-ਸੱਤਾ ਵਿੱਚ ਰਹੀਆਂ ਪਾਰਟੀਆਂ ਨੇ ਗਲਤ ਨੀਤੀਆਂ ਲਾਗੂ ਕਰਕੇ ਪੰਜਾਬ ਦੀ ਬਰਬਾਦੀ ਕੀਤੀ : ਰਣਧੀਰ ਬੈਣੀਵਾਲ
-ਸੱਤਾ ਪਰਿਵਰਤਨ ਰਾਹੀਂ ਸੂਬੇ ਦੀ ਬੇਹਤਰੀ ਦਾ ਪ੍ਰੋਗਰਾਮ ਲਾਗੂ ਕਰੇਗੀ ਬਸਪਾ : ਡਾ. ਅਵਤਾਰ ਸਿੰਘ ਕਰੀਮਪੁਰੀ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਪਾਰਟੀ ਵੱਲੋਂ 15 ਮਾਰਚ ਨੂੰ ‘ਪੰਜਾਬ ਸੰਭਾਲੋ ਰੈਲੀ’ ਕੀਤੀ ਜਾਵੇਗੀ। ਇਹ ਰੈਲੀ ਫਗਵਾੜਾ ਦੀ ਦਾਣਾ ਮੰਡੀ ਵਿਖੇ ਹੋਵੇਗੀ। ਜਲੰਧਰ ਵਿਖੇ ਪਾਰਟੀ ਦਫਤਰ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਨੇ ਇਸ ਰੈਲੀ ਦਾ ਨਾਂ ‘ਪੰਜਾਬ ਸੰਭਾਲੋ ਰੈਲੀ’ ਇਸ ਕਰਕੇ ਰੱਖਿਆ ਹੈ, ਕਿਉੰਕਿ ਅਜੋਕੇ ਸਮੇਂ ਵਿੱਚ ਸੂਬੇ ਪ੍ਰਤੀ ਦਰਦਮੰਦ ਲੋਕਾਂ ਵੱਲੋਂ ਪੰਜਾਬ ਸੰਭਾਲਣ ਦਾ ਸਮਾਂ ਹੈ।
ਪੰਜਾਬ ਦੇ ਲੋਕਾਂ ਨੇ ਅਜੇ ਤੱਕ ਸੂਬੇ ਦੀ ਤਰੱਕੀ ਲਈ ਅਕਾਲੀ-ਭਾਜਪਾ, ਕਾਂਗਰਸ ਤੇ ਹੁਣ ਆਪ ਨੂੰ ਮੌਕਾ ਦਿੱਤਾ ਹੈ, ਪਰ ਇਨ੍ਹਾਂ ਦੀ ਸੱਤਾ ਵਿੱਚ ਗਲਤ ਨੀਤੀਆਂ ਰਾਹੀਂ ਲਗਾਤਾਰ ਪੰਜਾਬ ਦੀ ਬਰਬਾਦੀ ਕੀਤੀ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਮੁੜ ਪਰਖਣ ਦੀ ਬਜਾਏ ਪੰਜਾਬ ਦੇ ਲੋਕ ਨਵੇਂ ਰਾਜਨੀਤਿਕ ਬਦਲ ‘ਤੇ ਵਿਚਾਰ ਕਰਨ। ਬਸਪਾ ਸੂਬੇ ਵਿੱਚ ਢੁਕਵਾਂ ਰਾਜਨੀਤਿਕ ਬਦਲ ਹੈ, ਜੋ ਕਿ ਪੰਜਾਬ ਦੀ ਬਿਹਤਰੀ ਲਈ ਸਰਗਰਮ ਹੈ। ਇਸ ਲਈ ਬਸਪਾ ਇਸ ਰੈਲੀ ਰਾਹੀਂ ਸੂਬੇ ਪ੍ਰਤੀ ਚਿੰਤਤ ਲੋਕਾਂ ਨੂੰ ਬਸਪਾ ਰਾਹੀ ਖੁਦ ਪੰਜਾਬ ਸੰਭਾਲਣ ਦੀ ਅਪੀਲ ਕਰੇਗੀ, ਤਾਂ ਕਿ ਪੰਜਾਬ ਨੂੰ ਬਰਬਾਦੀ ਵਾਲੀਆਂ ਗਲਤ ਨੀਤੀਆਂ ਵਿੱਚੋਂ ਕੱਢ ਕੇ ਖੁਸ਼ਹਾਲੀ ਵੱਲ ਤੋਰਿਆ ਜਾ ਸਕੇ। ਇਸਦੇ ਲਈ ਪਾਰਟੀ ਕੇਡਰ ਨੂੰ ਵੀ ਹੋਰ ਸਰਗਰਮ ਕੀਤਾ ਜਾਵੇਗਾ ਤੇ ਪੰਜਾਬ ਪ੍ਰਤੀ ਫਿਕਰਮੰਦ ਹੋਰ ਲੋਕਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪਾਰਟੀ ਇਸਦੇ ਰਾਹੀਂ ਪੰਜਾਬ ਦੇ ਪਿੰਡ-ਪਿੰਡ ਤੱਕ ਵੱਡੇ ਪੱਧਰ ‘ਤੇ ਫੈਲ ਚੁੱਕੇ ਨਸ਼ੇ ਖਿਲਾਫ ਵੀ ਮੁਹਿੰਮ ਵਿੱਢੇਗੀ। ਸੱਤਾ ‘ਤੇ ਕਾਬਜ ਰਹੀਆਂ ਪਾਰਟੀਆਂ ਦੇ ਮੁਕਾਬਲੇ ਸਿਰਫ ਬਸਪਾ ਕੋਲ ਹੀ ਨਸ਼ੇ ਦੇ ਖਾਤਮੇ ਦੇ ਮੁੱਦੇ ‘ਤੇ ਬੋਲਣ ਦਾ ਨੈਤਿਕ ਹੱਕ ਹੈ, ਕਿਉੰਕਿ ਅਕਾਲੀ, ਭਾਜਪਾ, ਕਾਂਗਰਸ ਤੇ ਆਪ ਸਾਰਿਆਂ ਦੇ ਹੀ ਕਾਰਜਕਾਲ ਵਿੱਚ ਨਸ਼ਾ ਪੰਜਾਬ ਵਿੱਚ ਫੈਲਿਆ ਹੈ। ਉਨ੍ਹਾਂ ਕਿਹਾ ਕਿ ਆਪ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੇ ਮੁੱਦੇ ‘ਤੇ ਸੱਤਾ ਵਿੱਚ ਆਈ ਸੀ, ਪਰ ਤਿੰਨ ਸਾਲਾਂ ਦੇ ਇਸਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਲਗਾਤਾਰ ਨਸ਼ਾ ਫੈਲਿਆ ਹੈ ਤੇ ਲੋਕਾਂ ਦੀ ਬਰਬਾਦੀ ਕੀਤੀ ਗਈ ਹੈ। ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਨੂੰ ਵੀ ਵਧਾਇਆ ਗਿਆ ਹੈ। ਬੇਰੁਜ਼ਗਾਰੀ ਵੀ ਬਹੁਤ ਵੱਡੇ ਪੱਧਰ ‘ਤੇ ਫੈਲ ਰਹੀ ਹੈ। ਇਸ ਕਰਕੇ ਲੋਕ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਬਾਹਰ ਜਾ ਰਹੇ ਹਨ, ਪਰ ਉੱਥੇ ਵੀ ਉਨ੍ਹਾਂ ਨੂੰ ਹੁਣ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਪੰਜਾਬ ਪਾਣੀ ਦੇ ਸੰਕਟ ਦਾ ਵੀ ਸਾਹਮਣਾ ਕਰ ਰਿਹਾ ਹੈ ਤੇ ਗਲਤ ਨੀਤੀਗਤ ਵਿਵਸਥਾ ਦਾ ਵੀ ਮਾਮਲਾ ਹੈ। ਇਸ ਲਈ ਇਨ੍ਹਾਂ ਸਾਰੇ ਮੁੱਦਿਆਂ ਦੇ ਹੱਲ ਲਈ ਫਗਵਾੜਾ ਰੈਲੀ ਵਿੱਚ ਬਸਪਾ ਸੱਤਾ ਪਰਿਵਰਤਨ ਰਾਹੀਂ ਸੂਬੇ ਦੀ ਬੇਹਤਰੀ ਲਈ ਪੰਜਾਬ ਸੰਭਾਲਣ ਦੀ ਗੱਲ ਕਰੇਗੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਰੈਲੀ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ। ਇਸ ਮੌਕੇ ਬਸਪਾ ਦੇ ਕੇਂਦਰੀ ਸੂਬਾ ਇੰਚਾਰਜ ਵਿਪੁਲ ਕੁਮਾਰ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ, ਹਰਭਜਨ ਸਿੰਘ ਬਜਹੇੜੀ, ਲਾਲ ਸਿੰਘ ਸੁਲਹਾਣੀ, ਓਮ ਪ੍ਰਕਾਸ਼ ਸਰੋਏ, ਤਰਸੇਮ ਥਾਪਰ, ਸੰਤ ਰਾਮ ਮੱਲੀਆਂ, ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਇੰਜ ਜਸਵੰਤ ਰਾਏ, ਪਰਮਜੀਤ ਮੱਲ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj