ਜਾਂਚ ਏਜੰਸੀਆਂ ਨੂੰ ਵਿਰੋਧੀਆਂ ਖ਼ਿਲਾਫ਼ ਵਰਤ ਰਹੀ ਹੈ ਭਾਜਪਾ: ਕਨ੍ਹੱਈਆ

ਜਲੰਧਰ (ਸਮਾਜ ਵੀਕਲੀ):  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਅਤੇ ਛਾਪੇ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਮਾਮਲੇ ਵਿਚ ਚੰਨੀ ਦਾ ਬਚਾਅ ਕਰਦਿਆਂ ਕਾਂਗਰਸ ਦੇ ਕੌਮੀ ਬੁਲਾਰੇ ਕਨ੍ਹੱਈਆ ਕੁਮਾਰ ਨੇ ਅੱਜ ਕਿਹਾ ਕਿ ਭਾਜਪਾ ਜਾਂਚ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰੀ ਏਜੰਸੀਆਂ ਦੇ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਬਹੁਤ ਵਧੀਆ ਰੁਤਬਿਆਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਕਰਕੇ ਉਹ ਉਨ੍ਹਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ।

ਕਾਂਗਰਸ ਦੇ ਨੌਜਵਾਨ ਆਗੂ ਕਨ੍ਹੱਈਆ ਕੁਮਾਰ ਅੱਜ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਕੇਂਦਰੀ ਏਜੰਸੀਆਂ ਨੂੰ ਇਹ ਪੇਸ਼ਕਸ਼ ਕਰ ਰਹੀ ਹੈ ਕਿ ਉਹ ਪਾਰਟੀ ਲਈ ਕੰਮ ਕਰਨ ਤੇ ਉਨ੍ਹਾਂ ਨੂੰ ਮੁੜ ਵਧੀਆ ‘ਨੌਕਰੀ’ ’ਤੇ ਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈਡੀ ਦੇ ਸਾਬਕਾ ਜੁਆਇੰਟ ਡਾਇਰੈਕਟਰ ਕੁਝ ਦਿਨ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਹਨ ਤੇ ਉਨ੍ਹਾਂ ਨੂੰ ਲਖਨਊ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਹਾਲਾਂਕਿ ਕਨ੍ਹੱਈਆ ਕੁਮਾਰ ਨੇ ਈਡੀ ਦੇ ਸਾਬਕਾ ਜੁਆਇੰਟ ਡਾਇਰੈਕਟਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ। ਕਨ੍ਹੱਈਆ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਦਾ ਮਜ਼ਾਕ ਉਡਾਉਣ ਲਈ ਪਾਈਆਂ ਵੀਡੀਓਜ਼ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹਰ ਗਰੀਬ ਬੰਦੇ ਨੂੰ ਹਾਲਾਤ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਨ ਲਈ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ।

ਭਾਵੇਂ ਚਰਨਜੀਤ ਚੰਨੀ ਟੈਂਟ ਲਾਉਂਦੇ ਰਹੇ ਜਾਂ ਪਟਾਕੇ ਵੇਚਦੇ ਰਹੇ ਸਨ ਪਰ ਉਨ੍ਹਾਂ ਨੂੰ ਜਿਵੇਂ ਸੋਸ਼ਲ ਮੀਡੀਆ ’ਤੇ ਵਿਰੋਧੀ ਧਿਰਾਂ ਟਰੋਲ ਕਰ ਰਹੀਆਂ ਹਨ, ਅਸਲ ਵਿਚ ਉਹ ਗਰੀਬਾਂ ਦਾ ਮਜ਼ਾਕ ਉਡਾ ਰਹੀਆਂ ਹਨ। ਕਨ੍ਹੱਈਆ ਨੇ ਕਿਹਾ ਕਿ ਗਰੀਬੀ ਦੌਰਾਨ ਉਨ੍ਹਾਂ ਨੇ ਵੀ ਪੋਲੀਓ ਬੂੰਦਾਂ ਪਿਲਾਉਣ, ਕੋਚਿੰਗ ਸੈਂਟਰ ਵਿਚ ਕੰਮ ਕਰਨ, ਏਅਰਕੰਡੀਸ਼ਨਰ ਤੇ ਫਰਿੱਜਾਂ ਦੀ ਮੁਰੰਮਤ ਕਰਨ ਦੇ ਕੰਮ ਕੀਤੇ ਹਨ। ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਸੰਘਰਸ਼ ਕਰਨਾ ਪੈਂਦਾ ਹੈ ਪਰ ਕੋਈ ਨਹੀਂ ਜਾਣਦਾ ਕਿ ਕਿਸਮਤ ਉਨ੍ਹਾਂ ਨੂੰ ਕਿੱਥੇ ਲੈ ਜਾਵੇਗੀ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਵੀ ਯੂਪੀਐੱਸਸੀ ਪਾਸ ਕਰਨ ਦਾ ਸੀ ਪਰ ਉਹ ਸਿਆਸਤਦਾਨ ਬਣ ਗਏ। ਇਹ ਤਾਂ ਅਮੀਰ ਲੋਕਾਂ ਦੇ ਬੱਚੇ ਬਚਪਨ ਤੋਂ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਕਿਹੋ ਜਿਹੇ ਹੋਣਾ ਹੈ। ਰਾਜੇ ਦਾ ਪੁੱਤਰ ਇਕ ਦਿਨ ਰਾਜਾ ਬਣ ਜਾਂਦਾ ਹੈ ਤੇ ਡਾਕਟਰ ਦਾ ਪੁੱਤਰ ਡਾਕਟਰ ਬਣ ਜਾਂਦਾ ਹੈ।

