(ਸਮਾਜ ਵੀਕਲੀ)
ਪਹਾੜਾਂ ਦੀ ਹਿੱਕ
ਸੋਹਲ ਵਾਦੀਆਂ ‘ਤੇ
ਅਸਮਾਨੋਂ
ਵਿੱਚ ਗੁਮਾਨੋਂ
ਬੋਝਲ ਬੱਦਲ ਫੱਟ
ਕਹਿਰਾਂ ਦਾ ਪਾਣੀ
ਮਿੱਟੀ ਨੂੰ ਕਰ ਨਿਤਾਣੀ
ਅੱਖਾਂ ਮੀਟ
ਚੜ੍ਹ ਤੁਰਿਆ
ਬਸ ਫੇਰ ਕੀ ਸੀ
ਵਿੱਚ ਹਨੇਰ ਸੀ
ਸਭ ਕੁੱਝ ਰੁੜ੍ਹਿਆ
ਹੰਭਲਾ਼ ਮਾਰਨ ਵਾਲ਼ੇ
ਡੁੱਬਦਿਆਂ ਤਾਈਂ
ਤਾਰਨ ਵਾਲ਼ੇ
ਬੰਨ ਮਾਰਨ ਵਾਲ਼ੇ
ਪੁਲ਼ ਉਸਾਰਨ ਵਾਲ਼ੇ
ਢਲ਼ ਗਏ ਵਕਤ ਨਾਲ
ਤੁਰ ਗਏ ਸਨ ਕਦੋਂ ਦੇ
ਉੱਤੋਂ ਆਣ ਨ੍ਹੇਰ ਚੜ੍ਹਿਆ
ਚੜ੍ਹੇ ਪਾਣੀਆਂ
ਸਭ ਕੁੱਝ ਉਖੇੜ ਧਰਿਆ
ਬਿਖੇਰ ਧਰਿਆ
ਪੱਥਰਾਂ ਦਾ ਪੁਲ਼
ਤੇ ਉਸ ਕੋਲ
ਅਟਕੀਆਂ ਪਾਣੀ ਦੀਆਂ
ਟੁਭਕੀਆ ਨੂੰ ਉਹ
ਸ਼ੀਤਲ ਜਲ ਬਣਾ
ਕਰ ਲੈਂਦਾ ਹੈ ਪੂਰਾ
ਮਨ ਦਾ ਚਾਅ
ਸਾਲ ਛਮਾਹੀਂ ਦੀਵਾ ਬਾਲ਼
ਕੱਢ ਲੈਂਦਾਂ ਹੈ
ਦਿਲ ਦੇ ਗੂਬਾਰ
ਕਦੇ ਕਦੇ
ਸਜਦਾ ਫਬਦਾ ਰਹਿੰਦਾ
ਨਜ਼ਰਹੀਣ
ਪਰ ਮਨ ਦੇ
ਸੁਪਨਿਆਂ ‘ਚ ਵਹਿੰਦਾ
ਕਿ ਉਹ
ਰਸਤਿਆਂ ਨੂੰ ਜੋੜਣ ਵਾਲਾ
ਫਿਰ ਪੁਲ਼ ਬਣੇਂਗਾ
ਪਰ ਲੰਘਦੀ ਹਵਾ
ਠੋਕਰ ਜਿਹੀ ਮਾਰ
ਸੁਪਨੇ ਜਿਹੇ
ਜਾਂਦੀ ਹੈ ਉਜਾੜ
ਪੁਲਾਂ ਨੂੰ ਵੀ ਪਤਾ ਹੈ
ਕਿ ਬਿਖਰੇ ਟੁੱਕੜੇ
ਮੁੜ ਪੁਲ਼ ਕਦੋਂ ਬਣੇ ਨੇ
ਜਦ ਕਿ
ਬਹੁਤ ਸਾਰੇ ਟੁੱਕੜੇ ਤਾਂ
ਦੀਵਾਰਾਂ ‘ਚ
ਚਿਣੇ ਖੜ੍ਹੇ ਨੇ
ਪੁਲ਼ ਇਕੱਲੇ
ਪੱਥਰ, ਕੰਕਰ,ਰੇਤ
ਸਿਮਿੰਟ, ਸਰੀਏ ਦਾ
ਕੁੱਲ ਜੋੜ ਨਹੀਂ ਹੁੰਦੇ
ਕਰਮੀ ਹੱਥਾਂ
ਕਦਰਦਾਨ ਸੱਥਾਂ
ਸੋਹਣੀਆਂ ਮੱਤਾਂ
ਸਦਾਂ ਹੀ
ਪੁਲਾਂ ਦੀ
ਬੁਨਿਆਦ ਬਣੇ ਨੇ
ਯਾਦਾਂ ਤੋਂ
ਬੁਨਿਆਦਾਂ ਵੱਲ ਦਾ ਰਸਤਾ
ਬੜੇ ਹੀ
ਸਵਾਲ ਕਰਦਾ ਹੈ
ਜਦ ਪੱਥਰਾਂ ਜੜੇ ਪੁਲਾ਼ ਦਾ
ਸਭ ਕੁੱਝ ਪਲਾਂ ‘ਚ
ਜਾ ਹੜ੍ਹਦਾ ਹੈ
ਪੁਲਾਂ ਦੇ
ਬਣਨ ਬਣਾਉਣ ਲਈ
ਬੜਾ ਕੁੱਝ
ਕਰਨਾ ਪੈਂਦਾ ਹੈ
ਖੁ਼ਦੀ ਨੂੰ
ਪਾਸੇ ਧਰਨਾ ਪੈਂਦਾ ਹੈ
ਖੁਲ੍ਹੀ ਹਵਾ
ਵਗਦੇ
ਸਾਹ,ਰਾਹ
ਵਿਸਾਹ, ਚਾਹ
ਬੜਾ ਕੁੱਝ ਚਾਹੀਦਾ ਹੈ
ਪੁਲਾਂ ਲਈ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly