ਬੁੱਧ ਚਿੰਤਨ

ਸਾਂਝੇ ਸੰਘਰਸ਼ ਦੀ ਲੋੜ ਹੈ ?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)  ਮਨੁੱਖ ਦੇ ਜਿਉਣ ਲਈ ਰੋਟੀ,ਕੱਪੜਾ ਤੇ ਮਕਾਨ ਦੀ ਲੋੜ ਹੈ। ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਰੁਜ਼ਗਾਰ ਦੀ ਜਰੂਰਤ ਹੁੰਦੀ ਹੈ। ਰੁਜ਼ਗਾਰ ਦੇਣ ਦਾ ਫਰਜ਼ ਸਰਕਾਰ ਦਾ ਹੈ। ਕਿਉਂਕਿ ਹਰ ਮਨੁੱਖ ਸਰਕਾਰ ਨੂੰ ਟੈਕਸ ਦਿੰਦਾ ਹੈ। ਹਰ ਮਨੁੱਖ ਨੂੰ ਜਿਉਣ ਦਾ ਅਧਿਕਾਰ ਹੈ। ਸਦੀਆਂ ਤੋਂ ਕੁੱਝ ਸ਼ੈਤਾਨ ਤੇ ਲਾਲਚੀਆਂ ਨੇ ਬਹੁਗਿਣਤੀ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਇਹ ਗੁਲਾਮੀ ਦਾ ਧਾਗਾ ਬੰਨ੍ਹ ਕੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਹੈ । ਇਹ ਧਾਗਾ ਧਰਮ, ਜਾਤ, ਊਚ ਨੀਚ ਤੇ ਭਰਮ ਦਾ ਹੈ। ਮਨੁੱਖ ਦਾ ਧਰਮ ਤਾਂ ਕਿਰਤ ਕਰੋ, ਮੋਹ ਪਿਆਰ, ਵੰਡ ਕੇ ਛਕਣ ਤੇ ਆਪਣੇ ਵਿਰਸੇ ਨੂੰ ਯਾਦ ਰੱਖਣ ਦਾ ਸੀ। ਪਰ ਹੁਣ ਧਰਮ ਵਪਾਰ ਤੇ ਅੰਧਵਿਸ਼ਵਾਸੀ ਲੋਕਾਂ ਦੀ ਲੁੱਟ ਦਾ ਸਾਧਨ ਬਣ ਗਿਆ । ਧਰਮ ਦੀਆਂ ਪਹਿਲਾਂ ਫੈਕਟਰੀਆਂ ਖੁੱਲ੍ਹੀਆਂ ਸਨ। ਹੁਣ ਕੰਪਨੀਆਂ ਆ ਗਈਆਂ ਹਨ। ਜਿਹੜੀਆਂ ਔਨ ਲਾਈਨ ਇਹ ਧਰਮ ਦਾ ਧੰਦਾ ਕਰਦੀਆਂ ਹਨ । ਇਸ ਧਰਮ ਦੇ ਵਿੱਚੋਂ ਮਨੁੱਖਤਾ ਖਤਮ ਹੋ ਗਈ ਹੈ। ਉਹ ਆਪੋ ਆਪਣੇ ਧਰਮ ਨੂੰ ਵੇਚਣ ਲਈ ਸੱਤਾਧਾਰੀ ਨੂੰ ਕਦੇ ਮਾਇਆ ਰਾਹੀਂ ਤੇ ਵੋਟਾਂ ਰਾਹੀਂ ਚੋਗਾ ਪਾਉਂਦਾ ਹੈ । ਜਦੋਂ ਵੀ ਵੋਟਾਂ ਆਉਂਦੀਆਂ ਹਨ । ਧਰਮ ਨੂੰ ਲਹੂ ਦੀਆਂ ਉਲਟੀਆਂ ਲੱਗ ਜਾਂਦੀਆਂ ਹਨ । ਘਰਾਂ ਵਿੱਚ ਦੀਵਾਲੀ ਬਲਦੀ ਹੈ। ਕੀੜੇ ਮਕੌੜੇ ਜਲਦੇ ਹਨ। ਇਹ ਵਰਤਾਰਾ ਆਮ ਹੋ ਗਿਆ। ਬੰਦਾ ਜ਼ਹਿਰੀਲਾ ਹੋ ਗਿਆ ਹੈ। ਉਹ ਜ਼ਹਿਰੀਲੀਆਂ ਵਸਤੂਆਂ ਖਾਂਦਾ ਹੈ। ਵੇਚਦਾ ਹੈ ਤੇ ਖਰੀਦ ਦਾ ਹੈ। ਬੰਦੇ ਵਿਚੋਂ ਬੰਦਾ ਮਰ ਗਿਆ ਹੈ । ਹੁਣ ਕੋਈ ਬੰਦਾ, ਬਾਬਾ ਬੰਦਾ ਸਿੰਘ ਬਹਾਦਰ ਨਹੀਂ ਬਣਦਾ। ਥਾਂ ਥਾਂ ਸਰਹੱਦਾਂ ਉਗ ਆਈਆਂ ਹਨ। ਜਿੱਥੇ ਹਰ ਤਰ੍ਹਾਂ ਦਾ ਕਤਲੇਆਮ ਹੁੰਦਾ ਹੈ। ਅਸੀਂ ਚੁੱਪ ਚਾਪ ਤਮਾਸ਼ਾ ਦੇਖਣ ਵਾਲੇ ਤਮਾਸ਼ਾਬੀਣ ਬਣ ਗਏ ਹਾਂ । ਨਫ਼ਰਤ ਤੇ ਜ਼ਹਿਰ ਦਾ ਵਪਾਰ ਕਰਦੇ ਹਾਂ । ਸਮਾਜ ਵਿੱਚ ਜਿਸ ਤਰ੍ਹਾਂ ਜ਼ਹਿਰੀਲੀਆਂ ਵਸਤੂਆਂ ਵੇਚਣ ਤੇ ਖਰੀਦਣ ਦਾ ਸਾਡਾ ਸੁਭਾਅ ਬਣਿਆ ਹੈ, ਇਸ ਮਿਲਾਵਟ ਨੇ ਸਾਡੇ ਅੰਦਰ ਅਜਿਹੀ ਖੋਰ ਲਾ ਦਿੱਤੀ ਹੈ ਕਿ ਅਸੀਂ ‘ਸੱਚ’ ਨੂੰ ਜਾਨਣ ਦੀ ਵਜਾਏ ‘ਝੂਠ’ ਨੂੰ ਸੱਚ ਮੰਨਣ ਦੇ ਆਦੀ ਹੋ ਗਏ ਹਾਂ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਤਾਂ ਮਿਲਾਵਟਾਂ ਤਾਂ ਸਦੀਆਂ ਤੋਂ ਹੁੰਦੀਆਂ ਹਨ, ਜਿਸ ਤਰ੍ਹਾਂ ਇਤਿਹਾਸ ਵਿੱਚ ਰਿਲਾਵਟਾਂ ਪਾਉਣੀਆਂ ਤੇ ਉਨ੍ਹਾਂ ਨੂੰ ਮਨਾਉਣ ਦਾ ਸਿਲਸਿਲਾ ਵੱਧ ਰਿਹਾ ਹੈ, ਇਹ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ। ਅਸੀਂ ਇਸ ਉਪਰ ‘ਚਿੰਤਾ’ ਤਾਂ ਕਰਦੇ ਹਾਂ ਪਰ ਚਿੰਤਨ ਨਹੀਂ ਕਰਦੇ। ਚਿੰਤਨ ਕਰਾਂਗੇ ਤਾਂ ਸਾਨੂੰ ‘ਸੱਚ ਤੇ ਝੂਠ’ ਦਾ ਗਿਆਨ ਆਵੇਗਾ। ਅਸੀਂ ਇਸ ਗਿਆਨ ਨੂੰ ਲੋਕਾਂ ਤੱਕ ਵੰਡਣ ਲਈ ਪ੍ਰਵਚਨਾਂ ਤੇ ਲਿਖਤਾਂ ਰਾਹੀਂ ਲੈ ਕੇ ਜਾਵਾਂਗੇ। ਇੱਥੇ ਸਭ ਕੁੱਝ ਉਲਟ-ਪੁਲਟ ਹੋ ਰਿਹਾ ਹੈ। ਖਾਣ-ਪੀਣ ਦੇ ਨਾਂ ਹੇਠ ਜਿਹੜਾ ਕੁੱਝ ਵੇਚਿਆ ਤੇ ਖਰੀਦਿਆ ਜਾ ਰਿਹਾ ਹੈ, ਅਸੀਂ ਚੁੱਪ ਚਾਪ ਵੇਚ ਰਹੇ ਹਾਂ, ਖਾ ਰਹੇ ਹਾਂ। ਇਹ ਸਭ ਕਿਉਂ ਹੋ ਰਿਹਾ ਹੈ ? ਅਸੀਂ ਇਸ ਸਬੰਧੀ ਸੋਚਦੇ ਨਹੀਂ। ਸੋਚਣ ਦੀ ਜਿੱਥੇ ਲੋੜ ਹੁੰਦੀ ਹੈ, ਉਥੇ ਅਸੀਂ ਸੋਚਦੇ ਨਹੀਂਂ, ਜਿੱਥੇ ਚੁੱਪ ਰਹਿਣਾ ਹੁੰਦਾ ਹੈ, ਉੱਥੇ ਅਸੀਂ ਬੋਲਦੇ ਹਾਂ।  ਇਸੇ ਕਰਕੇ ਸਾਡੇ ਜੀਵਨ ਵਿੱਚ ਵਧੇਰੇ ਵਿਖੇੜੇ ਪੈਦਾ ਹੋ ਰਹੇ ਹਨ। ਜ਼ਹਿਰ ਭਰੀਆਂ ਫਸਲਾਂ ਅਸੀਂ ਖੁਦ ਬੀਜਦੇ ਹਾਂ ਤੇ ਉਸ ਨੂੰ ਖੁਦ ਬਜ਼ਾਰ ਵਿੱਚ ਲੋਕਾਂ ਨੂੰ ਖਾਣ ਲਈ ਵੇਚਦਾ ਹਾਂ। ਅਸੀਂ ਆਪਣੀ ਧਰਤੀ ਨੂੰ ‘ਅਮਲਾਂ’ ਉਤੇ ਲਾ ਲਿਆ ਹੈ। ਫਸਲ ਤਾਂ ਹੁੰਦੀ ਹੈ, ਜੇ ਉਸ ਦੇ ਉਪਰ ਜ਼ਹਿਰੀਲੀਆਂ ਦਵਾਈਆਂ ਛਿੜਕੀਆਂ ਜਾਣਗੀਆਂ। ਅਸੀਂ ਫਸਲਾਂ ‘ਤੇ ਇਹ ਜ਼ਹਿਰ ਇਸ ਲਈ ਛਿੜਕਦੇ ਹਾਂ ਕਿ ਉਹ ਵਧਣ-ਫੁਲਣ ਤੇ ਵੱਧ ਝਾੜ ਦੇਣ। ਸਾਡੀ ਵੱਧ ਝਾੜ ਲੈਣ ਦੀ ਸੋਚ ਨੇ ਸਾਨੂੰ ਜ਼ਿੰਦਗੀ ਦੇ ਉਹ ਬਾਣੀਏ ਬਣਾ ਦਿੱਤਾ ਹੈ, ਜਿਹੜੇ ਵਣਜ ਕਰਦੇ ਹਨ। ਵਣਜ ਵਿੱਚ ਓਹਲਾ ਹੁੰਦਾ ਹੈ। ਉਸ ਵਿੱਚ ‘ਝੂਠ’ ਦਾ ਪ੍ਰਤਾਪ ਹੁੰਦਾ। ਇਸ ਪ੍ਰਤਾਪ ਨੂੰ ਖਰੀਦਣ ਤੇ ਵੇਚਣ ਵਾਲੇ ਵੀ ਗਿਆਨ ਹੁੰਦਾ ਹੈ ਪਰ ਉਹ ਚੁੱਪ ਰਹਿੰਦੇ ਹਨ। ਇਸੇ ਚੁੱਪ ਵਿੱਚੋਂ ਦੋਹਾਂ ਦੀ ਵੱਧ ਤੋਂ ਵੱਧ ਕਮਾਉਣ ਦੀ ਉਹ ‘ਲਾਲਾਸਾ’ ਹੁੰਦੀ ਹੈ, ਜਿਸ ਨੇ ਹਰ ਮਨੁੱਖ ਦੀ ਜ਼ੁਬਾਨ ਟੁੱਕ ਦਿੱਤੀ ਹੈ। ਇਸੇ ਕਰਕੇ ਅਸੀਂ ਜੀਭ ਦੇ ਹੁੰਦਿਆਂ ਬੋਲਦੇ ਨਹੀਂ। ਅੱਖਾਂ ਦੇ ਹੁੰਦੇ ਦੇਖਦੇ ਨਹੀਂ, ਪਰ ਅਸੀਂ ਗੂੰਗਿਆਂ ਤੇ ਅੰਨ੍ਹਿਆਂ ਨੂੰ ਉਪਦੇਸ਼ ਹੀ ਨਹੀਂ ਦੇਂਦੇ ਸਗੋਂ ਝਿੜਕਦੇ ਹਾਂ। ‘ਤੂੰ ਬੋਲਦਾ ਕੀ ਐ, ਤੈਨੂੰ ਦਿਖਦਾ ਨਹੀਂ, ਤੂੰ ਅੰਨ੍ਹਾ ਐ, ਤੂੰ ਬੋਲਾ ਐ? ਇਹ ਆਖਣਾ ਮਾਣ ਸਮਝਦੇ ਹਾਂ। ਸਮਾਜ ਵਿੱਚ ਜਿਹੜੀਆਂ ਜ਼ਹਿਰਾਂ ਦਾ ਵਪਾਰ ਹੁੰਦਾ ਹੈ। ਇਸ ਦੇ ਸਬੰਧੀ ਕਿੰਨ੍ਹੇ ਕੁ ਹਨ, ਜਿਹੜੇ ਵਿਰੋਧ ਕਰਦੇ ਹਨ। ਹਰ ਕੋਈ ‘ਕਮਾਈ’ ਕਰਨ ਦੇ ਚੱਕਰ ਵਿੱਚ ‘ਊਰੀ’ ਬਣਿਆ ਹੋਇਆ ਹੈ। ਸਾਡੀ ਦੌੜ ਤਾਂ ਵੱਧ ਤੋਂ ਵੱਧ ਕਮਾਈ ਕਰਨ ਤੇ ਜਾਇਦਾਦ ਬਨਾਉਣ ਦੀ ਹੈ, ਇਸੇ ਕਰਕੇ ਅਸੀਂ ਆਪਣਿਆਂ ਨੂੰ ਲੁੱਟਣ, ਕੁੱਟਣ ਤੇ ਜਾਨੋਂ ਮਾਰਨ ਲੱਗੇ ਪਲ ਨਹੀਂ ਲਾਉਂਦੇ। ਪਲਾਂ ਦੀ ਇਹ ਖੇਡ ਸਾਡੇ ਲਈ ਜ਼ਿੰਦਗੀ ਦੀ ਮੁਸੀਬਤ ਬਣ ਜਾਂਦੀ ਹੈ। ਸਾਡੇ ਮਨਾਂ ਅੰਦਰ ਹਨੇਰ ਦਾ ‘ਭਰਤ’ ਕੌਣ ਪਾ ਰਿਹਾ ਹੈ? ਜਿਹੜਾ ਸਾਨੂੰ ‘ਚਾਨਣ’ ਹੁੰਦਿਆਂ ਵੀ ‘ਚੁੱਪ’ ਰਹਿਣ ਦੇ ਲਈ ਰੋਕੀ ਰੱਖਦਾ ਹੈ। ਅਸੀਂ ਆਪਣੇ ਬੁੱਲ੍ਹ ਤਾਂ ਟੁੱਕ ਲੈਂਦੇ ਹਾਂ, ਪਰ ਦੂਸਰੇ ਦੀਆਂ ਲੱਤਾਂ ਨਹੀਂ ਵੱਢਦੇ, ਜਿਹੜੇ ਸਾਨੂੰ ਹਨੇਰ ਵਿੱਚ ਜਿਉਣ ਦੇ ਰਸਤੇ ਭਜਾਈ ਜਾ ਰਹੇ ਹਨ। ਖਾਣ ਪੀਣ ਵਾਲੀਆਂ ਵਸਤੂਆਂ ਵਿਚਲੀ ਮਿਲਾਵਟ ਤਾਂ ਸਾਨੂੰ ਦਿਖਦੀ  ਨਹੀਂ, ਇਸੇ ਤਰ੍ਹਾਂ ਸਾਹਿਤ, ਇਤਿਹਾਸ, ਧਰਮ, ਦਰਸ਼ਨ, ਸ਼ਾਸਤਰ, ਵਿਗਿਆਨ ਤੇ ਆਰਥਿਕਤਾ ਵਿੱਚ ਜਿਹੜੀ ਜ਼ਹਿਰ ਮਿਲਾਈ ਜਾ ਰਹੀ ਹੈ, ਇਸ ਨੂੰ ਜ਼ਹਿਰੀਲੀ ਕਰਨ ਵਾਲੇ ਕੋਈ ‘ਹੋਰ ਦੇਸ਼’ ਦੇ ਲੋਕ ਨਹੀਂ, ਅਸੀਂ ‘ਖੁਦ’ ਹਾਂ। ਜਿਹੜੇ ਉਨ੍ਹਾਂ ਦੇ ਨਾਲ ਰਲ ਗਏ ਹਨ, ਇਸੇ ਕਰਕੇ ਸਾਡਾ ‘ਪੌਣ-ਪਾਣੀ’ ਜ਼ਹਿਰੀਲਾ ਹੋ ਗਿਆ ਹੈ। ਅਸੀਂ ਇਸ ਜ਼ਹਿਰੀਲੇ ਵਾਤਾਵਰਣ ਵਿੱਚ ਰਹਿਣ ਦੇ ਆਦੀ ਹੋ ਗਏ ਹਾਂ। ਇਸ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ? ਇਸ ਪਾਸੇ ਸੋਚਣ ਦੀ ਵਜਾਏ, ਅਸੀਂ ਇਸ ਪਾਸੇ ਵੱਲ ਵਧੇਰੇ ਜ਼ੋਰ ਲਾ ਰਹੇ ਕਿ ‘ਵੱਧ ਤੋਂ ਵੱਧ’ ਮਾਲ ਕਿਵੇਂ ਕੱਠਾ ਕੀਤਾ ਜਾਵੇ। ਸਮਾਜ ਵਿੱਚ ‘ਕਾਣੀ ਵੰਡ’ ਨੂੰ ਅਸੀਂ ‘ਪੂਰਵਲੇ ਜਨਮਾਂ’ ਦੀਆਂ ਸਾਖੀਆਂ ਨਾਲ ਜੋੜ ਕੇ ਸੁਣਨ ਤੇ ਮੰਨਣ ਦੇ ਆਦੀ ਹੋ ਗਏ ਹਾਂ। ਇਹ ਆਦਤ ਹੀ ਸਾਨੂੰ ਸਦੀਆਂ ਤੋਂ ਗੁਲਾਮੀ ਦੀਆਂ ਜੰਜ਼ੀਰਾਂ ਦੇ ਨਾਲ ਬੰਨ੍ਹੀ ਬੈਠੀ ਹੈ। ਅਸੀਂ ਬਿਨ੍ਹਾਂ ਕੀਲਿਆਂ ਤੋਂ ਬੰਨ੍ਹੇ ਹੋਏ ‘ਪਾਲਤੂ ਪਸ਼ੂ’ ਬਣ ਗਏ ਹਾਂ, ਜਿਨ੍ਹਾਂ ਨੂੰ ਭਾਰ ਢੋਣ ਲਈ ਵਰਤਿਆ ਜਾ ਰਿਹਾ ਹੈ। ਕਦੇ ਇਹ ਸੋਚਿਆ ਹੈ ਕਿ ਅਸੀਂ ਮਾਲ ਢੋਣ ਵਾਲੇ ਜਹਾਜ਼ ਕਿਉਂ ਬਣ ਗਏ ਹਾਂ? ਸੋਚਾਂਗੇ ਤਾਂ ਜੇ ਸਾਨੂੰ ਗਿਆਨ ਹੋਵੇਗਾ ਕਿਉਂਕਿ ਹਰਿਕ ਵਿੱਚ ਇੱਕੋ ਜੋਤ ਤੇ ਖੂਨ ਹੈ। ਦੂਈ-ਤੀਤੀ ਦਾ ਕੋਈ ਸਥਾਨ ਨਹੀਂ, ਪਰ ਸਾਨੂੰ ਗਿਆਨਹੀਣ ‘ਗਿਆਨੀ’ ਬਨਾਉਣ ਦੇ ਲਈ ਵਿਦਿਆ੍ਹ ਦੀਆਂ ਫੈਕਟਰੀਆਂ ਵਿੱਚ ਭਾਰ ਤੋਲਣ ਤੇ ਭਾਰ ਢੋਣ ਵਾਲੀਆਂ ਮਸ਼ੀਨਾਂ ਬਣਾ ਦਿੱਤਾ ਗਿਆ ਹੈ,ਇਸੇ ਕਰਕੇ ਅਸੀਂ ਆਪਣੇ ਮਨਾ ਅੰਦਰਲੇ ਹਨੇਰੇ ਨੂੰ ਬਾਹਰ ਫੈਲਾਉਣ ਦੇ ਲਈ ‘ਪੱਲਿਓ’ ਖਰਚ ਕੇ ਵੀ ਦੌੜ ਰਹੇ ਹਾਂ, ਪਰ ਸਾਡਾ ‘ਹਨੇਰ’ ਘਟਣ ਦੀ ਵਜਾਏ ਸਗੋਂ ਦੂਣਾ-ਚੌਣਾ ਹੋਈ ਜਾਂਦਾ ਹੈ। ਸੰਸਾਰ ਦੇ ਇਨ੍ਹਾਂ ਵਪਾਰੀਆਂ ਨੇ ਸਾਨੂੰ ਇਧਰ ਉੱਧਰ ਦੌੜਨ ਦੀ ਦੌੜ ਵਿੱਚ ਭਜਾ ਰੱਖਿਆ ਹੈ। ਇਸੇ ਲਈ ਅਸੀਂ ਪਿੰਡਾਂ ਤੋਂ ਸ਼ਹਿਰ, ਸ਼ਹਿਰ ਤੋਂ ਵਿਦੇਸ਼ ਤੇ ਵਿਦੇਸ਼ ਤੋਂ ਉਪਰ ਵੱਲ ਜਾ ਰਹੇ ਹਾਂ, ਸਾਨੂੰ ਇਸ ‘ਅੰਨ੍ਹੀ ਦੌੜ’ ਦੜਾਉਣ ਵਾਲੇ ਹੱਸ ਰਹੇ ਹਨ ਤੇ ਅਸੀਂ ਮੱਚ ਰਹੇ ਹਾਂ। ਉਹ ਸਾਡੇ ਵਿੱਚ ‘ਸੋਚ ਦੇ ਘੁਣ’ ਦੀਆਂ ਪਿਉਂਦਾ ਲਾ ਕੇ ਨਵੀਆਂ ਨਵੀਆਂ ਪਨੀਰੀਆਂ ਪੈਦਾ ਕਰ ਰਹੇ ਹਨ। ਅਸੀਂ ਜ਼ਹਿਰੀਲੇ ਵਾਤਾਵਰਨ ਵਿੱਚ ਮਰਨ ਦੇ ਆਦੀ ਕਿਉਂ ਹੋ ਗਏ ਹਾਂ ? ਕੀ ਅਸੀਂ ਆਪਣੀਆਂ ‘ਜੜ੍ਹਾਂ’ ਨੂੰ ਭੁੱਲ ਗਏ ? ਜੜ੍ਹਾਂ ਨੂੰ ਭੁੱਲਣ ਕਰਕੇ ਅਸੀਂ ਹਨੇਰ ਖਾ ਰਹੇ ਤੇ ਵੇਚ ਖਰੀਦ ਰਹੇ ਹਾਂ, ਇਸੇ ਕਰਕੇ ਇਨ੍ਹਾਂ ਸਮਿਆਂ ਵਿੱਚ ਲੋੜ ਹੈ ਕਿ ਅਸੀਂ ਦੀਵੇ ਜਗਾਈਏ, ਜਿਹੜੇ ਸਾਡੇ ਮਨਾਂ ਦਾ ਹਨੇਰ ਦੂਰ ਕਰਨ। ਸਾਡੇ ਮਨਾਂ ਦਾ ਜਦੋਂ ਹਨੇਰ ਦੂਰ ਹੋ ਗਿਆ ਤਾਂ ਫੇਰ ਸੰਸਾਰ ਰੋਸ਼ਨ ਹੋ ਜਾਵੇਗਾ। ਇਹ ਦੀਵੇ ਘਰਾਂ ਦੇ ਬਨੇਰਿਆਂ ਉੱਤੇ ਨਹੀਂ, ਸਗੋਂ ਆਪਣੇ ਮਨਾਂ ਅੰਦਰ ਬਾਲਣੇ ਪੈਣਗੇ, ਜੇ ਅਸੀਂ ਅਜੇ ਵੀ ਨਹੀਂ ਸਮਝੇ ਤਾਂ ਖੜੇ ਦਿਨ ਹਨੇਰ ਹੋਣ ਵਾਲੇ ਸਮਿਆਂ ਵੱਲ ਵਧਣ ਤੋਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਕ ਨਹੀਂ ਸਕਾਂਗੇ। ਆਓ ਇਨ੍ਹਾਂ ਜ਼ਹਿਰ ਦੇ ‘ਵਪਾਰੀਆਂ, ਅਧਿਕਾਰੀਆਂ ਤੇ ਪੁਜਾਰੀਆਂ’ ਨੂੰ ‘ਜ਼ਿੰਦਗੀ’ ਦੇ ਅਰਥ ਸਮਝਾਈਏ ਤੇ ਦੀਵੇ ਜਗਾਈਏ। ਇਹ ਦੀਵੇ ਅਕਲ ਦੇ ਹੋਣ ਤਾਂ ਕੁੱਝ ਸਮਾਜ ਬਦਲੂ, ਨਹੀਂ ਅਕਲ ਤਾਂ ਹੁਣ ਵੀ ਨੀ ਆਈ ਸੱਤਾਧਾਰੀ ਲੁੱਟਰਿਆਂ ਲੋਕ ਸੜਕਾਂ ਉਤੇ ਭਜਾ ਕੇ ਮਾਰ ਦਿੱਤੇ। ਅਕਲ, ਸੁਰਤ ਹਜੇ ਵੀ ਨਹੀਂ ਆਉਣੀ। ਕੀ ਬਣੂੰ ? ਇਹ ਹੁਣ ਜਿਹਨਾਂ ਦੇ ਖਾਨੇ ਚਲਦੇ ਉਹ ਸੋਚਣ। ਜ਼ਹਿਰੀਲੇ ਨਾਗ ਤੱਕ ਹਿੱਕ ਉਤੇ ਬੈਠੇ ਹਨ।ਇਹ ਨਾਗਪੁਰੀ ਨਾਗ, ਮਿੱਟੀ ਖਾਣੇ ਨਹੀਂ, ਬੰਦੇ ਖਾਣੇ ਐ। ਜ਼ਹਿਰ ਦੀਆਂ ਫਸਲਾਂ ਤੇ ਅਕਲਾਂ ਵੇਚਣ ਵਾਲਿਆਂ ਨੂੰ  ਪਛਾਣੋ, ਨੱਥ ਪਾਓ। ਉਹਨਾਂ ਨੇ ਤੁਹਾਡੇ ਪੈਰੀ ਝਾਂਜਰਾਂ ਤੇ ਹੱਥਾਂ ਵਿੱਚ ਚੂੜੀਆਂ ਪਾ ਦਿਤੀਆਂ ਹਨ। ਧਰਮ, ਜਾਤ, ਗੋਤ ਤੇ ਊਚ ਨੀਚ ਦਾ ਭੇਦ। ਸਭ ਨੂੰ ਪਤਾ ਐ ਫੇਰ ਉਡੀਕ ਤੇ ਰੋਕ ਕਿਸ ਦੀ ਐ। ਅੱਜ ਧੂੰਆਂ ਧਾਰ ਭਾਸ਼ਣ ਹੋਣਗੇ। ਹੋਈ ਜਾ ਰਹੇ ਹਨ। ਜ਼ਹਿਰ ਦੀ ਫਸਲ ਬੀਜਣ ਵਾਲੇ ਵੀ ਪੰਜਾਬੀ ਹੀ ਹਨ। ਜਿਹੜੇ ਫਸਲਾਂ ਦਾ ਨਕਲੀ ਬੀਜ ਵੇਚ ਸਕਦੇ ਹਨ, ਉਹ ਹੋਰ ਕੀ ਵੇਚ ਨਹੀਂ ਸਕਦੇ। ਅਕਲ, ਜਮੀਰ, ਸ਼ਕਲ, ਘਰਦੇ, ਬਾਹਰਦੇ, ਸਭ ਵੇਚ ਸਕਦੇ ਹਨ। ਜਾਗੋ ਲੋਕੋ ਜਾਗੋ। ਨਿਕਲੋ ਆਪਣੀ ਹਾਉਂਮੈਂ ਦੀ ਕਬਰ ਵਿਚੋਂ, ਨਹੀਂ ਤੇ ਹੁਣ ਘਰਾਂ ਨੂੰ ਤਾਬੂਤ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਰ ਸਾਡੀ ਪ੍ਰਵਿਰਤੀ ਇਹ ਬਣ ਗਈ ਹੈ ਕਿ ਆਪਾਂ ਕੀ ਲੈਣਾ ਹੈ। ਐਵੇਂ ਨਵੀਂ ਬਿਪਤਾ ਖੜ੍ਹੀ ਹੋਵੇਗੀ। ਇਸੇ ਕਰਕੇ ਦੁਸ਼ਮਣ ਸਾਨੂੰ ਲੁੱਟ ਤੇ ਕੁੱਟ ਰਿਹਾ ਹੈ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਲੋਕ ਇੱਕ ਜੁੱਟ ਹੋ ਕੇ ਸੰਘਰਸ਼ ਨਹੀਂ ਕਰਦੇ।
।।।।।।
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ੁਭ ਸਵੇਰ ਦੋਸਤੋ
Next articleਕੁਦਰਤ