ਸਮਾਜ ਵੀਕਲੀ ਯੂ ਕੇ-
ਜਲੰਧਰ, 5 ਜਨਵਰੀ (ਜੱਸਲ)- ਅੱਜ ਬੁੱਧ ਵਿਹਾਰ ਟਰੱਸਟ (ਰਜਿ.) ਸੋਫੀ ਪਿੰਡ ਵਲੋਂ ਆਪਣੇ ਪਿੰਡ ਵਿੱਚ ਬਣੇ ਬੁੱਧ ਵਿਹਾਰ ਵਿਖੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਬੜੇ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਕਿਹਾ ਕਿ ਕ੍ਰਾਂਤੀਜੋਤੀ ਮਾਤਾ ਸਵਿੱਤਰੀ ਬਾਈ ਫੂਲੇ ਭਾਰਤ ਦੇ ਪਹਿਲੇ ਦਲਿਤ ਮਹਿਲਾ ਅਧਿਆਪਕਾ ਸਨ, ਜਿਨਾਂ ਨੇ ਇੱਕ ਜਨਵਰੀ 1848 ਵਿੱਚ ਪੂਨੇ ਵਿਖੇ ਲੜਕੀਆਂ ਲਈ ਸਿੱਖਿਆ ਵਾਸਤੇ ਪਹਿਲਾ ਸਕੂਲ ਖੋਲ੍ਹਿਆ। ਭਾਵੇਂ ਵਿਰੋਧੀ ਉਸ ‘ਤੇ ਚਿੱਕੜ ਸੁੱਟਦੇ ਰਹੇ ਪਰ ਉਹ ਆਪਣੇ ਦ੍ਰਿੜ ਸੰਕਲਪ, ਨਿਸ਼ਚੇ ‘ਤੇ ਹਮੇਸ਼ਾ ਕਾਇਮ ਰਹੇ, ਇੱਕ ਕਦਮ ਵੀ ਪਿੱਛੇ ਨਹੀਂ ਹਟੇ।
ਮਾਤਾ ਸਵਿੱਤਰੀ ਬਾਈ ਫੂਲੇ, ਮਹਾਤਮਾ ਜੋਤੀਬਾ ਫੂਲੇ ਅਤੇ ਹੋਰ ਘੱਟ ਗਿਣਤੀ ਦੇ ਬੁੱਧੀਜੀਵੀਆਂ ਨਾਲ ਰਲ ਕੇ ਉਹਨਾਂ 18 ਸਕੂਲ ਹੋਰ ਖੋਲ੍ਹੇ। ਜਿਨਾਂ ਵਿੱਚ ਜ਼ਿਆਦਾ ਗਿਣਤੀ ਔਰਤਾਂ ਦੀ ਸੀ। ਇਸ ਤਰ੍ਹਾਂ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਔਰਤਾਂ ਦੇ ਅੰਦੋਲਨ ਵਿੱਚ ਵੱਡਾ ਯੋਗਦਾਨ ਰਿਹਾ ਹੈ। ਅੰਦੋਲਨ ਸਦਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਨੂੰ ਵਿਰੋਧੀਆਂ ਨਾਲ ਲੋਹਾ ਲੈਣਾ ਪਿਆ। ਸ੍ਰੀ ਸਾਂਪਲਾ ਨੇ ਕਿਹਾ ਕਿ ਫੂਲੇ ਦੇ ਇਸ ਕ੍ਰਾਂਤੀਕਾਰੀ ਅੰਦੋਲਨ ਦਾ ਮਕਸਦ ਔਰਤਾਂ ਦਾ ਸਨਮਾਨ, ਸਵੈਮਾਨ, ਸਿੱਖਿਆ ਗ੍ਰਹਿਣ ਕਰਨ ਦਾ ਮਰਦ ਬਰਾਬਰ ਅਧਿਕਾਰ ਦੇਣ, ਊਚ-ਨੀਚ, ਜਾਤ -ਪਾਤ ਦੇ ਭੇਦ -ਭਾਵ ਤੋਂ ਉੱਪਰ ਉੱਠਣਾ ਸੀ। ਇਸ ਸਮਾਗਮ ਵਿੱਚ ਡਾ. ਅਵਿਨਾਸ਼ ਚੰਦਰ ਸੌਂਧੀ, ਚਮਨ ਸਾਂਪਲਾ, ਜਸਵੰਤ ਰਾਏ ਸਾਂਪਲਾ, ਆਈਜੈਕ ਮਸੀਹ, ਰੱਜਤ, ਰੁਪਾਲੀ, ਗੌਤਮ ਬੌਧ, ਬਲਦੀਸ਼ ਕੌਰ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ।।