ਬੁੱਧ ਬਾਣ /  ਲੋਕ ਕਹਾਣੀ ਦਾ ਪੁਨਰ ਬਿਰਤਾਂਤ 

ਬੁੱਧ ਸਿੰਘ ਨੀਲੋਂ
ਗਿੱਦੜ ਸਿੰਗੀ ਵਾਲ਼ੇ ਗਿੱਦੜਾਂ ਦੀਆਂ ਮਿਆਂਕਾਂ !
 ਪੰਜਾਬ ਵਿੱਚ ਨਕਲੀ ਸ਼ੇਰਾਂ ਦੇ ਮਚਾਏ ਆਤੰਕ ਤੋਂ ਬਚਣ ਲਈ ਜੰਗਲੀ ਜਾਨਵਰਾਂ ਨੇ ਇਕੱਠੇ ਹੋ ਕੇ ਮਤਾ ਪਕਾਇਆ ਤੇ  ਉਹਨਾਂ ਨੇ ਨਵੀਂ ਬਣੀ ਗਿੱਦੜ ਪਾਰਟੀ ਨੂੰ ਜੰਗਲ਼ ਦੀ ਵਾਗ ਡੋਰ ਸੰਭਾਲ਼ ਦਿੱਤੀ। ਗਿੱਦੜ ਪਾਰਟੀ ਨੇ ਜਿੱਤ ਦੇ ਪਿਛਲੇ ਸਾਰੇ ਰਕਾਟ ਭੰਨ ਸੁੱਟੇ । ਗਿੱਦੜਾਂ ਦੇ ਲਾਣੇਦਾਰ ਨੂੰ ਸਮਝ ਹੀ ਨਾ ਆਵੇ ਕਿ ਜੰਗਲ਼ ਦੇ ਪੰਛੀ ਤੇ ਜਾਨਵਰ ਐਨੇ ਮੂਰਖ ਕਿਵੇਂ ਹੋ ਸਕਦੇ ਹਨ ? ਜਿਹਨਾਂ ਨੇ ਸਾਨੂੰ ਹੀ ਚੁਣ ਲਿਆ। ਵੱਡੇ ਫ਼ਰਕ ਨਾਲ਼ ਹੋਈ ਜਿੱਤ ਨੇ ਗਿੱਦੜਾਂ ਦਾ ਗੂੰਹ ਪਹਾੜੀਂ ਚਾੜ੍ਹ ਦਿੱਤਾ। ਗੂੰਹ ਪਹਾੜੀਂ ਕੀ ਚੜ੍ਹਿਆ, ਗਿੱਦੜ ਲੱਗ ਪਏ ਸ਼ੇਰਾਂ ਵਾਂਗੂੰ ਦਹਾੜਨ। ਜੰਗਲ਼ ਦੇ ਸਰਕਾਰੀ ਗਿੱਦੜ ਤਾਂ ਪਹਿਲਾਂ ਹੀ ਘੱਟ ਨਹੀਂ ਗੁਜ਼ਾਰਦੇ ਦੇ ਸਨ ਪਰ ਜਦ ਗਿੱਦੜ ਪਾਰਟੀ ਨੇ ਜੰਗਲ਼ ਦੇ ਆਲ੍ਹਣਿਆਂ, ਮਚਾਨਾਂ, ਘੋਰਨਿਆਂ, ਗੁਫਾਵਾਂ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਚਿੜੀ ਜਨੌਰਾਂ ਨੂੰ ਲੱਗਿਆ ਕਿ ਹੁਣ ਅਵੱਸ਼ ਹੋਵੇਗਾ ਸੁਧਾਰ ਪਰ ਬਾਅਦ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਤਾਂ ਸ਼ੇਰ ਦੇ ਸ਼ਿਕਾਰ ਵਿੱਚੋਂ ਪਹਿਲਾਂ ਮਿਲ਼ਦਾ ਹਿੱਸਾ ਵਧਾਉਣ  ਦੀ ਕਾਰਵਾਈ ਸੀ ।
ਗਿੱਦੜ ਪਾਰਟੀ ਨੇ ਜੰਗਲ਼ੀਆਂ ਨੂੰ  ਸੁਪਨੇ ਬਹੁਤ  ਦਿਖਾਏ ਸਨ । ਜਿਉਂ ਜਿਉਂ ਦਿਨ ਲੰਘਣ ਲੱਗੇ ਗਿੱਦੜ  ਬਾਦਸ਼ਾਹ ਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕੀਤਾ। ਉਹ ਬਾਣੀਆਂ ਬਿਰਤੀ ਦਾ ਸੀ ਤੇ ਲੱਗ ਪਿਆ ਵਪਾਰ ਦੀਆਂ ਗੱਲਾਂ ਕਰਨ । ਹਰ ਚੀਜ਼ ਦਾ ਮੁੱਲ ਵੱਟਣ ਲੱਗ ਪਿਆ । ਉਹ ਆਪ ਉਪਰ ਪਹਾੜੀਂ ਜਾ ਚੜ੍ਹਿਆ ਜਿੱਥੇ ਉਸਦੀ ਰਾਖੀ ਜੰਗਲ਼ੀ ਕੁੱਤੇ ਕਰਨ ਲੱਗੇ। ਗਿੱਦੜ ਨੇ ਉਹਨਾਂ ਦਾ ਸਰਦਾਰ ਵੀ ਆਪਣੀ ਮਰਜ਼ੀ ਦਾ ਲਾ ਲਿਆ । ਬਸ ਫੇਰ ਕੀ ਹੋਣਾ ਸੀ, ਜੰਗਲ ਦੇ ਜਾਨਵਰ ਲੱਗੇ ਬਿਟਰ ਬਿਟਰ ਝਾਕਣ। ਕੁੱਤਿਆਂ ਨੇ ਜਦ ਆਪਣੇ ਦੰਦ ਦਿਖਾਏ, ਜੰਗਲ਼ੀ ਜਾਨਵਰ ਲੱਤਾਂ ਵਿਚ ਪੂਛ ਦੇ ਕੇ ਘੋਰਨਿਆਂ ‘ਚ ਜਾ ਵੜੇ ।
ਇਕ ਦਿਨ ਗਿੱਦੜ ਬਾਦਸ਼ਾਹ ਨੇ ਆਪਣੀ ਮੁੱਛ ਦਾ ਵਾਲ਼ ਜੰਗਲ਼ੀ ਜਾਨਵਰਾਂ ਦੀ ਧੌਣ ਉਪਰ ਖੋਭ ਦਿੱਤਾ । ਦਰਦ ਤਾਂ ਬਹੁਤ ਹੋਇਆ ਪਰ ਉਹ ਰੱਬ ਦਾ ਭਾਣਾ ਸਮਝ ਕੇ ਦੜ ਵੱਟ ਗਏ। ਗਿੱਦੜ ਦੀ ਮੁੱਛ ਦੇ ਵਾਲ਼ ਨੇ ਗਿੱਦੜ ਬਾਦਸ਼ਾਹ  ਦੇ ਅਧੂਰੇ ਕੰਮ ਪੂਰੇ ਕਰਨ ਲਈ ਗਿੱਦੜਾਂ ਦੇ ਘੜ੍ਹੰਮ ਚੌਧਰੀ ਨੂੰ ਉਸਦੇ ਵਿਆਹ ਦਾ ਚੌਂਕੀਦਾਰ ਥਾਪ ਦਿੱਤਾ। ਗਿੱਦੜ ਬਾਦਸ਼ਾਹ ਸਿਰਫ਼ ਹੋਕਾ ਦੇਂਦਾ ਤੇ ਬਾਕੀ ਸਾਰੇ ਕੰਮ ਮੁੱਛ ਦਾ ਵਾਲ਼ ਹੀ ਕਰਦਾ । ਜੰਗਲ ਦੇ ਕਾਂ ਤੇ ਗਿਰਝਾਂ ਨੇ ਮੁੱਛ ਦੇ ਵਾਲ਼ ਖਿਲਾਫ ਅੰਨ੍ਹੇ ਤੋਲੇ ਕੋਲ਼ ਸ਼ਿਕਾਇਤ ਕਰ ਦਿੱਤੀ । ਅੰਨ੍ਹੇ ਤੋਲੇ ਨੇ ਗਿੱਦੜ ਬਾਦਸ਼ਾਹ ਦੇ ਸਾਲਸ ਚੌਧਰੀ  ਨੂੰ ਤਲਬ ਕਰ ਲਿਆ। ਗਿੱਦੜਾਂ ਦਾ ਸਾਲਸ ਚੌਧਰੀ ਕਹਿੰਦਾ, “ਜੀ ਮੈਨੂੰ  ਨਹੀਂ ਪਤਾ ਕਿ ਇਹ ਮੁੱਛ ਦਾ ਵਾਲ਼ ਕਿਸਦਾ ਹੈ ?” ਮਾਮਲਾ ਰਫ਼ਾ ਦਫ਼ਾ ਹੋ ਗਿਆ। ਗਿੱਦੜ ਬਾਦਸ਼ਾਹ ਦਾ ਲੇਡਾ ਹੋਰ ਫੁੱਲ ਗਿਆ। ਫਿਰ ਮੁੱਛ ਦੇ ਵਾਲ਼ ਨੇ ਉਸਨੂੰ ਸਲਾਹ ਦਿੱਤੀ ਕਿ ਜੰਗਲੀ਼ ਲੋਕਾਂ ਦੇ ਹਿੱਲੇ ਹੋਏ ਡਮਾਕ ਦਾ ਇਲਾਜ ਕਰਨ ਲਈ ਤੁਹਾਡੇ ਨਾਂ ਨਾਲ਼ ਮਸ਼ਹੂਰ ਨਾਯਾਬ ਬੂਟੀ ‘ਗਿੱਦੜ ਸਿੰਗੀ’ ਵਰਤ ਕੇ ਵੇਖਣੀ ਚਾਹੀਦੀ ਹੈ।
ਗਿੱਦੜ ਸਿੰਗੀ ਦਾ ਢੰਢੋਰਾ ਫੇਰਿਆ ਗਿਆ। ਜਿਵੇਂ ਹੀ ਗਿੱਦੜ ਬਾਦਸ਼ਾਹ ਕੋਲ਼ ਇਹ ਖ਼ਬਰ ਪਹੁੰਚੀ ਕਿ ਜੰਗਲ਼ ਦੇ ਆਲ਼ੇ ਦੁਆਲ਼ੇ ਦੇ ਇਲਾਕੇ ਦੇ ਜਾਨਵਰਾਂ ਵਿੱਚ ਗਿੱਦੜ ਸਿੰਗੀ ਦੀ ਬਹੁਤ ਮੰਗ (craze) ਹੈ (ਉਂਞ ਜੰਗਲ ਵਿੱਚ  ਚਿੱਟੇ ਦੀ ਵੀ ਬਹੁਤ ਮੰਗ ਹੈ ਤੇ ਚਿੱਟੇ ਦੇ ਵਪਾਰੀਆਂ ਕੋਲ਼ੋਂ ਕਦੇ ਵੀ ਸਪਲਾਈ ਪੂਰੀ ਨਹੀਂ ਹੁੰਦੀ) ਤਾਂ ਇਹ ਅਫ਼ਵਾਹ ਸੁਣ ਕੇ ਗਿੱਦੜ ਲੱਗਾ ਲੋਟਣੀਆਂ ਲਾਉਣ। ਉਹ ਬੜਾ ਹੈਰਾਨ ਹੋਇਆ। “ਹੈਂ… ਮੇਰੇ ਕੋਲ਼ ਤਾਂ ਕੋਈ ਸਿੰਗ ਵੀ ਨਹੀਂ ਹੈ। ਇਹ ਕੀ ਗੱਲ ਹੋਈ ਭਲਾ ? ਗਿੱਦੜ ਸਿੰਗੀ ??”
