ਅਸਹਿ ਪੀੜਾ

(ਸਮਾਜ ਵੀਕਲੀ)

ਕਾਫ਼ੀ ਸਾਲਾਂ ਮਗਰੋਂ ਮਿਲੀਆਂ ਉਹ ਚਾਰੋ ਪੱਕੀਆਂ ਸਹੇਲੀਆਂ ਹਾਲ- ਚਾਲ ਪੁੱਛਣ ਮਗਰੋਂ ਆਪਣੇ -ਆਪਣੇ ਘਰਾਂ,ਬੱਚਿਆਂ ਤੇ ਪਤੀ ਦੀਆਂ ਗੱਲਾਂ ਹੱਸ -ਹੱਸ ਕੇ ਸੁਣਾਉਣ ਲੱਗੀਆਂ । ਗੱਲ ਚਲਦੀ- ਚਲਦੀ ਨਣਾਨ ਦੇ ਰਿਸ਼ਤੇ ਤੇ ਆ ਕੇ ਰੁਕ ਗਈ…. ਸਭ ਨੇ ਦੇਖਿਆ ਮਨਜੋਤ ਸਭ ਦੀਆਂ ਗੱਲਾਂ ਸੁਣਦੀ ਬਿਲਕੁਲ ਹੀ ਚੁੱਪ- ਚਾਪ ਬੈਠੀ ਸੀ।'” ਕੀ ਹੋਇਆ ਨੀਂ ਮਨਜੋਤ ?” ਇਕ ਸਹੇਲੀ ਉਸ ਨੂੰ ਕੂਹਣੀ ਮਾਰਦੀ ਹੋਈ ਬੋਲੀ। ” ਤੂੰ ਵੀ ਆਪਣੇ ਅਫ਼ਸਰ ਘਰਵਾਲੇ ਦੀ ਕੋਈ ਗੱਲ ਸੁਣਾ ਦੇ….. … ਹੁਣ ਤਾਂ ਪੱਕਾ ਪਿਆਰ ਕਰਨ ਲੱਗ ਗਿਆ ਹੋਣਾ ਤੈਨੂੰ …..ਹੈ ਨਾ?”

ਮਨਜੋਤ ਉਦਾਸ ਹੁੰਦੀ ਬੋਲੀ,” ਕੀ ਸੁਣਾਵਾਂ ਤੁਹਾਨੂੰ ਭੈਣੋ! ਮੇਰੀਆਂ ਤਾਂ ਉਹੀ ਕਈ ਸਾਲ ਪੁਰਾਣੀਆਂ ਗੱਲਾਂ ਕੁਝ ਵੀ ਨਹੀਂ ਬਦਲਿਆ …। ਸੱਚ ਤਾਂ ਇਹ ਹੈ ਕਿ ਜਦ ਤਕ ਮੇਰੀ ਸੱਸ ਦੀ ਮਾਨਸਿਕਤਾ ‘ਕਿ ਮੈਂ ਆਪਣੇ ਪੁੱਤ ਨੂੰ ਆਪਣੇ ਹੱਥਾਂ ਚ ਰੱਖਾਂ ਤੇ ਨੂੰਹ ਨੂੰ ਦਬਾ ਕੇ ਰੱਖਾਂ ‘ ਇਹ ਨਹੀਂ ਬਦਲਦੀ ਤਦ ਤਕ ਸਾਡੇ ਘਰ ਦਾ ਤਾਂ ਕੁਝ ਨਹੀਂ ਹੋ ਸਕਦਾ। ਤੁਸੀਂ ਨਨਾਣ ਦੀ ਗੱਲ ਕਰਦੀਆਂ ਹੋ ਮੇਰੀ ਸੱਸ ਨੇ ਤਾਂ ਮੇਰੇ ਪਤੀ ਦੇ ਮਨ ‘ਚ ਮੇਰੇ ਪ੍ਰਤੀ ਇੰਨੀ ਨਫ਼ਰਤ ਭਰ ਰੱਖੀ ਹੈ ਕਿ ਉਹ ਮੇਰੇ ਕੋਲ ਬੈਠਣਾ ਤਾਂ ਦੂਰ ਸਿੱਧੇ ਮੂੰਹ ਬੋਲਣ ਲਈ ਵੀ ਤਿਆਰ ਨਹੀਂ। ਜਿਨ੍ਹਾਂ ਮੈਂ ਉਸ ਦੇ ਪਿਆਰ ਲਈ ਤੜਪੀ ਉਸਨੇ ਉਸ ਤੋਂ ਵੱਧ ਤੜਪਾਇਆ ।

ਨਣਾਨਾਂ ਵੀ ਤੇ ਮੇਰੀ ਸੱਸ ਵੀ ਬਸ ਮੈਨੂੰ ਮਤਲਬ ਦਾ ਹੀ ਬੁਲਾਉਂਦੇ ਨੇ ਤੇ ਸਾਰੀ ਰਿਸ਼ਤੇਦਾਰੀ ਤੇ ਲੋਕਾਂ ਚ ਮੇਰੀ ਸੱਸ ਨੇ ਮੈਨੂੰ ਰੱਜ ਕੇ ਬਦਨਾਮ ਕਰ ਰੱਖਿਐ ਕਿ ਇਹ ਤਾਂ ਬਹੁਤ ਭੈੜੀ ਆ । ਘਰ ਦਾ ਕੋਈ ਕੰਮਕਾਰ ਨਹੀਂ ਕਰਦੀ । ਭਾਵੇਂ ਸਾਰਾ ਘਰ ਤੇ ਕੰਮ -ਕਾਰ ਮੈਂ ਸੰਭਾਲਿਆ ਹੋਇਆ । ਅੱਗੇ -ਪਿੱਛੇ ਭਾਵੇਂ ਮੇਰੀ ਸੱਸ ਸੁੱਤੀ , ਬੈਠੀ ਰਹੇ ਪਰ ਜਦੋਂ ਕੋਈ ਘਰ ਆ ਜਾਵੇ ਤਾਂ ਮੇਰੀ ਸੱਸ ਭੱਜ -ਭੱਜ ਕੇ ਕੰਮ ਕਰਨ ਲੱਗ ਜਾਂਦੀ ਤੇ ਦੇਖਣ ਵਾਲਾ ਤਾਂ ਇਹੀ ਸਮਝਦਾ ਕਿ………… ਬੋਲਦੀਆਂ ਮਨਜੋਤ ਹਉਕੇ ਭਰਨ ਲੱਗੀ ।

“ਇੱਥੋਂ ਤਕ ਤਾਂ ਮੈਂ ਫੇਰ ਵੀ ਬਰਦਾਸ਼ਤ ਕਰ ਰਹੀ ਸੀ ਪਰ ਹੁਣ……।”

” ਹੁਣ ਕੀ….?” ਉਸ ਦੀਆਂ ਸਹੇਲੀਆਂ ਕਾਹਲੀ ਨਾਲ ਬੋਲੀਆਂ ।

ਹੋਰ ਕੀ ਦੱਸਾਂ ਭੈਣੇ, ਹੁਣ ਤਾਂ ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਆ , ” ਬਾਹਰ ਭਾਵੇਂ ਚਾਰ ਜਨਾਨੀਆਂ ਰੱਖ ਲਾ ….ਅਸੀਂ ਤੈਨੂੰ ਕੁਝ ਨਹੀਂ ਕਹਿੰਦੇ…. .. ਪਰ ਇਹਨੂੰ ਹੱਥ ਨਾ ਲਾ …ਇਹਨੂੰ ਸੂਤ ਕਰਕੇ ਰੱਖ।”

“ਨਹੀਂ…. ਨਹੀਂ….ਲੈ ਏਦਾਂ ਕਿਵੇਂ ….?”.ਉਸ ਦੀਆਂ ਸਹੇਲੀਆਂ ਰੋਸ ‘ਚ ਇਕੱਠੀਆਂ ਬੋਲੀਆਂ।

” ਤੂੰ ਪਿਆਰ ਨਾਲ ਸਮਝਾ ਆਪਣੇ ਪਤੀ ਨੂੰ…..।” ਇਕ ਸਹੇਲੀ ਬੋਲੀ ।

“ਕੀ ਸਮਝਾਵਾਂ ? ਉਹ ਤਾਂ ਕੁਝ ਵੀ ਸੁਣਨ ਤੇ ਸਮਝਣ ਨੂੰ ਤਿਆਰ ਹੀ ਨਹੀਂ । ਹਰ ਤਰੀਕਾ ਅਪਣਾ ਕੇ ਦੇਖ ਲਿਆ ।ਉਹ ਆਪਣੀ ਮਾਂ ਦੀ ਗੋਦ ਚੋਂ ਨਿਕਲੇ ਤਾਂ ਹੀ ਨਾ……. ਤੇ ਪਿਛਲੇ ਦਿਨੀਂ ਤਾਂ….. ਕਹਿੰਦੇ ਮਨਜੋਤ ਦੀ ਭੁੱਬ ਨਿਕਲ ਗਈ।

” ਪਿਛਲੇ ਦਿਨੀਂ ਕੀ …..?” ਸਹੇਲੀਆਂ ਉਸ ਨੂੰ ਕਲਾਵੇ ‘ਚ ਲੈਂਦਿਆਂ ਬੋਲੀਆਂ ।

“ਵੈਸੇ ਤਾਂ ਇਹ ਆਪਣਾ ਮੋਬਾਇਲ ਮੇਰੇ ਤੋਂ ਲੁਕਾ ਕੇ ਹੀ ਰੱਖਦੇ ਨੇ….. ਤੇ ਕਦੇ ਵੀ ਹੱਥ ਤਕ ਨਹੀਂ ਲਾਉਣ ਦਿੰਦੇ । ਬਸ ਇੱਕ ਰਾਤ ਮੈਂ ਇਨ੍ਹਾਂ ਦਾ ਮੋਬਾਇਲ ਦੇਖ ਲਿਆ। ਮੋਬਾਇਲ ‘ਚ …. ਇਕ ਔਰਤ ਦੀਆਂ ਇਤਰਾਜ਼ ਯੋਗ ਤਸਵੀਰਾਂ…… ਤੇ ਰੁਮਾਂਟਿਕ ਚੈਟ ਸੀ…..। ਇਨ੍ਹਾਂ ਨੇ ਜਦ ਅਚਾਨਕ ਨੀਂਦ ‘ਚੋਂ ਉੱਠਦਿਆਂ ਮੇਰੇ ਹੱਥ ‘ਚ ਮੋਬਾਇਲ ਦੇਖਿਆ ਤਾਂ ਝੱਟ ਹੀ ਮੇਰੇ ਹੱਥੋਂ ਖੋਹ ਕੇ ਉਹ ਚੈਟ ਤੇ ਤਸਵੀਰਾਂ ਡਿਲੀਟ ਕਰ ਦਿੱਤੀਆਂ ।

ਸਾਡੀ ਖ਼ੂਬ ਲੜਾਈ ਤੇ ਬਹਿਸ ਹੋਈ । ਹੁਣ ਇਹ ਕਈ ਵਾਰ ਸੁਧਰਨ ਦਾ ਵਾਅਦਾ ਕਰ ਚੁੱਕਾ ਪਰ ਸਿਰਫ਼ ਗੱਲੀਂਬਾਤੀਂ …..।

