ਪੁਸਤਕ ਸਮੀਖਿਆ: ਕੁਦਰਤ ਕਾਰੀਗਰ ਹੈ (ਕਾਵਿ ਸੰਗ੍ਰਹਿ)

ਕਵਿੱਤਰੀ: Kiran Kaur 
ਪੰਨੇ: 125
ਪ੍ਰਕਾਸ਼ਕ: Golden key publication 
ਮੁੱਲ: 200/-
ਕਿਰਨ ਕੌਰ ਪੰਜਾਬੀ ਸਾਹਿਤ ਦੀ ਉੱਭਰਦੀ ਹੋਈ ਕਵਿੱਤਰੀ ਹੈ। ‘ਕੁਦਰਤ ਕਾਰੀਗਰ ਹੈ’ ਭਾਵੇਂ ਉਸਦਾ ਪਹਿਲਾ ਕਾਵਿ ਸੰਗ੍ਰਹਿ ਹੈ ਪ੍ਰੰਤੂ ਉਸਦੀ ਰਚਨਾ ਵਿਚ ਪੁਖ਼ਤਗੀ ਦੇਖੀ ਜਾ ਸਕਦੀ ਹੈ। ਉਸਦੀ ਰਚਨਾ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਹੈ। ਉਸਨੇ ਲਗਭਗ ਹਰੇਕ ਤਰ੍ਹਾਂ ਦੇ ਸਰੋਕਾਰਾਂ ਨੂੰ ਆਪਣੇ ਸ਼ਿਅਰਾਂ ਵਿਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ । ਇਹ ਸਰੋਕਾਰ ਭਾਵੇਂ ਸਮਾਜਿਕ ਹੋਵੇ ਜਾਂ ਆਰਥਿਕ, ਜਿੱਥੇ ਉਸਦੀ ਤਿੱਖੀ ਚੇਤਨਾ ਹੂਕ, ਦਰਦ, ਟੀਸ ਰਾਹੀਂ ਕੁੜੀਆਂ ਨਾਲ ਹੋਏ ਬਲਾਤਕਾਰ ਦੀ ਗੱਲ ਕਰਦੀ ਹੈ, ਉੱਥੇ ਹੀ ਉਹ ਮੁੰਡਿਆਂ ਦੀ ਗੱਲ ਕਰਦੀ ਹੋਈ ਸਥਾਪਤੀ ਨੂੰ ਵੰਗਾਰਨ ਦੀ ਸਮਰੱਥਾ ਵੀ ਰੱਖਦੀ ਹੈ:-
” ਤੈਨੂੰ ਪਤਾ…?
 ਮੁੰਡੇ ਵੀ ਰੋਂਦੇ ਨੇ
 ਬੱਸ ਫ਼ਰਕ ਇੰਨਾ ਹੈ
 ਕਿ ਲੁੱਕ-ਲੁੱਕ ਕੇ…।”
ਕਿਰਨ ਕੌਰ ਦੀ ਸ਼ਾਇਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਲੋਕਾਂ ਦੀ ਸ਼ਾਇਰਾ ਹੈ। ਪਰਦੇਸ ਵਿਚ ਰਹਿੰਦਿਆਂ ਹੋਇਆਂ ਵੀ ਵਿਰਸੇ ਨਾਲ ਜੁੜੇ ਹੋਣ ਕਰਕੇ ਉਸਦੀ ਸ਼ਾਇਰੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ। ਇਹੀ ਕਾਰਣ ਹੈ ਕਿ ਉਸਦੀ ਸ਼ਾਇਰੀ ਰੋਮਾਂਸਵਾਦ ਦੀ ਗੱਲ ਤਾਂ ਕਰਦੀ ਹੈ ਪਰ ਗੰਭੀਰਤਾ ਕਰਕੇ ਯਥਾਰਥਵਾਦ ਉੱਤੇ ਕੇਂਦਰਿਤ ਹੈ।
         ਕਿਰਨ ਕੌਰ ਦੀ ਸ਼ਾਇਰੀ ਜਿੱਥੇ ਪ੍ਰਗਤੀਵਾਦ, ਰੁਮਾਂਸਵਾਦ, ਯਥਾਰਥਵਾਦ ਅਤੇ ਰਹੱਸਵਾਦ ਦੀ ਗੱਲ ਕਰਦੀ ਹੈ, ਉੱਥੇ ਹੀ ਉਸਦੀ ਸ਼ਾਇਰੀ ਦੀ ਬੁਲੰਦ ਸੁਰ ਨੌਜਵਾਨ ਪੀੜ੍ਹੀ ਲਈ ਆਸ਼ਾਵਾਦ ਅਤੇ ਭਗਤੀ ਦਾ ਸੁਨੇਹਾ ਵੀ ਹੈ। ਉਸਦੀ ਸ਼ਾਇਰੀ ਅੱਜ ਦੇ ਨੌਜਵਾਨ ਦੀ ਸੋਚ ਨੂੰ ਸੰਕੁਚਿਤ ਬਣਾਉਣ ਦੀ ਥਾਂ ਵਿਸ਼ਾਲ ਬਣਾਉਂਦੀ ਹੈ। ਉਸਦੀ ਸ਼ਾਇਰੀ ਵਿਚ ਪ੍ਰਭੂ ਪ੍ਰਮਾਤਮਾ ਨਾਲ਼ੋਂ ਵਿਛੋੜਾ ਅਤੇ ਮੁੜ ਉਸਨੂੰ ਮਿਲਣ ਦੀ ਤਾਂਘ ਸਾਫ਼ ਦਿਖਾਈ ਦਿੰਦੀ ਹੈ। ਜਿਵੇਂ ਉਸਨੇ ਆਪਣੀ ਕਵਿਤਾ “ਅੱਲ੍ਹਾ” ਵਿੱਚ ਲਿਖਿਆ ਹੈ ਕਿ:
“ਹੱਥ ਫੜ੍ਹ ਤਸਬੀ ਨਾਮ ਜਪਾ ਮੈਂ
 ਅੱਲ੍ਹਾ ਨੂੰ ਧਿਆਵਾਂ ।
 ਬਿਰਹੋਂ ਦੇ ਵਿਚ ਵਗਦੇ ਹੰਝੂ
 ਕਿੱਦਾਂ ਦਿਲ ਸਮਝਾਵਾਂ ?
