਂ ਹੈ।’ ਟੀਐਮਸੀ ਆਪਣੀ ਕੌਮੀ ਤਾਲਮੇਲ ਕਮੇਟੀ ਦੀ ਮੀਟਿੰਗ 29 ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੀ ਰਿਹਾਇਸ਼ ਉਤੇ ਕਰੇਗੀ। ਇਸ ਮੌਕੇ ਪਾਰਟੀ ਅਗਾਮੀ ਸਰਦ ਰੁੱਤ ਸੈਸ਼ਨ ਦੀ ਆਪਣੀ ਰਣਨੀਤੀ ਉਤੇ ਚਰਚਾ ਕਰੇਗੀ। ਇਸ ਤੋਂ ਪਹਿਲਾਂ ਪਾਰਟੀ ਦੇ ਰਾਜ ਸਭਾ ਵਿਚ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਸੀ ਕਿ ਪਾਰਟੀ ਐਮਐੱਸਪੀ ਬਾਰੇ ਕਾਨੂੰਨ ਬਣਾਉਣ, ਈਡੀ ਤੇ ਸੀਬੀਆਈ ਡਾਇਰੈਕਟਰਾਂ ਦਾ ਕਾਰਜਕਾਲ ਵਧਾਉਣ, ਬੀਐੱਸਐਫ ਦਾ ਅਧਿਕਾਰ ਖੇਤਰ ਵਧਾਉਣ, ਸੰਘੀ ਢਾਂਚੇ ਨੂੰ ਕਮਜ਼ੋਰ ਕਰਨ, ਮਹਿੰਗਾਈ ਤੇ ਨਿੱਜੀਕਰਨ ਜਿਹੇ ਮੁੱਦੇ ਉਠਾਏਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੈਂਕੀਆਂ ’ਤੇ ਚੜ੍ਹਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ: ਚੰਨੀ
Next articleਕੇਜਰੀਵਾਲ ਵੱਲੋਂ ਕਰੋਨਾ ਦੇ ਨਵੇਂ ਸਰੂਪ ਤੋਂ ਪ੍ਰਭਾਵਿਤ ਮੁਲਕਾਂ ’ਚੋਂ ਆਉਂਦੀਆਂ ਉਡਾਣਾਂ ਰੋਕਣ ਦੀ ਅਪੀਲ