HOME ਬਲੱਡ ਪ੍ਰੈਸ਼ਰ ਪ੍ਰਤੀ ਲਾਪ੍ਰਵਾਹੀ ਪੈ ਸਕਦੀ ਮਹਿੰਗੀ : ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ

ਬਲੱਡ ਪ੍ਰੈਸ਼ਰ ਪ੍ਰਤੀ ਲਾਪ੍ਰਵਾਹੀ ਪੈ ਸਕਦੀ ਮਹਿੰਗੀ : ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ

30 ਸਾਲ ਤੋਂ ਬਾਅਦ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਨਾ ਭੁੱਲੋ 
– ਹਾਈ ਬਲੱਡ ਪ੍ਰੈਸ਼ਰ ਬਣ ਰਿਹਾ ‘ਸਾਇਲੈਂਟ ਕਿਲਰ’, ਲੋਕ ਰਹਿਣ ਸਾਵਧਾਨ 
– ਜੀਵਨਸ਼ੈਲੀ ਵਿੱਚ ਸੁਧਾਰ ਕਰਕੇ ਬਲੱਡ ਪ੍ਰੈਸ਼ਰ ਤੋਂ ਬਚਾਅ ਸੰਭਵ
– ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਪ੍ਰਤੀ ਜਾਗਰੂਕ ਕੀਤਾ
ਨਵਾਂਸ਼ਹਿਰ,  (ਸਮਾਜ ਵੀਕਲੀ)   (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸਾਲ ਵਿਸ਼ਵ ਹਾਈਪਰਟੈਂਸ਼ਨ ਦਿਵਸ-2026 ਦਾ ਮੁੱਖ ਥੀਮ “ਹਾਈਪਰਟੈਂਸ਼ਨ ਨੂੰ ਮਿਲ ਕੇ ਕੰਟਰੋਲ ਕਰੀਏ ਹੈ।” ਇਸ ਥੀਮ ਦਾ ਮੁੱਖ ਉਦੇਸ਼ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਦੀ ਸਮੇਂ ਸਿਰ ਜਾਂਚ ਤੇ ਕੰਟਰੋਲ ਦੀ ਮਹੱਤਤਾ ਬਾਰੇ ਸਚੇਤ ਕਰਨਾ ਹੈ। ਇਹ ਥੀਮ ਇਸ ਗੱਲ ’ਤੇ ਵੀ ਜ਼ੋਰ ਦਿੰਦਾ ਹੈ ਕਿ ਹਾਈਪਰਟੈਂਸ਼ਨ ਨੂੰ ਕਾਬੂ ਕਰਨਾ ਕੇਵਲ ਇੱਕ ਵਿਅਕਤੀ ਦੀ ਨਹੀਂ, ਸਗੋਂ ਮਰੀਜ਼, ਪਰਿਵਾਰ, ਮੈਡੀਕਲ ਪੇਸ਼ੇਵਰਾਂ ਤੇ ਸਿਹਤ ਕਰਮਚਾਰੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਕਿਹਾ ਕਿ ਹਾਈਪਰਟੈਂਸ਼ਨ ਅੱਜ ਦੇ ਸਮੇਂ ਦੀ ਸਭ ਤੋਂ ਵੱਡੀਆਂ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੇਤਰਤੀਬ ਜੀਵਨਸ਼ੈਲੀ, ਤਣਾਅ, ਘੱਟ ਸਰੀਰਕ ਕਿਰਿਆਸ਼ੀਲਤਾ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਨੂੰ “ਸਾਇਲੈਂਟ ਕਿਲਰ” ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਕਈ ਵਾਰ ਸ਼ੁਰੂਆਤੀ ਪੜਾਅ ’ਚ ਸਾਹਮਣੇ ਨਹੀਂ ਆਉਂਦੇ, ਪਰ ਇਹ ਦਿਲ ਦੇ ਦੌਰੇ, ਅਧਰੰਗ, ਗੁਰਦੇ ਦੀਆਂ ਬਿਮਾਰੀਆਂ ਅਤੇ ਅੰਨ੍ਹੇਪਣ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਖ਼ਾਸ ਕਰਕੇ 30 ਸਾਲ ਦੀ ਉਮਰ ਤੋਂ ਬਾਅਦ ਨਿਯਮਿਤ ਤੌਰ ’ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਡਾ ਸਤਵਿੰਦਰਪਾਲ ਸਿੰਘ ਨੇ ਅੱਗੇ ਕਿਹਾ ਕਿ ਹਾਈਪਰਟੈਂਸ਼ਨ ਦੀ ਸਮੇਂ ਸਿਰ ਪਛਾਣ, ਨਿਯਮਿਤ ਦਵਾਈਆਂ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਇਸ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘੱਟ ਨਮਕ ਅਤੇ ਚਰਬੀ ਵਾਲਾ ਭੋਜਨ, ਹਰੀ ਸਬਜ਼ੀਆਂ ਅਤੇ ਫਲਾਂ ਦੀ ਵੱਧ ਵਰਤੋਂ, ਤੰਬਾਕੂ ਅਤੇ ਸ਼ਰਾਬ ਤੋਂ ਦੂਰ ਰਹਿਣਾ ਅਤੇ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਜਾਂ ਕਸਰਤ ਕਰਨਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਅਤੇ ਤਣਾਅ-ਮੁਕਤ ਜੀਵਨ ਜੀਊਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਸਮੇਂ-ਸਮੇਂ ’ਤੇ ਜਾਂਚ ਕਰਵਾਉਣ, ਤਾਂ ਹਾਈ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫਸਰ (ਸਪੈਸ਼ਲਿਸਟ) ਡਾ ਪ੍ਰਿਅੰਕਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleHindu Nationalism: Democracy on a Free fall
Next article‘ਜ਼ਿੰਦਗੀ ਜ਼ਿੰਦਾਬਾਦ’ ਕਿਤਾਬ ਘਰ, ਘੜਾਮਾਂ ਵਿਖੇ ਫਿਲਮ ‘ਚੜ੍ਹਦੀ ਕਲਾ’ ਦੀ ਟੀਮ ਨੇ ਲਗਾਈਆਂ ਰੌਣਕਾਂ