ਪੀ ਪੀ ਸੁਲਫ਼ੇ

ਬਲਜਿੰਦਰ ਸਿੰਘ, ਬਾਲੀ ਰੇਤਗੜੵ

(ਸਮਾਜ ਵੀਕਲੀ)

ਪੀ ਪੀ ਸੁਲਫ਼ੇ ਬਣਗੇ ਨੰਗ ਨਸ਼ੇੜੀ
ਆਹ ਨਵੀਂ ਪੀੜ੍ਹੀ ਦੀ ਡੋਬਤੀ ਬੇੜੀ
ਆਪ ਮਰੇ ਸੀ ਜਿਉਂਦੇ, ਮੌਤ ਬੁਲਾਈ ਜਾਂਦੇ ਨੇ
ਮਾਰ ਚਿਲਮ ਦੇ ਸੂਟੇ, ਛਿੱਤਰ ਖਾਈ ਜਾਂਦੇ ਨੇ
ਆਪ ਮਰੇ ਸੀ ਜਿਉਂਦੇ- —— ————-

ਕਰਕੇ ਗਰਕ ਜਵਾਨੀ, ਤੁਰ ਪਏ ਆਪ ਮਜ਼ਾਰਾਂ ਨੂੰ
ਨੱਚਣ ਘੁੰਗਰੂ ਬੰਨ ਕੇ ਲਾਤਾ, ਪੰਜਾਬੀ ਸਰਦਾਰਾਂ ਨੂੰ
ਬੇ-ਸੁਰੇ, ਬੇ-ਤਾਲੇ , ਬਿਨ ਰਾਗੋਂ ਗਾਈ ਜਾਂਦੇ ਨੇ
ਆਪ ਮਰੇ ਸੀ ਜਿਉਂਦੇ——– ———-

ਕਰਨ ਸਿਆਸਤ ਪੈਸੇ ਖਾਤਿਰ, ਨਾ ਖਸਮ-ਈਮਾਨ ਰਿਹਾ
ਸ਼ੋਹਰਤ ਦਿੱਤੀ ਦੌਲਤ ਜਿਸ ਨੂੰ, ਓਹ ਸਦਾ ਬੇਈਮਾਨ ਰਿਹਾ
ਤਾਜ ਟਿਕਾਏ ਸਿਰ ਜਿਸ ਦੇ, ਓਹ ਦਸਤਾਰ ਉਡਾਈ ਜਾਂਦੇ ਨੇ
ਆਪ ਮਰੇ ਸੀ ਜਿਉਂਦੇ—————–

ਕਿਉਂ ਦਿਸਦੇ ਨਹੀ ਉਸਨੂੰ, ਜੋ ਮੇਰਾ ਪੰਜਾਬ ਉਜਾੜ ਰਹੇ
ਨੋਚ ਨੋਚ ਖੰਭ ਬਾਜ਼ਾਂ ਦੇ, ਜਾਲਮ ਫੜ ਪਿੰਜਰੇ ਤਾੜ ਰਹੇ
ਕਿਰਤੀ ਵਿਲਕ ਰਹੇ ਕਿਸਾਨ , ਸ਼ੋਰ ਮਚਾਈ ਜਾਂਦੇ ਨੇ
ਆਪ ਮਰੇ ਸੀ ਜਿਉਂਦੇ ——————‘

ਕਿਉਂ ਵੰਸ ਨਹੀਂ ਦਿਸਦੀ, ਰੋਂਦੇ ਰੁਲ਼ਦੇ ਬੇ-ਰੁਜ਼ਗਾਰਾਂ ਦੀ
ਜੁੱਤੀ ਚੱਟ ਬਣੇ ਮੱਤ-ਹੀਣ, ਕਠਪੁਤਲੀ ਬਣੇ ਸਰਕਾਰਾਂ ਦੀ
ਚਿੱਟੇ ਉਪਰ ਜਵਾਨੀ , ਇਹ ਬਦਕਾਰ ਲਾਈ ਜਾਂਦੇ ਨੇ
ਆਪ ਮਰੇ ਸੀ ਜਿਉਂਦੇ—————-

ਆਪ ਕਾਲਖਾਂ ਲਿਬੜੇ ਜਿਹੜੇ, ਕੀ “ਬਾਲੀ” ਰਾਹ ਦਰਸਾਵਣਗੇ
“ਰੇਤਗੜੵ” ਡੁੱਬੇ ਆਪ ਕਿਨਾਰੇ, ਕੀ ਓਹ ਪਾਰ ਲੰਘਾਵਣਗੇ
ਸੂਟੇ ਲਾ ਲਾ ਸੋਹਲੇ ਗਾਵਣ, ਅੱਗ ਲਾ ਲਾ ਤਕਰਾਰਾਂ ਦੀ
ਆਪ ਮਰੇ ਸੀ ਜਿਉਂਦੇ—————–

ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168
7087629168

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠਡ਼ਾ ਕਾਲਜ ਵੱਲੋਂ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ
Next articleਪਾਪਾਂ ਤੇ ਬਿਸਕੁਟ