ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਮੂਹਿਕ ਤੌਰ ‘ਤੇ ਯਤਨ ਕਰਨ ਦੀ ਲੋੜ-ਬਾਬਾ ਬਲਬੀਰ ਸਿੰਘ ਸੀਚੇਵਾਲ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਮੂਹਿਕ ਤੌਰ ‘ਤੇ ਯਤਨ ਕਰਨੇ ਚਾਹੀਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਚ ਬੂਟਾ ਲਗਾਉਣ ਤੋਂ ਬਾਅਦ ਪ੍ਰੈੱਸ ਕਲੱਬ ਕਪੂਰਥਲਾ ਵਲੋਂ ਕਰਵਾਏ ਇਕ ਸੰਖੇਪ ਜਿਹੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਘਰ ਵਿਚ, ਪਿੰਡ ਵਿਚ ਤੇ ਇਲਾਕੇ ਵਿਚ ਰਹੀਏ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਆਲਮੀ ਪੱਧਰ ‘ਤੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕਦੇ ਬਾਰਸ਼ ਵੱਧ ਹੁੰਦੀ ਹੈ ਤੇ ਕਦੇ ਗਰਮੀ ਤੇ ਕਦੇ ਸੋਕਾ ਪੈ ਜਾਂਦਾ ਹੈ, ਇਹ ਸਭ ਕੁੱਝ ਗਲੋਬਲ ਵਾਰਮਿੰਗ ਕਰਕੇ ਹੀ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਪੰਜਾਬ ਦੇ 9 ਜ਼ਿਲਿ੍ਹਆਂ ਵਿਚ ਇਸਦਾ ਪ੍ਰਭਾਵ ਸਾਹਮਣੇ ਆਇਆ ਸੀ ਤੇ ਇਸ ਵਾਰ ਵੀ ਤਾਪਮਾਨ ਵਿਚ ਕਾਫ਼ੀ ਤਬਦੀਲੀ ਆਈ ਹੈ | ਬਾਬਾ ਸੀਚੇਵਾਲ ਨੇ ਕਿਹਾ ਕਿ ਇਸ ਲਈ ਅੱਜ ਲੋਕਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਪ੍ਰੈੱਸ ਕਲੱਬ ਵਲੋਂ ਵਣ ਮਹਾਂਉਤਸਵ ਦੇ ਸਬੰਧ ਵਿਚ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ, ਡੀ.ਐਸ.ਪੀ. ਦੀਪ ਕਰਨ ਸਿੰਘ, ਵਣ ਰੇਂਜ ਅਫ਼ਸਰ ਦਵਿੰਦਰਪਾਲ ਸਿੰਘ, ਬਾਬਾ ਸੀਚੇਵਾਲ ਦੇ ਨਿੱਜੀ ਸਹਾਇਕ ਪਾਲ ਸਿੰਘ ਨੌਲੀ, ਪ੍ਰੈੱਸ ਕਲੱਬ ਦੇ ਸਰਪ੍ਰਸਤ ਅਮਰਜੀਤ ਕੋਮਲ, ਜ਼ਿਲ੍ਹਾ ਚੇਅਰਮੈਨ ਨਵੀਨ ਓਬਰਾਏ, ਕਲੱਬ ਦੇ ਪ੍ਰਧਾਨ ਸੰਦੀਪ ਓਬਰਾਏ, ਜਨਰਲ ਸਕੱਤਰ ਅਮਰਜੀਤ ਸਿੰਘ ਸਡਾਨਾ, ਸੀਨੀਅਰ ਮੀਤ ਪ੍ਰਧਾਨ ਰਜਨੀਸ਼ ਚੌਧਰੀ ਤੇ ਅਮਰੀਕ ਸਿੰਘ ਮੱਲ੍ਹੀ, ਜ਼ਿਲ੍ਹਾ ਖ਼ਜ਼ਾਨਚੀ ਸਤਪਾਲ ਮਲਹੋਤਰਾ, ਡਿਪਟੀ ਕਮਿਸ਼ਨਰ ਦੇ ਪੀ.ਏ. ਦਵਿੰਦਰਪਾਲ ਸਿੰਘ ਅਹੂਜਾ, ਕਲੱਬ ਦੇ ਪ੍ਰੈੱਸ ਸਕੱਤਰ ਅਮਨਜੋਤ ਸਿੰਘ ਵਾਲੀਆ, ਸਕੱਤਰ ਗਗਨ ਬਹਿਲ, ਤੇ ਦੀਪਕ ਮਰਵਾਹਾ, ਸਹਾਇਕ ਸਕੱਤਰ ਚੰਦਨ ਮੜੀਆ, ਕਾਰਜਕਾਰੀ ਮੈਂਬਰ ਤਿਲਕਰਾਜ ਸ਼ਰਮਾ ਤੇ ਡੇਵਿਡ ਨੇ ਬੂਟੇ ਲਗਾਏ | ਇਸ ਮੌਕੇ ਦੇ ਆਪ ਦੇ ਕਪੂਰਥਲਾ ਹਲਕੇ ਦੇ ਸੰਗਠਨ ਸਕੱਤਰ ਪਰਵਿੰਦਰ ਸਿੰਘ ਢੋਟ, ਐਸ.ਡੀ.ਐਮ. ਦਫ਼ਤਰ ਤੋਂ ਕੁਲਜੀਤ ਸਿੰਘ, ਜੰਗਲਾਤ ਵਿਭਾਗ ਤੋਂ ਢਿਲਵਾਂ ਬੀਟ ਦੇ ਇੰਚਾਰਜ ਫੂਲਾ ਸਿੰਘ, ਕਪੂਰਥਲਾ ਬੀਟ ਦੇ ਇੰਚਾਰਜ ਜੌਲੀ, ਨਡਾਲਾ ਬੀਟ ਦੇ ਇੰਚਾਰਜ ਜਸਮੀਤ ਸਿੰਘ, ਮਨਸੂਰ ਅਲੀ, ਚੈਂਕੀ, ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਵਲੋਂ ਅਰਜਨ ਸਿੰਘ, ਅਸ਼ੋਕ ਕੁਮਾਰ, ਰਮੇਸ਼ ਲਾਲ, ਵਿਧਾਨ ਰਾਏ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਤੋਂ ਪਹਿਲਾਂ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ | ਸਮਾਗਮ ਦੀ ਸਮਾਪਤੀ ‘ਤੇ ਕਲੱਬ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਲੱਬ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


