HOME *ਮਾਮਲਾ ਪੁਰਾਤਨ ਵਿਰਾਸਤੀ ਇਮਾਰਤਾਂ ਨੂੰ ਯਾਦਗਾਰਾਂ ਦੇ ਰੂਪ ਵਜੋਂ ਸੰਭਾਲਣ ਦਾ*

*ਮਾਮਲਾ ਪੁਰਾਤਨ ਵਿਰਾਸਤੀ ਇਮਾਰਤਾਂ ਨੂੰ ਯਾਦਗਾਰਾਂ ਦੇ ਰੂਪ ਵਜੋਂ ਸੰਭਾਲਣ ਦਾ*

1

ਬੱਸੀ ਪਠਾਣਾਂ ਵਿਖੇ ਸਥਿਤ ਪੁਰਾਤਨ ਜੇਲ੍ਹ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ-ਯੂਨਾਈਟਿਡ ਸਿੱਖਜ਼

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਯੂਨਾਈਟਿਡ ਸਿੱਖਜ਼ ਸੰਸਥਾ ਨੇ ਪੰਜਾਬ ਸਰਕਾਰ ਦੇ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ, ਕਿ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮਨਾਉਣੀ ਤਾਂ ਹੀ ਸਾਰਥਕ ਸਿੱਧ ਹੋ ਸਕਦੀ ਹੈ, ਜੇਕਰ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸੰਬੰਧਿਤ ਪੁਰਾਤਨ ਤੇ ਇਤਿਹਾਸਕ ਯਾਦਗਾਰਾਂ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕਰਕੇ ਉਨ੍ਹਾਂ ਨੂੰ ਵਿਰਾਸਤੀ ਸਮਾਰਕਾਂ ਦਾ ਦਰਜਾ ਦਿੱਤਾ ਜਾਵੇ। ਇਸ ਮੁੱਦੇ ਸੰਬੰਧੀ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼ ਨੇ ਪੰਜਾਬ ਸਰਕਾਰ ਦਾ ਧਿਆਨ ਬੱਸੀ ਪਠਾਣਾਂ (ਜ਼ਿਲ੍ਹਾ ਫਤਿਹਗੜ੍ਹ) ਵਿਖੇ ਸਥਿਤ ਮੁਗਲ ਕਾਲ ਵੇਲੇ ਦੀ ਬਣੀ ਪੁਰਾਤਨ ਜ਼ੇਲ੍ਹ ਵੱਲ ਦਿਵਾਉਂਦਿਆਂ ਹੋਇਆਂ ਕਿਹਾ ਕਿ ਵੱਖ- ਵੱਖ ਪ੍ਰਮੁੱਖ ਸਿੱਖ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਉਪਰੰਤ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਤਖਤ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਆਪਣੇ ਪੰਜ ਸਿੱਖਾਂ ਨਾਲ ਰਵਾਨਾ ਹੋਏ ਤਾਂ ਰਸਤੇ ਵਿੱਚ ਰੋਪੜ ਪੁਲਿਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾਂ ਦੇ ਰਹਿਣ ਵਾਲੇ ਰੰਘੜਾਂ ਵੱਲੋਂ ਕੀਤੀ ਮੁਖਬਰੀ ਦੇ ਆਧਾਰ ਤੇ ਉਨ੍ਹਾਂ ਨੂੰ ਪਰਗਨਾ ਘਨੌਲਾ ਤੋਂ ਸੰਮਤ 1732 ਵਿੱਚ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਦੇ ਆਹਲਾ ਮੁਕੱਦਮ ਅੱਗੇ ਸਰਹੰਦ ਵਿੱਚ ਪੇਸ਼ ਕੀਤਾ ਅਤੇ ਉਸ ਨੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਬੱਸੀ ਪਠਾਣਾਂ ਦੀ ਉਕਤ ਇਤਿਹਾਸਕ ਜ਼ੇਲ੍ਹ ਅੰਦਰ ਬੰਦ ਕਰਨ ਦਾ ਹੁਕਮ ਦਿੱਤਾ, ਬੇਸ਼ੱਕ ਬਾਅਦ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਸੰਬੰਧੀ ਇਤਲਾਹ ਮਿਲਣ ਪਿੱਛੋਂ ਰਿਹਾਅ ਕਰਕੇ ਉਨ੍ਹਾਂ ਨੂੰ ਬਾਅਦਬ ਤਰੀਕੇ ਨਾਲ ਦਿੱਲੀ ਪੁੱਜਣ ਦੀ ਆਗਿਆ ਦੇ ਦਿੱਤੀ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਇਸ ਖਤ-ਉ- ਖਿਤਾਬਤ ਨੂੰ ਉਸ ਵੇਲੇ ਦੇ ਸਾਧਨਾਂ ਦੀ ਰਫਤਾਰ ਅਨੁਸਾਰ ਲਗਭਗ ਚਾਰ ਮਹੀਨੇ ਲੱਗ ਗਏ। ਇੰਜ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਾਥੀਆਂ ਸਮੇਤ ਬੱਸੀ ਪਠਾਣਾਂ ਦੀ ਜ਼ੇਲ੍ਹ ਦੇ ਕੈਦਖਾਨੇ ਅੰਦਰ 4 ਮਹੀਨੇ ਤੱਕ ਕੈਦ ਰਹੇ ਤੇ ਇੱਥੇ ਹੀ ਅਕਾਲ ਪੁਰਖ ਦੀ ਬੰਦਗੀ ਕੀਤੀ ਅਤੇ ਆਪਣੀ ਰਿਹਾਈ ਉਪਰੰਤ ਬਹਾਦਰਗੜ੍ਹ ਤੇ ਪਟਿਆਲੇ ਦੇ ਰਸਤੇ ਸੰਗਤਾਂ ਨੂੰ ਤਾਰਦੇ ਹੋਏ ਆਗਰੇ ਦੇ ਰਸਤੇ ਦਿੱਲੀ ਵੱਲ ਚਲੇ ਗਏ। ਸੋ ਬੱਸੀ ਪਠਾਣਾਂ ਜ਼ੇਲ੍ਹ ਦੀ ਇਤਿਹਾਸਕ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਅਤੇ ਇਸੇ ਮੁੱਦੇ ਸੰਬੰਧੀ ਪਿਛਲੇ ਸਮੇਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਰਹੂਮ ਸ੍ਰ: ਬੀਰ ਦਵਿੰਦਰ ਸਿੰਘ ਨੇ ਬੜੇ ਜ਼ੋਰ ਸ਼ੋਰ ਨਾਲ ਆਪਣੀ ਆਵਾਜ਼ ਬੁਲੰਦ ਕਰਦਿਆਂ ਹੋਇਆਂ ਬੱਸੀ ਪਠਾਣਾਂ ਦੀ ਇਤਿਹਾਸਕ ਜ਼ੇਲ੍ਹ ਨੂੰ ਵਿਰਾਸਤ ਦੇ ਰੂਪ ਵਜੋਂ ਸੰਭਾਲਣ ਦੀ ਗੁਹਾਰ ਲਗਾਈ ਸੀ ਅਤੇ ਪੁਰਾਤਨ ਜ਼ੇਲ੍ਹ ਦਾ ਸਮੁੱਚਾ ਕਬਜ਼ਾ ਪ੍ਰਾਪਤ ਕਰਨ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਸੀ। ਪਰ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ਾਂ ਦੀ ਅਦਾਇਗੀ ਪੂਰੀ ਸੁਹਿਰਦਤਾ ਨਾਲ ਨਹੀਂ ਕੀਤੀ ਅਤੇ ਪੰਜਾਬ ਸਰਕਾਰ ਨਾਲ ਲਿਖਤ ਪੜਤ ਕਰਨ ਦੀ ਆਪਣੀ ਪੈਰਵੀ ਯੋਜਨਾਬੱਧ ਢੰਗ ਨਾਲ ਨਾਂਹ ਕਰ ਸਕੀ ਅਤੇ ਨਾਂਹ ਹੀ ਦਿੱਲੀ ਦੀ ਕੋਤਵਾਲੀ ਵਾਂਗ ਹੀ ਬੱਸੀ ਪਠਾਣਾਂ ਦੀ ਜ਼ੇਲ੍ਹ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਸਥਾਪਿਤ ਕਰ ਸਕੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲੌਂ ਵੀ ਬੱਸੀ ਪਠਾਣਾਂ ਦੀ ਪੁਰਾਤਨ ਜ਼ੇਲ੍ਹ ਦੀ ਇਮਾਰਤ ਨੂੰ ਇੱਕ ਇਤਿਹਾਸਕ ਵਿਰਾਸਤ ਦੇ ਰੂਪ ਵਜੋਂ ਨਾਂਹ ਸੰਭਾਲਣ ਸਦਕਾ ਉਕਤ ਜ਼ੇਲ੍ਹ ਦੀਆਂ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰਕੇ ਹੌਲੀ ਹੌਲੀ ਖੇਰੂੰ ਖੇਰੂੰ ਹੋ ਰਹੀਆਂ ਹਨ। ਜਿਸ ਨੂੰ ਦੇਖ ਕੇ ਜਿੱਥੇ ਗੁਰੂ ਦੀਆਂ ਸੰਗਤਾਂ ਬੜੀਆਂ ਭਾਵੁਕ ਹੋ ਜਾਦੀਆਂ ਹਨ। ਸ੍ਰ: ਅੰਮ੍ਰਿਤਪਾਲ ਸਿੰਘ ਨੇ ਕਿਹਾ ਅੱਜ ਲੋੜ ਹੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਆਪਣੀ ਵਿਰਾਸਤ ਦੀ ਸੰਭਾਲ ਲਈ ਅੱਗੇ ਆਉਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਸੱਚਾ ਸਿੱਜਦਾ ਤੇ ਸਤਿਕਾਰ ਅਰਪਿਤ ਕਰਦਿਆਂ ਹੋਇਆਂ ਬੱਸੀ ਪਠਾਣਾਂ ਦੀ ਪੁਰਾਤਨ ਜ਼ੇਲ੍ਹ ਨੂੰ ਗੁਰੂ ਸਾਹਿਬ ਦੀ ਯਾਦ ਵਿੱਚ ਤਬਦੀਲ ਕਰਕੇ ਇਸ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ ਦਾ ਕਾਰਜ ਆਰੰਭ ਕਰਕੇ ਪੁਰਾਤੱਤਵ ਵਿਭਾਗ ਕੋਲੋਂ ਪੁਰਾਤਨ ਜ਼ੇਲ੍ਹ ਦੀ ਇਮਾਰਤ ਦੀ ਸੰਭਾਲ ਕਰਵਾਉਣ ਤਾਂ ਕਿ ਜ਼ੇਲ੍ਹ ਦੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖ ਕੇ ਪੁਰਾਣੀ ਇਤਿਹਾਸਕ ਦਿੱਖ ਬਰਕਰਾਰ ਰੱਖੀ ਜਾ ਸਕੇ।ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਬੱਸੀ ਪਠਾਣਾਂ ਸਹਿਰ ਨੂੰ ਪੰਜਾਬ ਦਾ ਸੈਰ ਸਪਾਟਾ ਵਿਭਾਗ ਵਿਰਾਸਤੀ ਟੂਰਿਜ਼ਮ ਯਾਤਰਾ ਦੇ ਨਕਸ਼ੇ ਉੱਪਰ ਵੀ ਲੈ ਕੇ ਆਉਣ ਲਈ ਯਤਨਸ਼ੀਲ ਹੋਵੇ ਤਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਅਤੇ ਟੂਰਿਸਟ ਆਪਣੀਆਂ ਵਿਰਾਸਤੀ ਇਮਰਤਾਂ ਨੂੰ ਨਿਹਾਰ ਕੇ ਆਪਣੇ ਇਤਿਹਾਸ ਨਾਲ ਜੁੜ ਸਕਣ। ਇਸ ਸਮੇਂ ਉਨ੍ਹਾਂ ਦੇ ਨਾਲ ਸ੍ਰ: ਭੁਪਿੰਦਰ ਸਿੰਘ ਮੱਕੜ ਅਤੇ ਯੂਨਾਈਟਿਡ ਸਿੱਖਜ਼ ਦੇ ਕਈ ਪ੍ਰਮੁੱਖ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਐਲਾਨੀ ਰਾਸ਼ੀ ਅਜੇ ਤੱਕ ਹੜ੍ਹ ਪੀੜਤਾਂ ਨੂੰ ਨਹੀਂ ਮਿਲੀ:-ਲੱਖੋਵਾਲ
Next articleSUNDAY SAMAJ WEEKLY = 12/10/2025