 

‘ਚੰਨੀ ਦੇ ਹਰਮਨਪਿਆਰਾ ਹੋਣ ਤੋਂ ਡਰੀ ਹੋਈ ਹੈ ਭਾਜਪਾ’

ਕਨ੍ਹੱਈਆ ਕੁਮਾਰ ਨੇ ਕਿਹਾ ਕਿ ਭਾਜਪਾ ਚਰਨਜੀਤ ਸਿੰਘ ਚੰਨੀ ਦੀ ਹਰਮਨਪਿਆਰਤਾ ਤੋਂ ਡਰੀ ਹੋਈ ਹੈ ਤੇ ਈਡੀ ਦੇ ਛਾਪੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਹੀ ਮਾਰੇ ਗਏ ਹਨ। ਉਨ੍ਹਾਂ ਚੰਨੀ ਦਾ ਬਚਾਅ ਕਰਦਿਆਂ ਕਿਹਾ ਕਿ ਕੀ ਤੁਸੀਂ ਸੋਚ ਸਕਦੇ ਹੋ ਕਿ ਜਿਸ ਵਿਅਕਤੀ ਨੂੰ ਫਸਾਉਣਾ ਹੋਵੇ, ਉਸ ਦੇ ਟਿਕਾਣਿਆਂ ’ਤੇ ਜਾਂਚ ਏਜੰਸੀਆਂ ਬੜੇ ਤਰੀਕੇ ਨਾਲ ਨਸ਼ੇ ਅਤੇ ਹਥਿਆਰ ਪਹੁੰਚਦੇ ਕਰ ਦਿੰਦੀਆਂ ਹਨ। ਇਸ ਲਈ ਪੈਸੇ ਪਹੁੰਚਾਉਣਾ ਉਨ੍ਹਾਂ ਲਈ ਕਿੱਡੀ ਕੁ ਔਖੀ ਗੱਲ ਹੈ? ਉਨ੍ਹਾਂ ਕੇਂਦਰੀ ਏਜੰਸੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਚੋਣਾਂ ਦੌਰਾਨ ਕਾਨੂੰਨੀ ਰਸਤਾ ਅਪਣਾਉਣ ਦੀ ਥਾਂ ਸਿਆਸੀ ਢੰਗ-ਤਰੀਕੇ ਅਪਣਾ ਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਕਾਂਗਰਸ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਤਿਆਰ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਦਰਾਬਾਦ: ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਨਾ ਪੁੱਜੇ ਕੇਸੀਆਰ
Next articleਕਰਨਾਟਕ: ਹਿਜਾਬ ’ਤੇ ਪਾਬੰਦੀ ਬਾਅਦ ਸਥਿਤੀ ਤਣਾਅਪੂਰਨ; ਹੱਕ ਤੇ ਵਿਰੋਧ ’ਚ ਲਾਮਬੰਦੀ