ਅਹਿਮ ਪੁਲੀਆਂ ਬੰਦ ਹੋਣ ਕਾਰਣ ਬਹੁਤ ਪਿੰਡਾਂ ਵਿੱਚ ਭਾਰੀ ਮੀਂਹ ਨਾਲ ਇਲਾਕੇ ਅੰਦਰ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ

  ਐੱਸ ਡੀ ਐੱਮ ਨੇ ਮੌਕੇ ਤੇ ਪਹੁੰਚ ਕੇ ਪੁਲੀ ਖਲਵਾਉਣ ਦੇ ਦਿੱਤੇ ਆਦੇਸ਼
ਕਪੂਰਥਲਾ  , 9 ਜੁਲਾਈ (ਕੌੜਾ)– ਬੀਤੇ ਕੱਲ੍ਹ ਸਵੇਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਸਾਹਮਣੇ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ।  ਅੱਜ ਸਵੇਰ ਤੱਕ 4 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ।ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਸੈਂਕੜੇ ਏਕੜ ਝੋਨੇ ਅਤੇ ਮੱਕੀ ਦੀ ਫਸਲ ਪਾਣੀ ਦੀ ਲਪੇਟ ਵਿੱਚ ਆ ਗਈ ਹੈ, ਜਿਸ ਕਾਰਨ ਇਸਦੇ ਨੁਕਸਾਨੇ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ  ਦੀਪੇਵਾਲ,ਸਰਾਏ ਜੱਟਾ ,  ਪੱਮਣਾ,  ਸ਼ਾਲਾਪੁਰ ਆਦਿ ਅਤੇ ਇਸ ਦੇ ਆਸ-ਪਾਸ ਪੈਂਦੇ ਡੇਰਿਆਂ ਦੇ ਕਿਸਾਨਾਂ ਵੱਲੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੱਲਾ -ਸੁਲਤਾਨਪੁਰ ਲੋਧੀ ਰੋਡ ਤੇ ਧਰਨਾ ਲਾ ਦਿੱਤਾ ਅਤੇ  ਪ੍ਰਸ਼ਾਸਨ ਦੇ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ ।ਇਸ ਮੌਕੇ ਗੱਲਬਾਤ ਕਰਦੇ ਹੋਏ ਪੰਚਾਇਤ ਮੈਂਬਰ ਬਲਵੀਰ ਸਿੰਘ , ਮੁਖਤਿਆਰ ਸਿੰਘ ਰੂਬੀ, ਬਲਵਿੰਦਰ ਸਿੰਘ ਨੇ ਦੱਸਿਆ ਕਿ  ਪਹਿਲਾ ਪਾਣੀ ਦੀ ਨਿਕਾਸੀ ਲਈ ਪੁਲੀਆਂ ਬਣਾਈਆਂ ਗਈਆਂ ਸਨ। ਲੇਕਿਨ ਨੇੜੇ ਪੈਂਦੇ ਕਰੈਸ਼ਰ ਪਲਾਂਟ ਦੇ ਮਾਲਕਾਂ ਵੱਲੋਂ ਜਾਣ-ਬੁੱਝ ਕੇ ਪੁਲੀ ਨੂੰ ਬੰਦ ਕਰ ਦਿੱਤਾ ਗਿਆ ਹੈ।ਜਿਸ ਕਾਰਨ  ਕਾਰਨ ਸਾਡੇ ਖੇਤਾਂ ਵਿੱਚ ਬਾਰਿਸ਼ ਦਾ ਪਾਣੀ ਭਰ ਗਿਆ  ਅਤੇ ਸਾਡੀਆਂ ਫਸਲਾਂ ਡੁੱਬ ਗਈਆਂ ਹਨ।
ਉਹਨਾਂ ਨੇ ਕਿਹਾ ਦੀਪੇਵਾਲ, ਗਿੱਲਾ , ਫੱਤੋਵਾਲ ਅਤੇ ਹੋਰ ਕਈ  ਪਿੰਡਾਂ ਦੀ 250 ਏਕੜ ਜ਼ਮੀਨ ਚ ਲੱਗੇ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ  ਹੈ।   ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਬਾਰ ਫ਼ੋਨ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਮੌਕੇ ਤੇ ਪਹੁੰਚੇ ਐਸ.ਡੀ.ਐਮ ਕਪੂਰਥਲਾ ਵਿਸ਼ਵਾਸ਼   ਨੇ ਕਿਹਾ ਕਿ ਬਾਰਿਸ਼ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਸੀ।
ਉਹਨਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ  ਸਾਡੇ ਵੱਲੋਂ ਬੰਦ ਪਈ ਪੁਲੀ ਨੂੰ ਖੁੱਲ੍ਹਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ  ਮੇਰੀ ਸਬੰਧਿਤ ਵਿਭਾਗ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਹਿਯੋਗ  ਦੇਣ ਦੀ ਅਪੀਲ ਕੀਤੀ ਹੈ। ਦੁਪਹਿਰ ਵੇਲੇ ਉਕਤ ਪੁਲੀ ਨੂੰ ਖੋਲ ਦਿੱਤਾ ਗਿਆ। ਉੱਧਰ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਵੱਲੋਂ ਸ਼ਾਮ ਵੇਲੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੁਲੀਆਂ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਜਿਸ ਨਾਲ ਡਾਫ ਲੱਗ ਜਾਂਦੀ ਹੈ। ਟੀਮ ਨੇ ਦੇਖਿਆ ਕਿ ਪਿੰਡ ਸੈਦਪੁਰ, ਦਰੀਏਵਾਲ ਆਦਿ ਦੇ ਨੇੜੇ ਪੁਲੀਆਂ ਬੰਦ ਹੋਣ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਹੋਈ ਸੀ ਅਤੇ ਪਾਣੀ ਦੀ ਨਿਕਾਸੀ ਲਈ ਕਿਸਾਨਾਂ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਪਿੰਡ ਸਾਬੂਵਾਲ ਦੇ ਨੇੜੇ 80 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ ਹੋਈ ਸੀ।ਕਿਸਾਨ ਪਾਲ ਸਿੰਘ, ਦਰੀਏਵਾਲ ਨੇ ਦੱਸਿਆ ਕਿ ਟੋਡਰਵਾਲ ਅਤੇ ਦਰੀਏਵਾਲ ਦੇ ਨਜ਼ਦੀਕ ਵਗਦੀ ਬਰਸਾਤੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਾਣੀ ਖੇਤਾਂ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਪਿੰਡ ਜਾਂਗਲਾ ਤੋਂ ਕਾਲਰੂ ਸੜਕ ਉੱਪਰ ਦੀ ਪਾਣੀ ਵਗ ਰਿਹਾ ਸੀ। ਮੌਕੇ ਤੇ ਹਾਜ਼ਰ ਕਿਸਾਨਾਂ ਬਲਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ ਨੇ ਦੱਸਿਆ ਕਿ ਇਸ ਸੜਕ ਉੱਪਰ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਵੱਲੋਂ ਯੋਗ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਹਰ ਸਾਲ ਫ਼ਸਲ ਪਾਣੀ ਵਿੱਚ ਡੁੱਬ ਜਾਂਦੀ ਹੈ।
ਉੱਧਰ ਮੰਡ ਖੇਤਰ ਵਿੱਚ ਵੀ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਲੋਕਾਂ ਵਿੱਚ ਡਰ ਪਾਇਆ ਜਾ ਰਿਹਾ ਸੀ। ਕਿਉਂਕਿ ਕਿ ਬੀਤੇ ਦਿਨਾਂ ਤੋਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ। ਮੰਡ ਖੇਤਰ ਦੇ ਪਿੰਡਾਂ ਆਹਲੀ ਕਲਾਂ,ਸੇਖਮਾਂਗਾ,ਮੰਡ ਇੰਦਰਪੁਰ, ਤਕੀਆ,ਭਰੋਆਣਾ, ਮੇਵਾ ਸਿੰਘ ਵਾਲਾ, ਗਾਜੀਪੁਰ, ਮਸੀਤਾਂ,ਕਾਲਰੂ ਆਦਿ ਵਿੱਚ ਵੀ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਮੌਕੇ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਨਰਿੰਦਰ ਸਿੰਘ ਸੋਨੀਆ,  ਕੁਲਵਿੰਦਰ ਜੀਤ ਸਿੰਘ ਮੋਮੀ, ਅਰਨਵ ਸਿੰਘ,ਅਮਰਜੀਤ ਸਿੰਘ ਟਿੱਬਾ,ਮਦਨ ਲਾਲ ਕੰਡਾ, ਸੁਰਜੀਤ ਸਿੰਘ ਠੱਟਾ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਲਕੇ  ਬੰਦ ਪਈਆਂ ਨੂੰ ਤਰੁੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਹੁਣ ਜਿਨ੍ਹਾਂ ਥਾਵਾਂ ਤੇ ਪਾਣੀ ਦੀ ਨਿਕਾਸੀ ਹੋ ਰਹੀ ਹੈ, ਆਉਣ ਵਾਲੇ ਸਮੇਂ ਉੱਥੇ ਪੁਲੀਆਂ ਦੀ ਉਸਾਰੀ ਕਰਵਾਈ ਜਾਵੇ। ਮੰਡੀਆਂ ਵਿੱਚ ਆਈ ਮੱਕੀ ਦੀ ਫਸਲ ਵੀ ਧੁੱਪ ਨਾ ਲੱਗਣ ਕਾਰਨ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। ਮੌਸਮ ਦੀ ਖਰਾਬੀ ਨੂੰ ਦੇਖਦਿਆਂ ਵਪਾਰੀਆਂ ਵੱਲੋਂ ਵੀ ਘੱਟ ਮੁੱਲ ਦਿੱਤਾ ਜਾ ਰਿਹਾ ਹੈ। ਪਵਿੱਤਰ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਉਨ੍ਹਾਂ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ।ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲੀ ਵੇਈ ਭਵਾਨੀਪੁਰ ਵਾਲੀ ਵਿਚ ਬੂਟੀ ਫ਼ਸਣ ਨਾਲ ਹਜਾਰਾਂ  ਏਕੜ ਫ਼ਸਲ ਪਾਣੀ ਨਾਲ ਡੁੱਬੀ
Next articleਤੇਜ਼ ਮੀਂਹ ਦੇ ਅੰਨ੍ਹੇ ਵਹਾਅ ਮੂਹਰੇ ਹਾਰੀ ‘ਭਲੂਰ-ਕੋਟਸੁਖੀਆ’ ਸੜਕ