ਉਸਨੇ ਸੋਚਿਆ ਕਿ ਇਹਦਾ ਮਤਲਬ ਜੰਗਲ਼ੀ ਬਹੁਤ ਮੂਰਖ ਨੇ ! ਕਿਉਂ  ਨਾ ਇਹਨਾਂ ਨੂੰ  ਹੋਰ ਮੂਰਖ ਬਣਾਇਆ  ਜਾਵੇ । ਉਸਨੇ ਨਵੀਆਂ ਨਵੀਆਂ ਗਰੰਟੀਆਂ ਤੇ ਸਕੀਮਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਮੁਫ਼ਤ ਦਾ ਮਾਲ ਛਕਣ ਵਾਲ਼ਿਆਂ ਨੂੰ  ਲੱਗਿਆ  ਕਿ ਇਹ ਤਾਂ ਉਨ੍ਹਾਂ ਦੇ ਹੱਕ ਦੀਆਂ ਗੱਲਾਂ ਕਰ ਰਿਹਾ ਹੈ। ਜੰਗਲ਼ੀਆਂ ਨੇ ਭੰਗੜੇ ਪਾ ਪਾ ਕੇ ਧਰਤੀ ਪੱਟ ਸੁੱਟੀ।
ਚੋਣ ਪ੍ਰਚਾਰ ਦੌਰਾਨ ਗਿੱਦੜ ਦੇ ਢੋਲ ਮਹਿਕਮੇ ਨੇ ਲੋਕਾਂ ਨੂੰ ਪਹਿਲਾਂ ਹੀ ਝਾਂਸਾ ਦਿੱਤਾ ਹੋਇਆ ਸੀ ਕਿ ਉਹਨਾਂ ਦੀ ਸਰਕਾਰ ਬਣਨ ਉਪਰੰਤ ਹਰ ਘਰ ਨੂੰ ਗਿੱਦੜ ਸਿੰਗੀ ਦਿੱਤੀ ਜਾਵੇਗੀ ! ਚੋਣਾਂ ਹੋਈਆਂ। ਗਿੱਦੜ ਪਾਰਟੀ ਜਿੱਤ ਗਈ । ਲੋਕ ਗਿੱਦੜ ਸਿੰਗੀ ਮੰਗਣ ਲੱਗੇ ।  ਗਿੱਦੜ ਪਾਰਟੀ ਨੇ ਸ਼ਰਤਾਂ ਰੱਖ ਦਿੱਤੀਆਂ:
1. ਜਿਨ੍ਹਾਂ ਦੇ ਘਰ ਪਹਿਲਾਂ ਡੰਗਰ-ਪਸ਼ੂ ਹਨ… ਮਤਲਬ ਪਹਿਲਾਂ ਹੀ ਸਿੰਗ ਹਨ … ਉਹਨਾਂ ਨੂੰ ਨਹੀਂ ਮਿਲੇ਼ਗੀ !
2. ਜਿਹਨਾਂ ਦੇ ਘਰ ਗਿੱਦੜ ਨਸਲ ਦੇ ਕੁੱਤੇ ਹਨ… ਉਹਨਾਂ ਨੂੰ ਨਹੀਂ ਮਿਲੇ਼ਗੀ !
3. ਜਿਹਨਾਂ ਦੇ ਨਾਂ ਸਿੰਗ (ਸਿੰਘ) ਭਾਵ ਸ਼ੇਰ ਨਾਲ਼ ਮਿਲਦੇ-ਜੁਲ਼ਦੇ ਹਨ… ਉਹ ਪਹਿਲਾਂ ਹੀ ਬੜੇ ਬਹਾਦਰ ਨੇ … ਉਹਨਾਂ ਨੂੰ ਗਿੱਦੜ ਸਿੰਗੀ ਨਹੀਂ ਮਿਲੇ਼ਗੀ !
ਬਾਕੀ ਸਾਰੇ ਫਾਰਮ ਭਰ ਦਿਓ ! ਜਦੋਂ ਹੀ ਖਜ਼ਾਨੇ ਵਿੱਚ ਕਿਤਿਓਂ ਪੈਸੇ ਆਏ ਓਦੋਂ ਹੀ ਗਿੱਦੜ ਸਿੰਗੀ ਵੰਡ ਦਿੱਤੀ ਜਾਵੇਗੀ !
ਹੁਣ ਗਿੱਦੜ ਭਾਸ਼ਣ ਵੱਧ ਤੇ ਰਾਸ਼ਨ ਘੱਟ ਦੇਂਦਾ ਹੈ। ਜੰਗਲ਼ ਵਾਲੇ਼ ਗਿੱਦੜ ਸਿੰਗੀ ਮੰਗਦੇ ਹਨ। ਉਹ ਉਸ ਕੋਲ਼ ਹੈ ਨਹੀਂ। ਹੁਣ ਜੰਗਲ਼ੀ ਡੌਰ ਭੌਰ ਹੋਏ ਫਿਰਦੇ ਹਨ।
 ਬੁੱਧ ਸਿੰਘ ਨੀਲੋੰ 
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article(“ਦਿਲ ਦੇ ਅਲਫ਼ਾਜ਼”)
Next articleਕਹਾਣੀ:- ਤੇਜਾ!