ਹੈਦਰਾਬਾਦ: ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਨਾ ਪੁੱਜੇ ਕੇਸੀਆਰ

ਹੈਦਰਾਬਾਦ (ਸਮਾਜ ਵੀਕਲੀ):  ਤਿਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਅੱਜ ਇਥੇ ਹੈਦਰਾਬਾਦ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਮੌਕੇ ਗੈਰਹਾਜ਼ਰ ਰਹੇ। ਭਾਜਪਾ ਨੇ ਕੇਸੀਆਰ ਦੀ ਗੈਰਹਾਜ਼ਰੀ ਨੂੰ ਪ੍ਰੋਟੋਕੋਲ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਨਿਰਾਦਰ ਕੀਤਾ ਹੈ। ਸ੍ਰੀ ਮੋਦੀ 11ਵੀਂ ਸਦੀ ਦੇ ਸੰਤ ਸ੍ਰੀ ਰਾਮਾਨੁਜਾਚਾਰੀਆ ਦੀ ਯਾਦ ਵਿੱਚ ‘ਸਟੈਚੂ ਆਫ਼ ਇਕੁਐਲਿਟੀ’ ਰਾਸ਼ਟਰ ਨੂੰ ਸਮਰਪਿਤ ਕਰਨ ਤੇ ਆਈਸੀਆਰਆਈਐੱਸਏਟੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਆਗਾਜ਼ ਲਈ ਹੈਦਰਾਬਾਦ ਆਏ ਸਨ।

ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਹਿਣ ਵਾਲਿਆਂ ਵਿੱਚ ਰਾਜਪਾਲ ਤਾਮਿਲੀਸਾਈ ਸੁੰਦਰਾਜਨ, ਕੇਂਦਰੀ ਸੈਰ-ਸਪਾਟਾ ਮੰਤਰੀ ਜੀ.ਕਿਸ਼ਨ ਰੈੱਡੀ ਤੇ ਤਿਲੰਗਾਨਾ ਸਰਕਾਰ ’ਚ ਮੰਤਰੀ ਤਾਲਾਸਾਨੀ ਸ੍ਰੀਨਿਵਾਸ ਯਾਦਵ ਤੇ ਹੋਰ ਵੀਆਈਪੀ ਮੌਜੂਦ ਸਨ। ਰਾਓ ਦੀ ਸਰਕਾਰੀ ਰਿਹਾਇਸ਼ ਪ੍ਰਗਤੀ ਭਵਨ ਵਿਚਲੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਬੁਖ਼ਾਰ ਹੋਣ ਕਰਕੇ ਉਨ੍ਹਾਂ ਦੀ ਸਿਹਤ ਨਾਸਾਜ਼ ਸੀ। ਮੁੱਖ ਮੰਤਰੀ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰੋਟੋਕੋਲ ਤਹਿਤ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿੱਚ ਤਾਲਾਸਾਨੀ ਸ੍ਰੀਨਿਵਾਸ ਨੂੰ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਨਾਮਜ਼ਦ ਕੀਤਾ ਗਿਆ ਸੀ। ਉਧਰ ਤਿਲੰਗਾਨਾ ਭਾਜਪਾ ਦੇ ਪ੍ਰਧਾਨ ਬਾਂਦੀ ਸੰਜੈ ਕੁਮਾਰ ਨੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਹਵਾਈ ਅੱਡੇ ’ਤੇ ਗੈਰਹਾਜ਼ਰੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਮੁੱਖ ਮੰਤਰੀ ਵੱਲੋਂ ਬਹਾਨੇ ਘੜੇ ਜਾਣਾ ‘ਸ਼ਰਮਨਾਕ’ ਹੈ। ਉਨ੍ਹਾਂ ਕਿਹਾ, ‘‘ਸ੍ਰੀਮਾਨ ਕੇਸੀਆਰ, ਕੀ ਇਹੀ ਤੁਹਾਡੀ ਸੰਸਕ੍ਰਿਤੀ ਹੈ? ਤੁਸੀਂ 80,000 ਕਿਤਾਬਾਂ ਪੜ੍ਹਨ ਦਾ ਦਾਅਵਾ ਕਰਦੇ ਹੋ। ਕੀ ਤੁਸੀਂ ਇਨ੍ਹਾਂ ਤੋਂ ਇਹੀ ਕੁਝ ਸਿੱਖਿਆ ਹੈ?’’ ਕੁਮਾਰ ਨੇ ਕਿਹਾ, ‘‘ਇਹ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਆਪਣਾ ਚਿਹਰਾ ਵਿਖਾਉਣ ਤੋਂ ਭੱਜ ਰਹੇ ਸਨ, ਕਿਉਂਕਿ ਪੂਰਾ ਮੁਲਕ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਖਿਲਾਫ਼ ਵਰਤੀ ਮੰਦੀ ਭਾਸ਼ਾ ਲਈ ਘਿਰਣਾ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਿਰਾਦਰ ਪੂਰੇ ਦੇਸ਼ ਦਾ ਨਿਰਾਦਰ ਹੈ। ਕਾਬਿਲੇਗੌਰ ਹੈ ਕਿ ਕੇਸੀਆਰ ਨੇ ਕੇਂਦਰੀ ਬਜਟ 2022-23 ਨੂੰ ‘ਗੋਲਮਾਲ ਬਜਟ’ ਦਸਦਿਆਂ ਕਿਹਾ ਸੀ ਕਿ ਇਹ ਕਿਸਾਨਾਂ, ਕਾਮਿਆਂ ਤੇ ਆਮ ਲੋਕਾਂ ਨੂੰ ਨਿਰਾਸ਼ ਕਰਨ ਵਾਲਾ ਹੈ। ਰਾਓ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਬਜਟ ਵਿਚਲੀਆਂ ਤਜਵੀਜ਼ਾਂ ਲੋਕਾਂ ਨਾਲ ‘ਧਰੋਹ’ ਕਮਾਉਣ ਵਾਂਗ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article60 ਵਿਧਾਇਕ ਬਣਾ ਸਕਣ ਵਾਲਾ ਹੋਵੇ ਮੁੱਖ ਮੰਤਰੀ ਦਾ ਚਿਹਰਾ: ਸਿੱਧੂ
Next articleਜਾਂਚ ਏਜੰਸੀਆਂ ਨੂੰ ਵਿਰੋਧੀਆਂ ਖ਼ਿਲਾਫ਼ ਵਰਤ ਰਹੀ ਹੈ ਭਾਜਪਾ: ਕਨ੍ਹੱਈਆ