ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਪੁਸਤਕ ਮੇਲਿਆਂ ਦਾ ਮਹੱਤਵ ਸਮਾਜ ਦੇ ਹਰ ਪੱਖ ਨੂੰ ਛੂਹੰਦਾ ਹੈ। ਇਹ ਸਿਰਫ਼ ਕਿਤਾਬਾਂ ਦਾ ਮੇਲਾ ਹੀ ਨਹੀਂ ਹੁੰਦਾ, ਸਗੋਂ ਇਹ ਸਿੱਖਣ, ਸਮਝਣ ਅਤੇ ਅਦਬ ਨੂੰ ਜਿਉਂਦਾ ਰੱਖਣ ਦਾ ਮੌਕਾ ਵੀ ਦਿੰਦਾ ਹੈ। ਹਾਲ ਹੀ ਵਿਚ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮਨਾਇਆ ਗਿਆ ਮੇਲਾ ਇਸਦਾ ਇੱਕ ਵੱਡਾ ਉਦਾਹਰਨ ਹੈ। ਇਸ ਮੇਲੇ ‘ਚ ਪੁਸਤਕਾਂ ਦਾ ਮੇਲਾ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਜਿਸ ਨੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ।
ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਵੱਖ-ਵੱਖ ਪ੍ਰਕਾਸ਼ਕਾਂ ਨੇ ਇਸ ਪੁਸਤਕ ਮੇਲੇ ਵਿੱਚ ਸ਼ਮੂਲੀਅਤ ਕੀਤੀ। ਤਕਰੀਬਨ 100 ਤੋਂ ਵੱਧ ਪ੍ਰਕਾਸ਼ਕਾਂ ਨੇ ਆਪਣੇ ਸਟਾਲ ਲਗਾਕੇ ਪੁਸਤਕ ਪ੍ਰੇਮੀ ਪਾਠਕਾਂ ਨੂੰ ਆਪਣੇ-ਆਪਣੇ ਸਾਹਿਤਕ ਸਫਰ ਨਾਲ ਜਾਣੂ ਕਰਵਾਇਆ। ਇਹ ਅਸਲ ਵਿੱਚ ਇੱਕ ਐਸਾ ਪਲੇਟਫਾਰਮ ਸੀ ਜਿੱਥੇ ਸਿਰਫ਼ ਕਿਤਾਬਾਂ ਹੀ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਦੀਆਂ ਬਹੁਮੂਲੀ ਚੀਜ਼ਾਂ ਵੀ ਵੇਖਣ ਨੂੰ ਮਿਲੀਆਂ।
ਫੋਟੋ ਪ੍ਰਦਰਸ਼ਨੀ ਦੇ ਨਾਲ-ਨਾਲ ਪੁਸਤਕ ਮੇਲੇ ਨੇ ਪੁਰਾਤਨ ਵਿਰਸੇ ਦੀਆਂ ਅਣਮੋਲ ਚੀਜ਼ਾਂ ਨੂੰ ਵੀ ਲੋਕਾਂ ਸਾਹਮਣੇ ਰੱਖਿਆ। ਇਥੇ ਮਿਲਣ ਵਾਲੀਆਂ ਵਸਤਾਂ, ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ, ਉਨ੍ਹਾਂ ਨੂੰ ਵੇਖ ਕੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਸੀ। ਇਹ ਮੇਲਾ ਸਿਰਫ਼ ਕਿਤਾਬਾਂ ਦੇ ਵੰਡ ਲਈ ਨਹੀਂ, ਸਗੋਂ ਸਮਾਜ ਦੇ ਵੱਖਰੇ ਪੱਖਾਂ ਨੂੰ ਜਿਉਂਦਾ ਰੱਖਣ ਦਾ ਮਾਧਿਅਮ ਵੀ ਬਣਿਆ।
ਇਸ ਪੁਸਤਕ ਮੇਲੇ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਸੀ ਕਿ ਇਸਨੇ ਪਾਠਕਾਂ ਅਤੇ ਲੇਖਕਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਦਾ ਮੌਕਾ ਵੀ ਦਿੱਤਾ। ਵੱਖ-ਵੱਖ ਸਾਹਿਤਕਾਰਾਂ ਨਾਲ ਮਿਲਕੇ ਪਾਠਕਾਂ ਨੂੰ ਕਿਤਾਬਾਂ ਬਾਰੇ ਆਪਣੇ ਸਵਾਲ ਪੁੱਛਣ ਦਾ ਮੌਕਾ ਮਿਲਿਆ, ਜਿਨ੍ਹਾਂ ਦਾ ਜਵਾਬ ਦੇਣ ਵਿਚ ਲੇਖਕਾਂ ਨੂੰ ਵੀ ਮਾਣ ਮਹਿਸੂਸ ਹੋਈਆ। ਬਹੁਤ ਸਾਰੇ ਪਾਠਕਾਂ ਨੇ ਆਪਣੇ ਪ੍ਰਸਿੱਧ ਲੇਖਕਾਂ ਨਾਲ ਮੁਲਾਕਾਤ ਕਰਕੇ ਸੇਲਫ਼ਿਆ ਵੀ ਖਿੱਚੀਆਂ, ਜੋ ਮੇਲੇ ਦੀ ਖਾਸ ਯਾਦਗਾਰ ਬਣ ਗਈਆਂ।
ਪੁਸਤਕ ਮੇਲੇ ਵਿਚ ਬੱਚਿਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਬਾਲ ਸਾਹਿਤ ਨਾਲ ਜੁੜੀਆਂ ਕਿਤਾਬਾਂ ਖਰੀਦਦੇ ਵੇਖੇ ਗਏ, ਜੋ ਇਹ ਦਰਸਾਉਂਦਾ ਹੈ ਕਿ ਅੱਜ ਦੀ ਨਵੀਂ ਪੀੜ੍ਹੀ ਵਿੱਚ ਵੀ ਕਿਤਾਬਾਂ ਲਈ ਦਿਲਚਸਪੀ ਹੈ। ਇਸੇ ਤਰ੍ਹਾਂ ਪੁਸਤਕ ਮੇਲਾ ਨੌਜਵਾਨਾਂ ਦੇ ਮਨ ਵਿੱਚ ਬੱਚਪਨ ਤੋਂ ਹੀ ਕਿਤਾਬਾਂ ਪ੍ਰਤੀ ਮੋਹ ਪੈਦਾ ਕਰਨ ਲਈ ਇਕ ਉੱਤਮ ਮੰਚ ਸਾਬਤ ਹੋਇਆ।
ਜਦੋਂ ਲੋਕ ਪੁਸਤਕ ਮੇਲੇ ਵਿਚੋਂ ਰੁਖਸਤ ਹੋਏ ਤਾਂ ਹਰ ਕਿਸੇ ਦੇ ਹੱਥ ਵਿੱਚ ਕਿਤਾਬਾਂ ਅਤੇ ਚਿਹਰੇ ਤੇ ਇੱਕ ਵੱਖਰੀ ਖੁਸ਼ੀ ਦੀ ਝਲਕ ਸੀ। ਇਹ ਮੇਲਾ ਇਹ ਗਵਾਹੀ ਦੇ ਰਿਹਾ ਸੀ ਕਿ ਲੋਕਾਂ ਨੂੰ ਅੱਜ ਵੀ ਕਿਤਾਬਾਂ ਨਾਲ ਪਿਆਰ ਹੈ ਅਤੇ ਉਹ ਉਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਵੀ ਰੱਖਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly