HOME ਭਾਟੜੇ

ਭਾਟੜੇ

1
ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)   ਪੂਰੀ ਦੁਨੀਆ ਚ,ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ, ਬਹੁਤ ਹੀ ਮਿਹਨਤੀ, ਇਮਾਨਦਾਰ,ਜੁਝਾਰੂ ਤੇ ਸੱਚੇ ਕਿਰਦਾਰ ਵਾਲੇ ਕਰ ਕੇ ਜਾਣਿਆਂ ਜਾਂਦਾ ਹੈ। ਵਿਦੇਸ਼ਾ ਚ ਮਿਲ ਰਿਹਾ ਇਹ ਮਾਣ-ਸਨਮਾਨ ਸਾਡੇ ਬਜੁਰਗਾਂ ਨੇ ਆਪਣੇ ਉੱਚੇ ਤੇ ਸੁੱਚੇ ਕਿਰਦਾਰ ਨਾਲ ਕਮਾਇਆ ਹੈ। ਹਰ ਕੌਮ ਤੇ ਧਰਮ ਚ ਕੁੱਝ ਲੋਕ ਇਹੋ ਜਿਹੇ ਵੀ ਹੁੰਦੇ ਹਨ ਜੋ  ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹੋਏ ਧਰਮ ਅਤੇ ਕੌਮ ਨੂੰ ਬਹੁਤ ਢਾਅ ਲਾਉਦੇ ਹਨ। ਕਿਸੇ ਸਮੇਂ ਇਹ ਸਿਰਫ ਪਿੰਡਾਂ ਕਸਬਿਆਂ ਤੱਕ ਹੀ ਸੀਮਿਤ ਹੁੰਦੇ ਸਨ, ਪਰ ਅੱਜ ਇਹ ਲੋਕ ਚੰਗੀ ਕਮਾਈ ਦੇ ਲਾਲਚ ਚ ਵਿਦੇਸ਼ਾਂ ਦਾ ਬਿਜ਼ਨਸ ਟੂਰ ਵੀ ਲਾਉਣ ਲੱਗ ਪਏ ਹਨ।ਜੋ ਆਪਣੇ ਬਜੁਰਗਾਂ ਵਲੋਂ ਕਮਾਏ ਮਾਣ ਸਨਮਾਨ ਨੂੰ ਖੋਰਾ ਲਾ ਰਹੇ ਹਨ। ਪਿੰਡਾਂ ਵਿਚ ਇਹਨਾਂ ਨੂੰ ਭਾਟੜੇ ਕਿਹਾ ਜਾਂਦਾ ਹੈ। ਗੱਲ 2005 ਦੀ ਹੈ, ਜਦੋਂ ਮੈਂ ਸਿੰਘਾਪੁਰ ਚ ਕੰਮ ਕਰਦਾ ਸੀ। ਸਿੰਘਾਪੁਰ ਚ 6-7 ਗੁਰਦੁਆਰਾ ਸਾਹਿਬ ਹਨ। ਪਰ ਸਿੱਖਾਂ ਦੀ ਅਬਾਦੀ ਕੁੱਝ ਘੱਟ ਹੋਣ ਕਾਰਨ ਸਿਰਫ ਇਤਿਹਾਸਕ ਗੁਰਦੁਆਰਾ ਸਿਲਟ ਰੋਡ (ਅਸਥਾਨ ਭਾਈ ਮਹਾਂਰਾਜ ਸਿੰਘ ਜੀ)  ਤੇ ਹਰ ਰੋਜ਼ ਲੰਗਰ ਵਰਤਾਇਆ ਜਾਂਦਾ ਹੈ।ਮੈ ਆਪਣੀ ਛੁੱਟੀ ਦੇ ਹਿਸਾਬ ਨਾਲ ਅਕਸਰ ਮਹੀਨੇ ਚ ਦੋ ਦਿਨ ਹੀ ਗੁਰਦੁਆਰਾ ਸਾਹਿਬ ਜਾਇਆ ਕਰਦਾ ਸੀ। ਹਮੇਸ਼ਾ ਦੀ ਤਰ੍ਹਾਂ ਇਕ ਦਿਨ ਜਦੋਂ ਮੈਂ  ਹਮੇਸ਼ਾ ਦੀ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਇੱਕ ਸੁਪਰ ਮਾਰਕੀਟ ਚ ਲੰਗਰਾਂ ਲਈ ਕੱਝ ਰਾਸਣ ਖਰੀਦਣ ਲਈ ਗਿਆ ਤਾਂ ਇੱਕ ਗੁਰਸਿੱਖ ਨੇ ਦੂਰੋਂ ਫਤਿਹ ਬੁਲਾ ਕੇ ਮੈਨੂੰ ਰੋਕ ਲਿਆ। ਚਿੱਟੇ ਕੱਪੜੇ ਚੂੜੀਦਾਰ ਪਜਾਮਾ, ਚਿੱਟੀ ਪੱਗ। ਨੀਲਾ ਗਾਤਰਾ ਉਪਰ ਤੋਂ ਪਾਇਆ ਹੋਇਆ, ਤੇ ਹੱਥ ਚ ਇਕ ਡਾਇਰੀ। (ਮੈ ਸਿੰਘਪੁਰ ਚ ਕਲੀਨ ਸ਼ੇਵ ਸੀ) ਉਸ ਨੇ ਮੈਨੂੰ ਪੁੱਛਿਆ ਕਿ ਕਿੰਨਾ ਸਮਾਂ ਹੋ ਗਿਆ ਇੱਥੇ?  ਮੈਂ ਕਿਹਾ ਜੀ ਹੋ ਗਏ 16-17 ਸਾਲ। ਉਹ ਕਹਿਣ ਲੱਗਾ ਕਿ ਤੇਰਾ ਮੱਥਾ ਦੱਸਦਾ ਕਿ ਜੋ ਸੋਚ ਕੇ ਤੂੰ ਇੱਥੇ ਆਇਆ ਸੀ ਉਹ ਮਿਲਿਆ ਨਹੀਂ। ਮੈਨੂੰ ਤਾਂ ਮੇਰੀ ਸੋਚ ਤੋਂ ਜਿਆਦਾ ਮਿਲਿਆ ਇੱਥੇ, ਮੈ ਜੁਆਬ ਦਿੱਤਾ ਨਹੀਂ, ਤੇਰਾ ਚੇਹਰਾ ਦੱਸਦਾ ਕਿ ਤੇਰੀ ਮਿਹਨਤ ਦਾ ਉਹ ਫਲ ਨਹੀਂ ਮਿਲ ਰਿਹਾ ਜੋ ਮਿਲਣਾਂ ਚਾਹੀਦਾ। ਮੈਨੂੰ ਖਿਝ ਆ ਰਹੀ ਸੀ। ਮੈ ਤੁਰਨ ਲੱਗਾ ਉਸਨੇ ਫਿਰ ਪੁੱਛਿਆ, ਨੰਬਰ ਲਾਉਨਾਂ? (ਸਿੰਘਾਪਰ ਚ 4 D, Toto ਦੱੜੇ ਸੱਟੇ ਵਾਂਗ ਨੰਬਰਾਂ ਤੇ ਪੈਸੇ ਲਾਏ ਜਾਂਦੇ ਹਨ,ਜੋ ਪੂਰੀ ਤਰ੍ਹਾਂ ਕਨੂੰਨੀ ਹੈ, ਤੇ ਥਾਂ ਥਾਂ ਇਸ ਦੇ ਆਉਟ ਲਿਟ ਹਨ) ਨਹੀਂ, ਮੈ ਨਹੀਂ ਲਾਉਦਾ। ਇਸ ਹਫ਼ਤੇ ਲਾ,ਨੰਬਰ ਪੱਕਾ ਲੱਗੇ ਗਾ। ਮੈਨੂੰ ਗੁੱਸਾ ਆ ਰਿਹਾ ਸੀ। ‘ਇਕ ਗੁਰਸਿੱਖ ਹੋ ਕੇ ਤੂੰ ਮੈਨੂੰ ਜੂਆ ਖੇਡਣ ਲਈ ਕਹਿ ਰਿਹਾ? ਗੁਰੂ ਦੇ ਬਖਸ਼ੇ ਇਸ ਬਾਣੇ ਦੀ ਹੀ ਸਰਮ ਕਰ ਲੈ ਕੁੱਝ। ਮੇਰੇ ਗੁੱਸਾ ਆਪੇ ਤੋਂ ਬਾਹਰ ਹੋ ਰਿਹਾ ਸੀ। ਫਿਰ ਵੀ ਆਪਣੇ ਆਪ ਨੂੰ ਸੰਭਾਲਿਆ। ਤੇ ਮੈ ਉਸ ਦੀ ਝਾੜ ਝੰਬ ਕਰ ਕੇ ਅੱਗੇ ਨਿਕਲ ਗਿਆ। ਇਸ ਤੋਂ ਤਿੰਨ ਕੁ ਘੰਟੇ ਬਾਅਦ, ਜਦੋਂ ਮੈਂ ਲਿਟਲ ਇੰਡੀਆ ਪਹੁੰਚਿਆ ਤਾਂ ਉਹੀ ਆਦਮੀ ਕੈਪਰੀ,ਟੀ ਸਰਟ ਪਾਈ ਮੈਨੂੰ ਫਿਰ ਮਿਲ ਪਿਆ। ‘ਬਾਬਿਓ, ਸ੍ਰੀ ਸਾਹਿਬ??’ ਮੈ ਪੁਛਿਆ ਤਾਂ ਉਹ ਬੇਸ਼ਰਮੀ ਨਾਲ ਹੱਸਣ ਲੱਗ ਪਿਆ । ਹੁਣ ਕਾਫੀ ਸਮੇਂ ਤੋਂ ਸਾਡੇ ਪਿੰਡਾਂ ਚ ” ਭਾਟੜੇ” ਸ਼ਬਦ ਨਹੀਂ ਸੁਣਿਆ ਜਾ ਰਿਹਾ । ਕੀ ਪੰਜਾਬ ਚ ਭਾਟੜੇ ਖਤਮ ਹੋ ਗਏ ਹਨ, ਜਾਂ ਇਹ  ਪਾਰਟੀ ਬਣਾਂ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਹਨ ??
ਗੁਰਦੀਪ ਸਿੰਘ ਮੁਕੱਦਮ ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਕੰਗਣਾ ਬੇਟ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ‘ਚ ਖੂਨਦਾਨ, ਫ੍ਰੀ ਮੈਡੀਕਲ ਚੈੱਕਅਪ ਕੈਪ 1 ਨਵੰਬਰ ਨੂੰ
Next articleਸ੍ਰੀ ਅਨੰਦਪੁਰ ਸਾਹਿਬ ਗੋਲੀਕਾਂਡ ਵਿੱਚ ਇੱਕ ਦੋਸ਼ੀ ਗ੍ਰਿਫਤਾਰ