ਤੇਜ਼ ਮੀਂਹ ਦੇ ਅੰਨ੍ਹੇ ਵਹਾਅ ਮੂਹਰੇ ਹਾਰੀ ‘ਭਲੂਰ-ਕੋਟਸੁਖੀਆ’ ਸੜਕ

ਦੋ ਟੋਟਿਆਂ ‘ਚ ਹੋਈ ਤਬਦੀਲ, ਕਿੰਨੇ ਹੀ ਪਿੰਡਾਂ ਤੇ ਸ਼ਹਿਰਾਂ ਦਾ ਟੁੱਟਿਆ ਸੰਪਰਕ
ਮੋਗਾ/ਫਰੀਦਕੋਟ 9 ਜੁਲਾਈ (ਬੇਅੰਤ ਗਿੱਲ ਭਲੂਰ) 8 ਜੁਲਾਈ ਨੂੰ ਬੇਰੋਕ ਵਰ੍ਹੇ ਤੇਜ਼ ਮੀਂਹ ਨੇ ਪੰਜਾਬ ਅੰਦਰ ਵੱਡੀ ਤਬਾਹੀ ਮਚਾਉਣ ਦਾ ਕੰਮ ਕੀਤਾ ਹੈ। ਜਿੱਥੇ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ, ਉਥੇ ਹੀ ਮਜ਼ਦੂਰ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਪੰਜਾਬ ਦੇ ਬਹੁਤੇ ਥਾਵਾਂ ਉੱਪਰ ਰਸਤੇ ਵੀ ਬੰਦ ਹੋ ਕੇ ਰਹਿ ਗਏ ਹਨ, ਜਿਸ ਕਾਰਨ ਲੋਕ ਰਸਤਿਆਂ ਵਿਚ ਫ਼ਸੇ ਰਹੇ ਅਤੇ ਹਾਲੇ ਵੀ ਬਹੁਤੇ ਲੋਕ ਆਪਣੀ ਮੰਜ਼ਿਲ ‘ਤੇ ਅੱਪੜ ਨਹੀਂ ਸਕੇ। ਇਸੇ ਤਰ੍ਹਾਂ ਦੀ ਸਥਿਤੀ ਹੀ ਹਲਕਾ ਕੋਟਕਪੂਰਾ ਅਤੇ ਹਲਕਾ ਬਾਘਾਪੁਰਾਣਾ ਦੇ ਪਿੰਡ ਭਲੂਰ ਅਤੇ ਪਿੰਡ ਕੋਟਸੁਖੀਆ ਸੜਕ ਰਾਹੀਂ ਇੱਧਰ ਉੱਧਰ ਜਾਣ ਵਾਲੇ ਰਾਹਗੀਰਾਂ ਨਾਲ ਬਣੀ।ਇਹ ਸੜਕ ਬਹੁਤ ਬੁਰੀ ਤਰ੍ਹਾਂ ਵਿਚਕਾਰੋਂ ਟੁੱਟ ਕੇ ਦੋ ਟੋਟੇ ਹੋ ਚੁੱਕੀ ਹੈ। ਕਿੰਨੇ ਹੀ ਸ਼ਹਿਰਾਂ ਅਤੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ।
ਜ਼ਿਕਰਯੋਗ ਹੈ ਕਿ ਤੇਜ਼ ਮੀਂਹ ਦੇ ਅੰਨ੍ਹੇ ਵਹਾਅ ਮੂਹਰੇ ਹਾਰੀ ਭਲੂਰ-ਕੋਟਸੁਖੀਆ ਸੜਕ ਦੇ ਟੁੱਟਣ ਕਾਰਨ ਕੋਟਕਪੂਰਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਾਘਾਪੁਰਾਣਾ, ਮੋਗਾ ਅਤੇ ਸਮਾਲਸਰ ਤੋਂ ਇਲਾਵਾ ਅਨੇਕਾਂ ਹੀ ਹੋਰ ਪਿੰਡਾਂ ਅਤੇ ਸ਼ਹਿਰਾਂ ਨੂੰ ਜਾਣ ਵਾਲੇ ਲੋਕ ਪ੍ਰਭਾਵਿਤ ਹੋਏ ਹਨ। ਰੋਜ਼ਾਨਾ ਹਜ਼ਾਰਾਂ ਲੋਕ ਇਸ ਸੜਕ ਰਾਹੀਂ ਵੱਖ- ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਦਵਾਈ- ਦੱਪਾ ਲੈਣ ਲਈ ਜਾਂਦੇ ਹਨ, ਪ੍ਰੰਤੂ ਦੋ ਹਿੱਸਿਆਂ ਵਿਚ ਵੰਡੀ ਗਈ ਸੜਕ ਕਾਰਨ ਮਰੀਜ਼ਾਂ ਨੂੰ ਵੱਡੀ ਪ੍ਰੇਸ਼ਾਨੀ ‘ਚੋਂ ਲੰਘਣਾ ਪੈ ਰਿਹਾ ਹੈ।
ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸੜਕ ਭਲੂਰ ਵਾਲੀ ਸਾਇਡ  ਜਾਣੀ ਕੇ ‘ਸੰਤ ਮੋਹਨ ਦਾਸ ਸਕੂਲ ਕੋਟਸੁਖੀਆ’ ਦੀ ਬਿਲਡਿੰਗ ਤੋਂ ਪਿੱਛੇ ਅਤੇ ਕੂਹਣੀ ਮੋੜ ਦੇ ਆਉਣ ਤੋਂ ਵੀ ਪਹਿਲਾਂ ਬਿਲਕੁਲ ਪੁਲੀ ਦੇ ਉੱਪਰੋਂ ਟੁੱਟ ਕੇ ਰੁੜ੍ਹ ਗਈ ਹੈ। ਫ਼ਿਲਹਾਲ ਦੀ ਘੜੀ ਜਦ ਤੱਕ ਰਸਤਾ ਚਾਲੂ ਨਹੀਂ ਹੋ ਜਾਂਦਾ, ਤਦ ਤੱਕ ਹੋ ਸਕਦਾ ਉਕਤ ਸਕੂਲ ਦੇ ਬੱਚੇ ਵੀ ਸਕੂਲ ਤੋਂ ਵਾਂਝੇ ਰਹਿਣਗੇ। ਭਲੂਰ ਦੇ ਕਿਸਾਨਾਂ ਨੂੰ ਆਪਣੇ ਪਸ਼ੂਆਂ ਲਈ ਹਰਾ-ਚਾਰਾ ਲਿਆਉਣ ਵਿੱਚ ਵੱਡੀ ਰੁਕਾਵਟ ਪੈਦਾ ਹੋ ਗਈ ਹੈ। ਇੱਥੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਐਨਾ ਤੇਜ਼ ਤੇ ਜ਼ਿੱਦੀ ਹੋ ਕੇ ਵਹਿ ਰਿਹਾ ਸੀ ਕਿ ਵੇਂਹਦਿਆਂ- ਵੇਂਹਦਿਆਂ ਹੀ ਸੜਕ ਨੂੰ ਪੁੱਟ ਕੇ ਆਪਣੇ ਸੱਗ ਲੈ ਤੁਰਿਆ ਅਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਆਫਰਿਆ ਦਰਿਆ ਵਗ ਰਿਹਾ ਹੋਵੇ। ਇਸ ਮੌਕੇ ਲੋਕਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਵਿਧਾਇਕ  ਗੁਰਦਿੱਤ ਸਿੰਘ ਸੇਖੋਂ, ਬਾਘਾਪੁਰਾਣਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਸਬੰਧਤ ਪ੍ਰਸ਼ਾਸਨ ਨੂੰ  ਕਿਹਾ ਕਿ ਉਹ ਜਲਦੀ ਇਸ ਸੜਕ ਨੂੰ ਚੱਲਦੀ ਕਰਵਾਉਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਨਿਜਾਤ ਮਿਲ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਹਿਮ ਪੁਲੀਆਂ ਬੰਦ ਹੋਣ ਕਾਰਣ ਬਹੁਤ ਪਿੰਡਾਂ ਵਿੱਚ ਭਾਰੀ ਮੀਂਹ ਨਾਲ ਇਲਾਕੇ ਅੰਦਰ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ
Next articleਨਿਰੰਕਾਰੀ ਸਤਸੰਗ ਭਵਨ ਡੇਰਾਬੱਸੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ: