ਬੁੱਧ ਬਾਣ

ਸ਼ਬਦਾਂ ਵਿੱਚ ਬੱਧਣ ਵਾਲਾ ਘੋੜਾ ਨਹੀਂ 

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਬੁੱਧ ਸਿੰਘ ਨੀਲੋਂ ਅੱਖ਼ਰਾਂ ‘ਚ ਬੰਦ ਕਰਨ ਵਾਲਾ, ਸ਼ਬਦਾਂ ਵਿਚ ਬੱਝਣ ਵਾਲਾ ਘੋੜਾ ਨਹੀਂ। ਦੌੜਾਕ ਸ਼ੈਲੀ ‘ਚ ਲਿਖਦਾ, ‘ਬੁੱਧ ਸਿੰਘ ਨੀਲੋਂ’ ਸਮਾਜ ਵਿਚ ਵਾਪਰ ਰਹੇ ਵਿਸਮਾਦ ਨੂੰ ਬੇ-ਝਿਜਕ, ਬੇ-ਧੜਕ ਨਿਡਰ ਹੋ ਕੇ ਬੇ-ਪਰਦ ਕਰਨ ਦੀ ਜ਼ੁਰੱਅਤ ਰੱਖਦਾ ਹੈ। ‌ ਉਹ ਸਿੱਟਿਆਂ ਦੀ ਪ੍ਰਵਾਹ ਕੀਤੇ ਬਗ਼ੈਰ ਕਲਮ ਦੀ ਸਾਨ ਤੇ ਜਦੋਂ ਕਿਸੇ ਵਿਸੰਗਤੀ ਨੂੰ ਚਾੜ੍ਹਦਾ ਹੈ ਤਾਂ ਪਹਿਲਾਂ ਲੋਹੇ ‘ਤੇ ਲੱਗੀ ਜੰਗਾਲ ਨੂੰ ਪਰ੍ਹਾਂ ਕਰਦਾ ਹੋਇਆ ਤੱਕਲੇ ਦੇ ਵਲ ਕੱਢਣ ਲਈ ਇੱਕ ਅੱਖ਼ ਨਾਲ ਕਾਣ ਕੱਢਦਾ ਹੈ।
ਉਹ ਜੰਗਾਲੀਆਂ ਸੋਚਾਂ, ਮਰ ਚੁੱਕੀਆਂ ਰੂਹਾਂ ਦੇ ਆਰ ਪਾਰ ਹੁੰਦਾ ਹੋਇਆ ਉਨ੍ਹਾਂ ਵਿਚ ਜਾਨ ਭਰਨ ਦੀ ਕੋਸ਼ਿਸ਼ ਕਰਦਾ ਹੈ। ਸਮਾਜ ਵਿਚ ਵਾਪਰ ਰਹੇ ਅਨਿਆਏ, ਰਾਜਨੀਤਕ ਤੌਰ ‘ਤੇ ਮਜ਼ਬੂਰੀ ਵੱਸ ਵਿਕਦੇ ਅਹਿਸਾਸਾਂ ਦੀ ਪੁਣ-ਛਾਣ ਦੀ ਕਰਦਾ ਹੈ। ਉਹ ਗਰਕ ਚੁੱਕੇ ਵਿਦਿਅਕ ਢਾਂਚੇ, ਉੱਚ ਡਿਗਰੀਆਂ ਵਿਚ ਹੁੰਦੇ ਘਪਲਿਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੇ ਹੁੰਦੇ ਜਿਨਸੀ, ਮਾਨਸਿਕ ਸ਼ੋਸ਼ਣ ਦੀਆਂ ਪਰਤਾਂ ਫਰੋਲਦਾ, ਵਿਕਦੀਆਂ ਡਿਗਰੀਆਂ, ਨਕਲੀ ਸਕਾਲਰਾਂ ਦੇ ਬਖੀਏ ਵੀ ਉਧੇੜਦਾ ਹੈ।
ਬੁੱਧ ਸਿੰਘ ਨੀਲੋਂ ਇੱਕ ਲੇਖਕ ਹੀ ਨਹੀਂ ਉਹ ਆਪਣੇ ਆਪ ਵਿਚ ਇੱਕ ਸੰਪੂਰਨ ਸੰਸਥਾ ਬਣ ਚੁੱਕਿਆ, ਇੱਕ ਸੋਚ ਦਾ ਪ੍ਰਤੀ-ਸਿਖਰ ਹੈ। ਜੋ ਕੰਮ ਸਮਾਜਿਕ ਸੰਸਥਾਵਾਂ ਨੇ ਇਕੱਠੀਆਂ ਹੋ ਕੇ ਕਰਨਾ ਹੈ ਉਹ ਇਕੱਲਾ ਕਰਨ ਦੀ ਹਿੰਮਤ ਰੱਖਦਾ ਹੈ। ਉਸਦੀ ਬਾਜ਼ ਅੱਖ਼ ਨਿੱਤ ਗਰਕ ਰਹੇ ਰਾਜਨੀਤਕ, ਸਮਾਜਿਕ, ਧਾਰਮਿਕ, ਵਿੱਦਿਅਕ ਅਕੀਦਿਆਂ ਦੇ ਧੁਰ ਅੰਦਰ ਝਾਕਣ ਦੀ ਸਮਰੱਥਾ ਰੱਖਦੀ ਹੈ।
ਉਹ ‘ਬੁੱਕਲ ਦੇ ਸੱਪਾਂ’ ਦੀ ਗੱਲ ਕਰਦਾ, ‘ਲੋਕਾਂ ਨੂੰ ਲੱਗੀਆਂ ਜੋਕਾਂ’ ਦੀ ਤਹਿ ਤੱਕ ਜਾਂਦਾ, ਜਦੋਂ ‘ਕੱਲ੍ਹ ਦੀ ਭੂਤਨੀ ਸਿਵਿਆਂ ‘ਚ ਅੱਧ ਲਿਖ ਕੇ ਰਾਜਨੀਤਕ ਵਿਅੰਗ ਕਸਦਾ ਹੈ ਤਾਂ ਠੱਗਾਂ ਤੋਂ ਸੁਚੇਤ ਕਰਦਾ ਨਜ਼ਰ ਆਉਂਦਾ ਹੈ।
ਉਸ ਦੀ ਪਾਰਖੂ ਅੱਖ਼ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਘਟਨਾ ਨੂੰ ਬਿਆਂ ਕਰਨ ਲਈ ਤੱਤਪਰ ਤਾਂ ਰਹਿੰਦੀ ਹੀ ਹੈ ਸਗੋਂ ਚਿੰਤਾ ਵੀ ਜ਼ਾਹਰ ਕਰਦੀ ਹੈ। ਜਦੋਂ ਉਹ ਲਿਖਦਾ ਲਿਖਦਾ ਬੇਬਸ ਹੋ ਜਾਂਦਾ ਹੈ ਤਾਂ ਉਹ ਘਬਰਾਉਂਦਾ ਨਹੀਂ ਮਜਬੂਰੀਆਂ ਦਾ ਲੇਖਾ ਜੋਖਾ ਕਰਕੇ ਫੇਰ ਹੰਭਲਾ ਮਾਰਨ ਲਈ ਪ੍ਰੇਰਦਾ ਨਜ਼ਰ ਆਉਂਦਾ ਹੈ।
‘ਪੰਜਾਬੀ ਸਾਹਿਤ ਦਾ ਮਾਫ਼ੀਆ’ ਉਸ ਦੇ ਮੌਲਿਕ ਲੇਖਾਂ ਦੀ ਕ੍ਰਿਤ ਹੈ। ਜੋ ਜਲਦੀ ਹੀ ਤੁਹਾਡੇ ਹੱਥਾਂ ਵਿਚ ਆ ਰਹੀ ਹੈ। ਇਹ ਕਿਤਾਬ ਉਨ੍ਹਾਂ ਲੇਖਾਂ ਨਾਲ ਭਰਪੂਰ ਹੈ ਜਿਹੜੇ ਪਿਛਲੇ ਸਮੇਂ ਵਿੱਚ ਬੁੱਧ ਸਿੰਘ ਨੀਲੋਂ ਨੂੰ ਸਮਾਜ ਦਾ ਜਾਗਰੂਕ, ਝੰਡਾ ਬਰਦਾਰ, ਸੁਚੇਤ ਲੇਖਕ ਮੰਨਣ ਦੀ ਕੁੱਵਤ ਰੱਖਦੇ ਆਏ ਹਨ। ਮੈਂ ਛੋਟੇ ਵੀਰ ਦੇ ਲੇਖਾਂ ਤੋਂ ਪ੍ਰਭਾਵਤ ਹੋ ਕੇ ਕਈ ਕਵਿਤਾਵਾਂ ਲਿਖੀਆਂ।
ਬੁੱਧ ਸਿੰਘ ਨੀਲੋਂ ਦੇ ਲੇਖਾਂ ਨੂੰ ਕਵਿਤਾ ਵਿਚ ਢਾਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਰ ਫੇਰ ਵੀ ਬੁੱਧ ਸਿੰਘ ਨੀਲੋਂ ਦੀ ਕਲਮ ਦੀ ਪ੍ਰੇਰਨਾ ਸਦਕਾ ਜਦੋਂ ਮੈਂ ਕਵਿਤਾ ਵੱਲ ਮੁੜਿਆ ਤਾਂ ਖੁਸ਼ੀ ਦੇ ਨਾਲ ਮਾਣ ਵੀ ਮਹਿਸੂਸ ਹੋਇਆ।
ਕਵਿਤਾ ਦੀ ਇੱਕ ਉਦਾਹਰਣ ਪੇਸ਼ ਕਰ ਰਿਹਾ ਹਾਂ ‌ਜੋ ਬੁੱਧ ਸਿੰਘ ਨੀਲੋਂ ਦੇ ‌ਲੇਖਾਂ ਦੀ ਤਰਜ਼ਮਾਨੀ ਕਰਦੀ ਹੈ :ਬੁੱਧ ਸਿੰਘ ਨੀਲੋ ਵੀਰ ਨੂੰ ,
ਉਸਦੀ ਖ਼ੂਬਸੂਰਤ ਰਚਨਾ ‘
” ਘੁੰਮ ਚਰਖੜਿਆ ਵੇ,”
ਦੇ ਜੁਆਬ ਵਿਚ, ਤੁੱਛ ਸ਼ਬਦ।
******
ਮਿਹਨਤ, ਸਿਦਕ, ਸ਼ਕਤੀ,
ਚਾਅ, ਸੁਪਨੇ ਤੇ ਦ੍ਰਿੜਤਾ ਨਾਲ,
ਤੂੰ ਕੁਝ ਵੀ ਬਣ ਜਾਵੇਂ।
ਰੂਹ ਵਿਚ ਸ਼ਾਮਿਲ ਕਰ ਆਪਣੇ,
ਹੱਲ ਕਰਨ ਵਾਲੇ ਸੁਆਲਾਂ ਨੂੰ।

ਇਹ ਅਦਾ, ਵਰਤਾਰਾ ਨਹੀਂ,
ਕੁਦਰਤ ਦਾ,
ਮਿਹਨਤ ਹੈ ਤੇਰੀ,
ਆਪਣੇ ਅੰਦਰ ਕਰਮ ਦਾ,
ਅਹਿਸਾਸ ਪੈਦਾ ਕਰ ।

ਸ਼ਾਇਦ ਸਾਹਿਤਕਾਰ,
ਗਾਇਕ, ਅਦਾਕਾਰ,
ਜਾਂ ਫ਼ਨਕਾਰ ਬਣ ਜਾਵੇਂ,
ਇਸ ਤਰ੍ਹਾਂ ਕੁਝ ਬਨਣ ਦਾ,
ਅਭਿਆਸ ਪੈਦਾ ਕਰ।

ਇਹ ਅਭਿਆਸ ਦਾ ਹੀ ਕੰਮ ਹੈ,
ਬੱਚੇ, ਬੋਟ ਤੇ ਪੰਛੀ ਮਾਰਦੇ ਉਡਾਰੀਆਂ।
ਸਿੱਖਣ ਦਾ ਤੂੰ ਮਨ ਵਿਚ,
ਜਗਿਆਸ ਪੈਦਾ ਕਰ।

ਗੁਰੂ ਤਾਂ ਸ਼ਬਦ ਸੇਧ ਹੈ,
ਮੰਜ਼ਿਲ ਤੂੰ ਹੀ ਸਰ ਕਰਨੀ,
ਇਸ ਕਰਮ ਦੇ ਫ਼ਲ ਨੂੰ ਪਾਉਣ ਦਾ,
ਹੁਲਾਸ ਪੈਦਾ ਕਰ।

ਕਰ ਅਧਿਐਨ ਜ਼ਿੰਦਗੀ ਦਾ,
ਕੁਝ ਹਾਸਿਲ ਕਰਨ ਲਈ,
ਕੋਹਲੂ ਦਾ ਬੈਲ ਬਣ ਕੇ ਨਹੀਂ,
ਮੰਜ਼ਿਲਾਂ ਨਿਸ਼ਚਿਤ ਕਰ ਕੇ ਚੱਲ।

ਲਗਾਉਣੀ ਉਮਰਾਂ ਦੀ ਸੌਖੀ,
ਨਿਭਾਉਣੀ ਪਰਾ ਦੇਸ ਦੀ ਗੱਲ,
ਸੂਰਜ ਦੇ ਵਾਂਗੂੰ,ਉੱਘਣ ਦਾ,
ਇਕਰਾਰ ਪੈਦਾ ਕਰ।
ਅਖ਼ੀਰ ਵਿਚ ਇਹ ਹੀ ਕਹਾਂਗਾ
ਕਲ਼ਮ-ਇ-ਜ਼ੋਰ ਔਰ ਜ਼ਿਆਦਾ ।
ਆਮੀਨ

ਜਸਪਾਲ ਜੱਸੀ
ਬਠਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਬੰਗਾ ਵਿਖੇ ਸਰਪੰਚ ਸਨਮਾਨਿਤ ਕੀਤੇ ਗਏ ਉਨ੍ਹਾਂ ਨੂੰ ਪਿੰਡ ਦਾ ਮਾਣ ਪੁਰਸਕਾਰ ਦਿੱਤੇ
Next articleਹੁਣ ਮਸ਼ੀਨੀ ਯੁੱਗ ਆਉਣ ਕਰਕੇ ਮਿੱਟੀ ਦੇ ਭਾਂਡਿਆਂ ਦੀ ਕਦਰ ਬਹੁਤ ਹੀ ਘੱਟ ਗਈ ਹੈ : ਲੰਬੜਦਾਰ ਰਣਜੀਤ ਰਾਣਾ