“ਯਾਰ…… ਤੂੰ ਗੁੱਸਾ ਨਾ ਕਰੀਂ। ਵੈਸੇ ਇੱਕ ਗੱਲ ……..ਜਦ ਤੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਤੇਰੀ ਸੱਸ ਡਾਹਢੀ ਆ। ਉਹਨੇ ਤੇਰੇ ਘਰ ਵੱਲ ਨੂੰ ਆਪਣੇ ਹੱਥਾਂ ‘ਚ ਰੱਖਿਆ ਹੋਇਆ ਹੈ । ਜਦ ਉਸ ਨੇ ਤੈਨੂੰ ਕਈ ਵਾਰ ਮੂੰਹ ਤੇ ਕਿਹਾ ਕਿ ਜਦ ਤਕ ਮੈਂ ਜਿਉਂਦੀ ਹਾਂ ਆਪਣੇ ਪੁੱਤ ਨੂੰ ਨੂੰ ਤੇਰਾ ਨਹੀਂ ਹੋਣ ਦਿੰਦੀ ….ਫਿਰ ਤੂੰ ਕਿਉਂ ਇਨ੍ਹਾਂ ਵਕਤ ਕੱਢ ਤਾ…. ਤਲਾਕ ਲੈ ਕੇ ਪਾਸੇ ਹੋਣਾ ਸੀ ….ਤੇ ਅੱਜ ਦੇ ਦਿਨ ਦੀ ਨੌਬਤ ਹੀ ਨਹੀਂ ਸੀ ਆਉਣੀ ।”

” ਬਸ ਯਾਰ ,ਬੱਚਿਆਂ ਪਿੱਛੇ ਇੱਕ ਆਸ ਸੀ ਕਿ ਸਭ ਠੀਕ ਹੋ ਜਾਏਗਾ ਤੇ ਹੁਣ …..ਹੁਣ ਤਾਂ ਉਹ ਆਸ ਵੀ ਟੁੱਟ ਗਈ ਉਸਦੇ ਬਾਹਰਲੇ ਰਿਸ਼ਤਿਆਂ ਬਾਰੇ ਜਾਣ ਕੇ।”

” ਹੁਣ ਤਾਂ ਦਿਲ ਪੱਥਰ ਹੀ ਹੋ ਗਿਆ ਮੇਰਾ। ਬਸ ਜਿਊਂਦੀ ਲਾਸ਼ ਦੀ ਤਰ੍ਹਾਂ…. ਤੁਸੀਂ ਸਹੀ ਹੀ ਕਹਿ ਰਹੀਆਂ ਹੋ ,ਮੈਨੂੰ ਪਹਿਲਾਂ ਹੀ ਅਲੱਗ ਹੋ ਜਾਣਾ ਚਾਹੀਦਾ ਸੀ। ਇੰਜ ਸਾਰੀ ਉਮਰ ਬੇਮੇਲ ਰਿਸ਼ਤੇ ‘ਚ ਰਹਿ ਕੇ ਖ਼ੁਦ ਨੂੰ ਭੱਠੀ ‘ਚ ਤਾਂ ਨਾਂ ਝੋਕੀ ਰੱਖਦੀ। ਬਸ ਸਮਾਜ ,ਰਿਸ਼ਤੇਦਾਰੀ ਦੀ ਸ਼ਰਮ ਹੀ ਲੈ ਬਹਿੰਦੀ ਸਾਨੂੰ ।ਜਦ ਕਿ ਕੋਈ ਕੁਝ ਵੀ ਨਹੀਂ ਕਰਦਾ ਸਾਡੇ ਲਈ ….ਜਿਨ੍ਹਾਂ ਦੀ ਸ਼ਰਮ ਪਿੱਛੇ ਅਸੀਂ ਰੱਬ ਵੱਲੋਂ ਦਿੱਤੀ ਇੱਕੋ ਇੱਕ ਜ਼ਿੰਦਗੀ ਨੂੰ ਇਹੋ ਜਿਹੇ ਰਿਸ਼ਤਿਆਂ ‘ਚ ਵਕਤ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਨੇ ਆਂ । ਮੇਰੀ ਅਸਹਿ ਮਾਨਸਿਕ ਪੀੜਾ ਨੂੰ ਕੋਈ ਵੀ ਨਹੀਂ ਸਮਝ ਸਕਦਾ । ਹੈ ਕੋਈ ਜੋ ਇਸ ਪੀੜਾ ਨੂੰ ,ਇਸ ਦਰਦ ਨੂੰ ਸਮਝ ਸਕੇ ?

ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈੈਸਟਰ ਦਾ ਸਿੱਖੀ ਕੈਂਪ ਕਾਮਯਾਬ ਹੋ ਨਿਬੜਿਆ
Next articleਪੱਥਰ ਤੇ ਪੁਲ਼