ਲੁਧਿਆਣਾ (ਸਮਾਜ ਵੀਕਲੀ): ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਹਲਾਕ ਗਏ ਪੰਜ ਦੋਸਤਾਂ ਵਿੱਚੋਂ ਦੋ ਨੌਜਵਾਨ ਲੁਧਿਆਣਾ ਨਾਲ ਸਬੰਧਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਨੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਦੇਹਾਂ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਜਾਨ ਗਵਾਉਣ ਵਾਲਿਆਂ ਵਿੱਚ ਇੱਕ ਨੌਜਵਾਨ ਸਨਅਤੀ ਸ਼ਹਿਰ ਦੇ ਰਾਹੋਂ ਰੋਡ ਦਾ ਵਾਸੀ ਹੈ ਤੇ ਦੂਜਾ ਡਾਬਾ ਰੋਡ ਦਾ ਹੈ।
ਦੱਸਣਯੋਗ ਹੈ ਕਿ ਇਹ ਹਾਦਸਾ ਐਤਵਾਰ ਨੂੰ ਕੈਨੇਡਾ ਵਿੱਚ ਵਾਪਰਿਆ ਸੀ। ਰਾਹੋਂ ਰੋਡ ਵਾਸੀ ਮੋਹਿਤ ਚੌਹਾਨ ਦੇ ਮਾਮਾ ਗੁਰਪ੍ਰੀਤ ਨੇ ਦੱਸਿਆ ਕਿ ਉਹ 1 ਜਨਵਰੀ 2021 ਨੂੰ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਮੌਂਟਰੀਅਲ ਦੇ ਇੱਕ ਕਾਲਜ ’ਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ। ਸ਼ਾਮ ਕਰੀਬ ਛੇ ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ ਚਾਰ ਵਜੇ ਦੇ ਕਰੀਬ) ਸਾਰੇ ਦੋਸਤ ਕੈਬ ਰਾਹੀਂ ਕਾਲਜ ਤੋਂ ਵਾਪਸ ਆ ਰਹੇ ਸਨ ਤਾਂ ਹਾਦਸਾ ਵਾਪਰ ਗਿਆ।
ਗੁਰਪ੍ਰੀਤ ਨੇ ਦੱਸਿਆ ਕਿ ਉਹ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਦੇਹਾਂ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਦਸੇ ਵਿੱਚ ਹਲਾਕ ਹੋਇਆ ਦੂਜਾ ਨੌਜਵਾਨ ਸ਼ਿਮਲਾਪੁਰੀ ਦੇ ਇੱਟਾਂ ਵਾਲਾ ਚੌਕ ਦਾ ਵਾਸੀ ਹਰਪ੍ਰੀਤ ਸਿੰਘ ਹੈ। ਹਰਪ੍ਰੀਤ ਸਿੰਘ ਦਾ ਪਿਤਾ ਸਰਬਜੀਤ ਸਿੰਘ ਕਾਰੋਬਾਰੀ ਹੈ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲੇ ਹੁਣ ਉਸ ਦੀ ਲਾਸ਼ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਲਈ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly