HOME *ਮਾਮਲਾ ਪੰਜਾਬ ‘ਚ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਦਾ*

*ਮਾਮਲਾ ਪੰਜਾਬ ‘ਚ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਦਾ*

2

 *ਯੂਨਾਈਟਿਡ ਸਿੱਖਜ਼ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਲਈ ਆਰੰਭ ਕਰੇਗੀ ਜਾਗਰੂਕ ਮੁਹਿੰਮ* 

 ਪੰਜਾਬ ਰਾਜ ਨੂੰ ਤੰਬਾਕੂ ਮੁਕਤ ਬਣਾਉਣ ਲਈ  ਜਾਗਰੂਕ ਹੋਣ ਦੀ ਲੋੜ-ਅੰਮ੍ਰਿਤਪਾਲ ਸਿੰਘ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸੰਸਾਰ ਪੱਧਰ ਤੇ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਪੰਜਾਬ ਦੀ ਧਰਤੀ ਨੂੰ ਤੰਬਾਕੂ ਮੁਕਤ ਕਰਨ ਲਈ ਵੱਡੇ ਪੱਧਰ ਤੇ ਆਪਣੀ ਜਾਗਰੂਕ ਮੁਹਿੰਮ ਆਰੰਭ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼ ਅਤੇ ਸ੍ਰ: ਭੁਪਿੰਦਰ ਸਿੰਘ ਮੱਕੜ ਨੇ ਅੱਜ ਪੱਤਰਕਾਰਾਂ ਦੇ ਨਾਲ ਵਿਸੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਕਟੋਰੇਵਾਲ ਦੀ ਪੰਚਾਇਤ ਵੱਲੋਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਜੋ ਮਤਾ ਪਾਸ ਕਰਕੇ, ਪਿੰਡ ਦੀਆਂ ਦੁਕਾਨਾਂ ਅੰਦਰ ਤੰਬਾਕੂ, ਜ਼ਰਦਾ, ਬੀੜੀ, ਸਿਗਰਟ ਤੇ ਕੂਲਲਿਪ ਆਦਿ ਸਮੇਤ ਹਾਨੀਕਾਰਕ ਐਨਰਜੀ ਡਰਿੰਕ ਵੇਚਣ ਤੇ ਪੂਰਨ ਪਾਬੰਦੀ ਲਗਾਈ ਹੈ। ਸਾਡੀ ਸੰਸਥਾ ਉਸ ਦਾ ਪੁਰਜ਼ੋਰ ਸਮੱਰਥਨ ਕਰਦੀ ਹੈ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਜਾਣਕਾਰੀ ਦੇਂਦਿਆਂ ਕਿਹਾ ਕਿ ਪੀਜੀਆਈ ਚੰਡੀਗੜ੍ਹ ਦੀ ਸਟੱਡੀ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੀ ਤੰਬਾਕੂਨੋਸ਼ੀ ਮੁਕਤ ਐਲਾਨਿਆ ਗਿਆ ਹੈ। ਜਿਸਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਜਨਤਕ ਥਾਵਾਂ ਉੱਤੇ ਤੰਬਾਕੂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹਨਾਂ ਜ਼ਿਲ੍ਹਿਆਂ ਵਿੱਚ 739 ਪਿੰਡ ਅਜਿਹੇ ਹਨ ਜਿਹਨਾਂ ਨੇ ਪੰਚਾਇਤ ਪੱਧਰ ‘ਤੇ ਮਤਾ ਪਾਸ ਕਰਕੇ ਆਪੋ-ਆਪਣੇ ਪਿੰਡਾਂ ਨੂੰ ਤੰਬਾਕੂ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੋਣ ਦੇ ਉਪਰਾਲਿਆ ਨਾਲ 739 ਪਿੰਡ ਤੰਬਾਕੂ ਮੁਕਤ ਹੋ ਗਏ ਅਤੇ ਉਕਤ ਪੰਚਾਇਤਾਂ ਵੱਲੋਂ ਲਿਖ ਕੇ ਬੋਰਡ ਵੀ ਲਗਾਏ ਗਏ ਹਨ ਕਿ ਤੁਸੀਂ ਤੰਬਾਕੂਨੋਸ਼ੀ ਰਹਿਤ ਪਿੰਡ ਵਿੱਚ ਦਾਖ਼ਲ ਹੋ ਰਹੇ ਹੋ, ਪਿੰਡ ਦੀ ਹਦੂਦ ਅੰਦਰ ਤੰਬਾਕੂਨੋਸ਼ੀ ਵਰਜਿਤ ਹੈ। ਇਹ ਪਿੰਡ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਹਨ। ਕਿਸੇ ਜ਼ਿਲ੍ਹੇ ਦੇ ਦੋ ਪਿੰਡਾਂ ਨੇ ਇਹ ਮਤਾ ਲਿਆਂਦਾ ਹੈ ਅਤੇ ਕਿਸੇ ਜ਼ਿਲ੍ਹੇ ਦੇ 4 ਪਿੰਡਾਂ, ਇਹਨਾਂ ਪਿੰਡਾਂ ਵਿੱਚ ਸਰਹੱਦੀ ਇਲਾਕੇ ਵੀ ਹਨ। ਪਰ ਦੂਜੇ ਪਾਸੇ ਪੰਜਾਬ ਰਾਜ ਅੰਦਰ ਸਾਢੇ ਬਾਰਾਂ ਹਜ਼ਾਰ ਦੇ ਕਰੀਬ ਪਿੰਡਾਂ ਦੀ ਗਿਣਤੀ ਹੈ। ਜਿਸਦੇ ਮੁਕਾਬਲੇ ਇਹਨਾਂ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਵਾਲੇ ਪਿੰਡਾਂ ਦੀ ਗਿਣਤੀ ਬਹੁਤ ਸੀਮਤ ਹੈ। ਜਿਸ ਦੇ ਲਈ ਵੱਡੀ ਪੱਧਰ ਤੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਤਾਂ ਹੀ ਪੰਜਾਬ ਦੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਤੰਬਾਕੂਨੋਸ਼ੀ ਦੇ ਰੁਝਾਨ ਤੋਂ ਬਚਾਇਆ ਜਾ ਸਕਦਾ ਹੈ। ਸ੍ਰ: ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਤੰਬਾਕੂਨੋਸ਼ੀ ਤੇ ਨਸ਼ਿਆਂ ਦੇ ਰੁਝਾਨ ਤੋਂ ਮੁਕਤ ਰਹਿਣ ਦੀ ਤਾਕੀਦ ਕੀਤੀ ਹੈ। ਸੋ ਅੱਜ ਲੋੜ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਾਰਥੱਕ ਢੰਗ ਨਾਲ ਮਨਾਉਦਿਆਂ ਹੋਇਆਂ ਸਮੂਹ ਪੰਜਾਬੀ ਪਿੰਡ ਪੱਧਰ ਤੋ ਪੰਜਾਬ ਰਾਜ ਨੂੰ ਤੰਬਾਕੂ ਮੁਕਤ ਬਣਾਉਣ ਲਈ ਜਾਗਰੂਕ ਮੁਹਿੰਮ ਆਰੰਭ ਕਰਨ ਤਾਂ ਹੀ ਸ਼ਤਾਬਦੀ ਮਨਾਉਣੀ ਸਫਲਾ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਇੱਕ ਪੁੱਛੇ ਗਏ ਸਵਾਲ ਦਾ ਜਵਾਬ ਦੇਂਦਿਆਂ ਹੋਇਆਂ ਕਿਹਾ ਕਿ ਪੰਜਾਬ ਅੰਦਰ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਲਈ ਵੱਡੇ ਪੱਧਰ ਆਰੰਭ ਹੋਣ ਵਾਲੀ ਜਾਗਰੂਕ ਪ੍ਰਚਾਰ ਮੁਹਿੰਮ ਵਿੱਚ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ ਆਪਣਾ ਪੂਰਨ ਰੂਪ ਵਿੱਚ ਸਹਿਯੋਗ ਪਾਉਣਗੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਇਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTHE DOPE TEST
Next articleਸੁਪਰ ਸਾਈਕਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ‘ਚ ਵਿਚਾਰੇ ਗਏ ਬੁਨਿਆਦੀ ਮੁੱਦੇ