ਬਲਾਚੌਰ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਦੇਸ਼ ਅੰਦਰ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਕਮਜ਼ੋਰ ਹੋ ਰਹੀ ਆਰਥਿਕਤਾ ਦੀ ਪ੍ਰਤੱਖ ਨਿਸ਼ਾਨੀ ਹੈ, ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਸਾਂਝਾ ਕਿਸਾਨ ਮਜ਼ਦੂਰ ਮੋਰਚਾ’ (ਸਬੰਧਤ ਭਾਈ ਲਾਲੋ ਲੋਕ ਮੰਚ) ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਏ ਦਾ ਲਗਾਤਾਰ ਟੁੱਟਣਾ ਅਤੇ ਸ਼ੇਅਰ ਬਾਜ਼ਾਰ ਦਾ ਡਾਵਾਂਡੋਲ ਹੋਣਾ ਦੇਸ਼ ਵਿੱਚ ਗੰਭੀਰ ਆਰਥਿਕ ਸੰਕਟ ਦਾ ਸੰਕੇਤ ਦੇ ਰਿਹਾ ਹੈ। ਪਰ ਦੂਜੇ ਪਾਸੇ ਹਾਕਮ ਧਿਰ ਅਤੇ ਕਾਰਪੋਰੇਟ ਵਿਕਾਸ ਦੇ ਮਾਡਲ ਦੇ ਪੈਰੋਕਾਰ ਲਗਾਤਾਰ ਝੂਠਾ ਪ੍ਰਚਾਰ ਕਰਕੇ ਅਤੇ ‘ਸ਼ਾਈਨਿੰਗ ਇੰਡੀਆ’ ਦਾ ਭੁਲੇਖਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਅੱਜ ਦੇਸ਼ ਅੰਦਰ ਅਮੀਰ ਅਤੇ ਗਰੀਬ ਪਾੜਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਦੇਸ਼ ਦੇ ਮੱਧ ਵਰਗ ਦਾ ਲਕੜਤੋੜ ਮਹਿੰਗਾਈ ਨੇ ਮਾਂਜਾ ਹੀ ਫੇਰ ਦਿੱਤਾ ਹੈ। ਆਰਥਿਕ ਅੰਕੜਿਆਂ ਦਾ ਹਵਾਲਾ ਦਿੰਦਿਆਂ ਸਾਥੀ ਰਾਣਾ ਨੇ ਦੱਸਿਆ ਕਿ ਪਿਛਲੇ 12 ਸਾਲਾਂ ਵਿੱਚ ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਕਮਜ਼ੋਰ ਹੋਇਆ ਹੈ। ਸਾਲ 2014 ਵਿੱਚ ਜਿੱਥੇ ਇੱਕ ਡਾਲਰ ਦੀ ਕੀਮਤ 57 ਰੁਪਏ ਸੀ, ਉੱਥੇ ਹੀ ਅੱਜ ਇਹ ਲਗਭਗ 96 ਰੁਪਏ ਦੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਹੀ ਭਾਰਤ ਦਾ ਰੁਪਈਆ 6 ਫੀਸਦੀ ਤੱਕ ਕਮਜ਼ੋਰ ਹੋਇਆ ਹੈ, ਜਦਕਿ ਇਸ ਦੇ ਮੁਕਾਬਲੇ ਗੁਆਂਢੀ ਦੇਸ਼ ਪਾਕਿਸਤਾਨ ਦਾ ਰੁਪਈਆ ਅੱਧਾ ਫੀਸਦੀ ਅਤੇ ਸਿੰਗਾਪੁਰ ਦਾ ਡਾਲਰ ਤੇ ਚੀਨ ਦਾ ਯੁਆਨ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਦੇਸ਼ ਅੰਦਰ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਦੇਸੀ ਅਤੇ ਵਿਦੇਸ਼ੀ ਨਿਵੇਸ਼ਕ ਇੱਥੋਂ ਪਲਾਇਨ ਕਰ ਜਾਣਗੇ, ਜਿਸ ਨਾਲ ਆਰਥਿਕ ਸਥਿਤੀ ਹੋਰ ਵੀ ਸੰਕਟਮਈ ਹੋ ਜਾਵੇਗੀ। ਸਾਥੀ ਕਰਨ ਸਿੰਘ ਰਾਣਾ ਨੇ ਆਧੁਨਿਕ ਤਕਨਾਲੋਜੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਨਵੀਂ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੇ ਖੇਤਰ ਵਿੱਚ ਵੱਡਾ ਨਿਵੇਸ਼ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਅਮਰੀਕਾ AI ਤਕਨੀਕ ‘ਤੇ 500 ਅਰਬ ਡਾਲਰ ਅਤੇ ਚੀਨ 80 ਅਰਬ ਡਾਲਰ ਖਰਚ ਕਰ ਰਿਹਾ ਹੈ, ਉੱਥੇ ਹੀ ਭਾਰਤ ਸਿਰਫ਼ 2 ਅਰਬ ਡਾਲਰ ਹੀ ਖਰਚ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਧੁਨਿਕ ਤਕਨੀਕ ਤੋਂ ਬਿਨਾਂ ਕੌਮਾਂਤਰੀ ਪੱਧਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਦੇਸ਼ ਵਿੱਚ ਡਾਲਰ ਆਉਣਗੇ, ਇਸ ਲਈ ਤਕਨਾਲੋਜੀ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਅਖੀਰ ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅੰਦਰ ਧਾਰਮਿਕ ਖੌਰੂ-ਖੱਪਾ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਤੁਰੰਤ ਬੰਦ ਕਰਕੇ, ਦੇਸ਼ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਸਾਰੇ ਸੁਹਿਰਦ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਝੂਠ ਅਤੇ ਪ੍ਰਚਾਰ ਤੰਤਰ ਦਾ ਸਹਾਰਾ ਥੋੜ੍ਹ-ਚਿਰਾ ਹੁੰਦਾ ਹੈ, ਇਸ ਲਈ ਦੇਸ਼ ਦੀ ਪ੍ਰਗਤੀ ਲਈ ਆਰਥਿਕਤਾ ਦਾ ਮਜ਼ਬੂਤ ਹੋਣਾ ਅਤੀ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਥੀ ਪ੍ਰਕਾਸ਼ ਸਿੰਘ ਅਤੇ ਪ੍ਰਤਾਪ ਰਾਣਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