 ਮਿਲ ਹਬੀਬ ਦੇ ਪੈਰ ਨੇ ਚੁੰਮਣੇ,
 ਬੇਸ਼ੱਕ ਕੰਜਰੀ ਕਹਾਵਾਂ।
 ਸਈਓ ਨੀਂ! ਮੇਰਾ ਰੁੱਸ ਗਿਆ ਮਾਹੀ,
 ਕਿੱਦਾਂ ਮੈਂ ਮਨਾਵਾਂ ?
 ਕੋੜੇ ਮਾਰਾਂ, ਛਾਤੀ ਪਿੱਟਾਂ
 ਖ਼ੁਦ ਨੂੰ ਦਿਆਂ ਸਜਾਵਾਂ,
 ਜੇਕਰ ਮਾਹੀ ਜਾਨ ਵੀ ਮੰਗੇ
 ਖ਼ੁਸ਼ੀ-ਖ਼ੁਸ਼ੀ ਦੇ ਆਵਾਂ।”
        ਕਵਿਤਾ ਕਹਿਣ ਲੱਗਿਆਂ ਇਸ਼ਾਰੀਅਤ ਅਤੇ ਰਮਜ਼ੀਅਤ ਦਾ ਪ੍ਰਯੋਗ ਕਰਨ ਵਾਲਾ ਹੀ ਅਸਲ ਸ਼ਾਇਰ ਅਖਵਾਉਂਦਾ ਹੈ। ਕਵਿਤਾ ਕਹਿਣੀ ਬੜੀ ਔਖੀ ਹੈ ਅਤੇ ਸੌਖੇ ਢੰਗ ਨਾਲ ਕਹਿਣੀ ਹੋਰ ਵੀ ਔਖੀ ਹੈ। ਮੈਨੂੰ ਖ਼ੁਸ਼ੀ ਹੈ ਕਿ ਕਿਰਨ ਨੇ ਇਸ਼ਾਰੀਅਤ ਤੇ ਰਮਜ਼ੀਅਤ ਭਰੀਆਂ ਕਵਿਤਾਵਾਂ ਪਾਠਕਾਂ ਅੱਗੇ ਪੇਸ਼ ਕੀਤੀਆਂ ਹਨ। ਸ਼ਾਇਰੀ ਦੇ ਸਮੁੱਚੇ ਗੁਣਾਂ ਨਾਲ ਓਤਪੋਤ ਇਸ ਪੁਸਤਕ ਦੀ ਤਸਦੀਕ ਸ਼ਾਇਰਾ ਤਾਂ ਕਰਦੀ ਹੀ ਹੈ, ਉੱਥੇ ਮੈਂ ਵੀ ਇਸਦੀ ਤਸਦੀਕ ਕਰਦਾ ਹੋਇਆ ਪਾਠਕਾਂ ਨੂੰ ਪੜ੍ਹਨ ਲਈ ਸੁਝਾਅ ਦਿੰਦਾ ਹਾਂ ਤਾਂ ਜੋ ਉਹ ਪੜ੍ਹ ਕੇ ਇਕ ਚੇਤਨ ਨਾਗਰਿਕ ਬਣ ਸਕਣ।
 ਫ਼ਿਰਦੌਸੀ Dilraj Singh 
   ੧੬ ਮਾਘ (੮:੨੯ ਵਜੇ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਕਹਾਣੀ ਆਲਾ ਕੀੜਾ 
Next articleਮੈਨੂੰ ਮਿੰਨੀ ਕਹਾਣੀ ‘ਸਿੱਖ’ ਕਿਉਂ ਚੰਗੀ ਲੱਗੀ