ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਭੀਸ਼ਮ ਸਾਹਨੀ ਦੀ ਬਹੁਤ ਹੀ ਮਕਬੂਲ ਆਤਮ ਕਥਾ *ਅੱਜ ਦੇ ਅਤੀਤ* ਪੰਜਾਬੀ ਅਨੁਵਾਦ ਡਾ.ਜਸਵਿੰਦਰ ਕੌਰ ਵੀਨੂੰ, ਸਹਾਇਕ ਸੰਪਾਦਕ *ਕਹਾਣੀ ਪੰਜਾਬ* ਨੇ ਕੀਤਾ ਹੈ। ਨਾਵਲਕਾਰ ਰਾਮ ਸਰੂਪ ਅਣਖੀ ਦੇ ਗ੍ਰਹਿ ਵਿਖੇ *ਅੱਜ ਦੇ ਅਤੀਤ* ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਦੀ ਰਸਮ ਵਿੱਚ ਡਾ. ਕ੍ਰਾਂਤੀ ਪਾਲ ਚੇਅਰਮੈਨ ਆਧੁਨਿਕ ਭਾਸ਼ਾਵਾਂ ਅਲੀਗੜ ਮੁਸਲਿਮ ਯੂਨੀਵਰਸਿਟੀ, ਭਾਰਤੀ ਸਾਹਿਤ ਅਕਾਡਮੀ ਦਿੱਲੀ ਦੇ ਮੈਂਬਰ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ, ਡਾ. ਜਸਵਿੰਦਰ ਕੌਰ ਵੀਨੂੰ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਹਰੀਸ਼ ਡਾ.ਜਸਵੀਰ ਕੌਰ ਅਤੇ ਪ੍ਰੋਫੈਸਰ ਕਮਲ ਧੀਮਾਨ ਸ਼ਾਮਿਲ ਹੋਏ।
ਪੁਸਤਕ ਲੋਕ ਅਰਪਣ ਕਰਨ ਉਪਰੰਤ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸਾਹਨੀ ਖ਼ਾਨਦਾਨ ਦਾ ਸਾਹਿਤ ਅਤੇ ਹਿੰਦੀ ਸਿਨੇਮਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਬਲਰਾਜ ਸਾਹਨੀ ਦੇ ਭਰਾ ਭੀਸ਼ਮ ਸਾਹਨੀ ਨੇ ਆਪਣੀ ਸਵੈਜੀਵਨੀ ਵਿੱਚ ਸਾਂਝੇ ਪੰਜਾਬ ਦੌਰਾਨ ਜਿਥੇ ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਦੀਆਂ ਅਟੁੱਟ ਸਾਂਝਾਂ ਦਾ ਵਰਨਣ ਕੀਤਾ ਹੈ ਉੱਥੇ ਬਟਵਾਰੇ ਦੇ ਪਿੱਛੋਂ ਪਾਕਿਸਤਾਨ ਤੋਂ ਆਏ ਲੋਕਾਂ ਵੱਲੋਂ ਉਖੜੀਆਂ ਜੜਾਂ ਲਾਉਣ ਲਈ ਕੀਤੀ ਜਦੋ ਜਹਿਦ ਦੀ ਜਾਣਕਾਰੀ ਮਿਲਦੀ ਹੈ। ਇਸ ਜੀਵਨੀ ਨੂੰ ਡਾ. ਜਸਵਿੰਦਰ ਕੌਰ ਵੀਨੂੰ ਵੱਲੋਂ ਅਨੁਵਾਦ ਕਰਕੇ ਪੰਜਾਬੀ ਦੇ ਸਵੈਜੀਵਨੀ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
ਡਾ. ਕ੍ਰਾਂਤੀ ਪਾਲ ਨੇ ਪੁਰਾਣੇ ਦਿਨ ਯਾਦ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ 50ਵੀਂ ਵਰੇਗੰਢ ਮੌਕੇ ਪ੍ਰਸਿੱਧ ਕਥਾਕਾਰ ਕਮਲੇਸ਼ਵਰ ਜੀ ਨਾਲ ਭੀਸ਼ਮ ਸਾਹਨੀ ਨੇ ਸਾਡੇ ਗ੍ਰਹਿ ਵਿਖੇ ਰਾਮ ਸਰੂਪ ਅਣਖੀ ਕੋਲ ਇੱਕ ਸ਼ਾਮ ਬਿਤਾਈ ਸੀ। ਅੱਜ ਫਿਰ ਇਸ ਘਰ ਦੀ ਫਿਜ਼ਾ ਬਦਲੀ ਹੈ। ਭੀਸ਼ਮ ਸਾਹਨੀ ਦੀ ਆਤਮ ਕਥਾ *ਅੱਜ ਦੇ ਅਤੀਤ* ਪੰਜਾਬੀ ਵਿਹੜੇ ਦਸਤਕ ਦਿੱਤੀ ਹੈ। ਰੇਣੂਕਾ ਭੈਣ ਦਾ ਸ਼ੁਕਰੀਆ ਜਿਨਾਂ ਦੇ ਅਦਾਰੇ ਨਵਯੁਗ ਨੇ ਬੜੀ ਰੀਝ ਨਾਲ ਛਾਪਿਆ ਹੈ। ਪੁਸਤਕ ਲੋਕ ਅਰਪਣ ਦੀ ਸ਼ਾਮ ਇਹਨਾਂ ਬਾਬਿਆਂ ਦੇ ਨਾਂ ਹੋ ਨਿਬੜੀ ਹੈ।
ਇਸ ਮੌਕੇ ਤੇ ਡਾ. ਹਰੀਸ਼ ਨੇ ਕਿਹਾ ਕਿ ਭੀਸ਼ਮ ਸਾਹਨੀ ਅਣਵੰਡੇ ਭਾਰਤੀ ਪੰਜਾਬ ਦੇ ਉਹ ਪ੍ਰਸਿੱਧ ਲੇਖਕ ਹਨ ਜਿਹਨਾਂ ਨੇ ਸਾਹਿਤ ਨੂੰ ਵੱਡਮੁੱਲੀਆਂ ਰਚਨਾਵਾਂ ਦਿਤੀਆਂ ਹਨ। ਭੀਸ਼ਮ ਸਾਹਨੀ ਹਿੰਦੀ ਦੇ ਕਲਾਸਿਕ ਸਾਹਿਤ ਦੇ ਨਾਮਵਰ ਹਸਤਾਖਰ ਹਨ। ਰਾਵਲਪਿੰਡੀ ਵਿੱਚ ਪੈਦਾ ਹੋਏ ਭੀਸ਼ਮ ਸਾਹਨੀ ਨੇ ਪੰਜਾਬ ਦੇ ਸੱਭਿਆਚਾਰ, ਸਮਾਜ ਅਤੇ ਮਨੋਵਿਗਿਆਨ ਨੂੰ ਹਿੰਦੀ ਸਾਹਿਤ ਵਿੱਚ *ਤਮਸ* ਵਰਗੇ ਸਾਹਿਤ ਅਕੈਡਮੀ ਜੇਤੂ ਨਾਵਲ ਲਿਖ ਕੇ ਦੂਰ ਦੂਰ ਤੱਕ ਫੈਲਾਇਆ। *ਅੱਜ ਦੇ ਅਤੀਤ* ਕਿਤਾਬ ਉਹਨਾਂ ਦੀ ਜਿੰਦਗੀ ਦਾ ਉਹ ਦਸਤਾਵੇਜ ਹੈ ਜਿਸ ਨੂੰ ਡਾ.ਜਸਵਿੰਦਰ ਕੌਰ ਵੀਨੂੰ ਨੇ ਪੰਜਾਬੀ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਲਈ ਨਵੀਂ ਸੌਗਾਤ ਬਖਸ਼ੀ ਹੈ।
ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਮੈਨੂੰ ਉਹ ਦਿਨ ਯਾਦ ਹਨ ਜਦ ਪੰਜਾਬੀ ਸਾਹਿਤ ਸਭਾ ਦੇ ਸੱਦੇ ਉੱਤੇ ਪਹੁੰਚੇ ਭੀਸ਼ਮ ਸਾਹਨੀ ਨੂੰ ਅਣਖੀ ਜੀ ਦੇ ਘਰੇ ਮਿਲਣ ਦਾ ਮੌਕਾ ਮਿਲਿਆ ਸੀ। ਅੱਜ ਉਹਨਾਂ ਦੀ ਪੁੱਤਰ ਵਧੂ ਵੱਲੋਂ ਸਾਹਨੀ ਜੀ ਦੀ ਆਤਮ ਕਥਾ ਦਾ ਅਨੁਵਾਦ *ਅੱਜ ਦੇ ਅਤੀਤ* ਨੇ ਪੰਜਾਬੀ ਸਾਹਿਤ ਵਿੱਚ ਨਿੱਘਰ ਵਾਧਾ ਕੀਤਾ ਹੈ। ਪਹਿਲਾਂ ਇਹ ਸਵੈਜੀਵਨੀ ਦੇ ਅਨੁਵਾਦ ਦੇ ਪ੍ਰਸੰਗ ਨੂੰ ਕਹਾਣੀ ਪੰਜਾਬ ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਵੀਨੂੰ ਨੇ ਹੋਰ ਵੀ ਅਨੁਵਾਦ ਦਾ ਕੰਮ ਪੂਰੇ ਸਿਰੜ ਤੇ ਮਿਹਨਤ ਨਾਲ ਕੀਤਾ ਹੈ। ਸਾਨੂੰ ਉਮੀਦ ਹੈ ਕਿ ਹੋਰ ਵੀ ਅਨੁਵਾਦ ਪੁਸਤਕਾਂ ਦੇ ਰੂਪ ਵਿੱਚ ਪੰਜਾਬੀ ਪਾਠਕਾਂ ਦੇ ਸਪੁਰਦ ਕਰਨਗੇ।
ਇਸ ਮੌਕੇ ਆਰੀਆ ਮਹਿਲਾ ਕਾਲਜ ਦੇ ਪ੍ਰੋ.ਡਾ. ਜਸਵੀਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬੀ ਵਿੱਚ ਵਧੀਆ ਅਨੁਵਾਦ ਦੀ ਘਾਟ ਹੈ। ਜਿਸ ਨੂੰ ਡਾ. ਜਸਵਿੰਦਰ ਕੌਰ ਵੀਨੂੰ ਦੀ ਕਲਮ ਪੂਰਾ ਕਰ ਰਹੀ ਹੈ। ਇਹ ਪੁਸਤਕ *ਅੱਜ ਦੇ ਅਤੀਤ* ਇਸ ਦੀ ਉਦਾਹਰਣ ਹੈ। ਜਿਸ ਨੂੰ ਪੜ੍ਹਨ ਸਮੇਂ ਲੱਗਦਾ ਹੀ ਨਹੀਂ ਕਿ ਇਹ ਪੰਜਾਬੀ ਅਨੁਵਾਦ ਪੁਸਤਕ ਹੈ ਜਾਂ ਕਿ ਮੌਲਿਕ ਹੈ। ਅੰਤ ਵਿੱਚ ਆਰੀਆ ਭੱਟਾ ਕਾਲਜ ਦੇ ਪ੍ਰੋ. ਕਮਲ ਧੀਮਾਨ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਰੀਆਂ ਹੀ ਸਨਮਾਨਯੋਗ ਸ਼ਖਸੀਅਤਾਂ ਦੇ ਵਿਚਾਰ ਸੁਣਨ ਉਪਰੰਤ ਇਸ ਪੁਸਤਕ ਨੂੰ ਪੜ੍ਨ ਦੀ ਜਗਿਆਸਾ ਪੈਦਾ ਹੋਈ ਹੈ। ਮੈਂ ਡਾ. ਜਸਵਿੰਦਰ ਕੌਰ ਵੀਨੂੰ ਨੂੰ ਇਸ ਕਾਰਜ ਲਈ ਸ਼ੁਭਕਾਮਨਾਵਾਂ ਭੇਂਟ ਕਰਦੀ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



