ਭਾਰਤੀ ਸੰਵਿਧਾਨ ਸਮਾਜਿਕ ਨਿਆਂ ਦਾ ਪਵਿੱਤਰ ਦਸਤਾਵੇਜ਼- ਪ੍ਰੋ. ਮਨਜੀਤ ਸਿੰਘ
ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਭਵਨ ਟਰੱਸਟ ਦੁਆਰਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 70ਵੇਂ ਪਰਿਨਿਰਵਾਣ ਦਿਵਸ ਮੌਕੇ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ. ਜਲੰਧਰ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਹੋਰ ਬੁੱਧੀਜੀਵੀ ਬੁਲਾਰਿਆਂ ਤੋਂ ਇਲਾਵਾ ਪ੍ਰੋ. (ਡਾ.) ਮਨਜੀਤ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਅੰਬੇਡਕਰ ਭਵਨ ਦੇ ਟਰੱਸਟੀ ਸ੍ਰੀ ਹਰਮੇਸ਼ ਜੱਸਲ ਦੁਆਰਾ ਬੁੱਧ ਬੰਦਨਾ, ਤ੍ਰਿਸ਼ਣ ਅਤੇ ਪੰਚਸ਼ੀਲ ਦਾ ਪਾਠ ਉਚਾਰਨ ਕਰਨ ਉਪਰੰਤ ਕੀਤੀ ਗਈ। ਪ੍ਰੋ. ਮਨਜੀਤ ਸਿੰਘ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਡਾ. ਅੰਬੇਡਕਰ ਸਧਾਰਨ ਪਰਿਵਾਰ ਅਤੇ ਅਖੌਤੀ ਅਛੂਤ ਸਮਾਜ ਵਿੱਚੋਂ ਉੱਠ ਕੇ ਸਮਾਜਿਕ ਇਨਸਾਫ ਦੇ ਪਵਿੱਤਰ ਦਸਤਾਵੇਜ਼ ‘ਭਾਰਤੀ ਸੰਵਿਧਾਨ’ ਦੇ ਨਿਰਮਾਤਾ ਬਣੇ, ਜਿਸ ਦੁਆਰਾ ਜਾਤ-ਪਾਤ ਦੀ ਜਨਨੀ ਮਨੂ ਸਿਮਰਤੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ ਭਾਰਤ ਵਿੱਚ ਸਮਤਾ, ਸੁਤੰਤਰਤਾ, ਭਾਈਚਾਰਕ ਏਕਤਾ ਅਤੇ ਨਿਆਂ ਅਧਾਰਤ ਸਮਾਜਕ ਵਿਵਸਥਾ ਦੀ ਸਥਾਪਨਾ ਕਰਨ ਦਾ ਪ੍ਰਸ਼ੰਸਾ ਯੋਗ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਹਿੰਦੂਤਵ ਦੇ ਅਜੰਡੇ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਹੈ। ਉਨ੍ਹਾਂ ਨੇ ਵਰਤਮਾਨ ਰਾਜਨੀਤਕ ਮਾਹੌਲ ਸਮੇਤ ਉੱਚ ਵਿੱਦਿਅਕ ਅਦਾਰਿਆਂ ਵਿੱਚ ਰੂੜੀਵਾਦੀਆਂ ਦੇ ਵਧ ਰਹੇ ਪ੍ਰਭਾਵ ਅਤੇ ਦਲਿਤਾਂ, ਕਾਮੇ, ਕਿਰਤੀਆਂ ਅਤੇ ਕਿਸਾਨਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਕਮਜ਼ੋਰ ਕੀਤੇ ਜਾਣ ਦੇ ਨਾਲ ਕਿਸਾਨਾਂ ਅਤੇ ਵਿਦਿਆਰਥੀਆਂ ਦੇ ਅੰਦੋਲਨ ਦੀ ਮਾਣਮੱਤੀ ਸਫਲਤਾ ਦਾ ਜ਼ਿਕਰ ਵੀ ਕੀਤਾ।
ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਤਥਾਗਤ ਬੁੱਧ ਤੋਂ ਬਾਅਦ ਵਰਣ-ਵਿਵਸਥਾ ਅਤੇ ਜਾਤ-ਪਾਤੀ ਵਿਵਸਥਾ ਤੇ ਸਭ ਤੋਂ ਕਰਾਰਾ ਹਮਲਾ ਡਾ. ਅੰਬੇਡਕਰ ਨੇ ਕੀਤਾ, ਪਰ ਅਖੌਤੀ ਉੱਚ ਵਰਗਾਂ ਦੀ ਮਾਨਸਿਕਤਾ ਵਿੱਚ ਇਹ ਭਾਵਨਾ ਹਾਲੇ ਵੀ ਮੌਜੂਦ ਹੈ। ਬਾਬਾ ਸਾਹਿਬ ਦੇ 70ਵੇਂ ਪ੍ਰੀ ਨਿਰਵਾਣ ਦਿਵਸ ਤੇ ਸ਼ਰਧਾਂਜਲੀ ਸਮਾਗਮ ਦੇ ਆਰੰਭ ਵਿੱਚ ਅੰਬੇਡਕਰ ਭਵਨ ਟਰਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਮੁੱਖ ਬੁਲਾਰੇ ਪ੍ਰੋ. ਮਨਜੀਤ ਸਿੰਘ ਦਾ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਸਮਾਜਿਕ ਗਤੀਵਿਧੀਆਂ ਬਾਰੇ ਜ਼ਿਕਰ ਕਰਦਿਆਂ ਡਾ. ਅੰਬੇਡਕਰ ਜੀ ਦੇ ਨਾਲ ਜੁੜੀ ਹੋਈ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਪਧਾਰਨ ਲਈ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਮਹਾਨ ਚਿੰਤਕ ਸਨ ਅਤੇ ਉਨ੍ਹਾਂ ਦੇ ਪਰਿਨਿਰਵਾਣ ਉਪਰੰਤ ਅੰਬੇਡਕਰੀ ਵਿਚਾਰਧਾਰਾ ਪੂਰੇ ਵਿਸ਼ਵ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਟਰੱਸਟ ਦੇ ਚੇਅਰਮੈਨ ਸ੍ਰੀ ਸੋਹਨ
ਲਾਲ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਦੁਆਰਾ ਸਮਾਜਿਕ ਭਿੰਨਤਾ ਨੂੰ ਖਤਮ ਕਰਨ ਤੋਂ ਇਲਾਵਾ ਵਿਗਿਆਨਿਕ ਸੋਚ ਨੂੰ ਬੜ੍ਹਾਵਾ ਦੇਣ ਦੇ ਨਾਲ ਭਾਰਤ ਵਿੱਚ ਸਮਾਨਤਾ, ਆਜ਼ਾਦੀ ਅਤੇ ਭਰੱਪਣ ਦਾ ਵਾਤਾਵਰਨ ਪੈਦਾ ਕੀਤਾ। ਉਨ੍ਹਾਂ ਨੇ ਬਾਬਾ ਸਾਹਿਬ ਦੁਆਰਾ ਖੇਤੀਬਾੜੀ ਦੇ ਵਿਕਾਸ ਲਈ ਸਿੰਚਾਈ ਸਾਧਨਾ ਨੂੰ ਵਿਕਸਿਤ ਕਰਨ, ਡੈਮ ਬਣਾਉਣ, ਰਿਜ਼ਰਵ ਬੈਂਕ ਦੀ ਸਿਰਜਣਾ ਪਿੱਛੇ ਉਨ੍ਹਾਂ ਦੀ ਸੋਚ ਅਤੇ ਆਧੁਨਿਕ ਭਾਰਤ ਦੀ ਉਸਾਰੀ ਲਈ ਕੀਤੇ ਅਨੇਕ ਕੰਮਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਚਰਨ ਦਾਸ ਸੰਧੂ ਅਤੇ ਬੀਬੀ ਮੋਹਿੰਦੋ ਰੱਤੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਵਿੱਚ ਸਰਬ ਸ਼੍ਰੀ ਬਲਦੇਵ ਰਾਜ ਭਾਰਦਵਾਜ, ਡਾ. ਟੀ. ਐਲ. ਸਾਗਰ, ਪ੍ਰੋ. ਬਲਵੀਰ, ਪ੍ਰੋ. ਅਰਿੰਦਰ ਸਿੰਘ, ਪ੍ਰੋ. ਅਸ਼ਨੀ ਜੱਸਲ, ਸਾਬਕਾ ਰਾਜਦੂਤ ਰਮੇਸ਼ ਚੰਦਰ, ਮਹਿੰਦਰ ਸੱਲ੍ਹਣ, ਸੁਜਾਤਾ ਸੱਲ੍ਹਣ, ਸਿਧਾਰਥ ਭਾਰਦਵਾਜ, ਗੁਰਦੀਪ ਸਿੰਘ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ, ਤਿਲਕ ਰਾਜ, ਜੋਤੀ ਪ੍ਰਕਾਸ਼, ਨਿਰਮਲ ਬਿੰਜੀ, ਡਾ. ਮਹਿੰਦਰ ਸੰਧੂ, ਪਿਸ਼ੌਰੀ ਲਾਲ ਸੰਧੂ, ਸੂਰਜ ਪ੍ਰਕਾਸ਼ ਵਿਰਦੀ, ਰਜਿੰਦਰ ਜੱਸਲ, ਐਡ. ਮੋਹਨ ਲਾਲ ਫਿਲ਼ੌਰੀਆ,ਐਡ. ਮਧੂ ਰਚਨਾ, ਰਮੇਸ਼ ਚੋਕਾਂ, ਪਰਮਜੀਤ ਮਹੇ, ਚਮਨ ਦਾਸ ਸਾਂਪਲਾ, ਮਲਕੀਤ ਸਿੰਘ, ਐਸ ਐਸ ਭੱਟੀ, ਚਰੰਜੀ ਲਾਲ ਕੰਗਣੀਵਾਲ, ਰਵੀ ਏਐਸਆਈ, ਹਰੀ ਸਿੰਘ ਥਿੰਦ, ਪ੍ਰਿੰਸੀਪਲ ਕੇ. ਐੱਸ. ਫੁੱਲ, ਲੇਖ ਰਾਜ ਜਸਲ, ਤੀਰਥ ਭਾਰਦਵਾਜ, ਡਾ. ਗੁਰਨਾਮ ਸਿੰਘ ਅਤੇ ਸੁਖਚਰਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਦਿੱਤੀ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ
ਸਮਾਗਮ ਦੀਆਂ ਕੁਝ ਝਲਕੀਆਂ





