ਭਗਵੰਤ ਮਾਨ ਕੋਲ ਸਿੱਧੂ ਤੇ ਮਜੀਠੀਆ ਤੋਂ ਘੱਟ ਜਾਇਦਾਦ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਹੈ। ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਵਧਾ ਦਿੱਤੀਆਂ ਹਨ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ। ਇਸ ਦੌਰਾਨ ਹਰ ਉਮੀਦਵਾਰ ਵੱਲੋਂ ਆਪਣੀ ਚੱਲ-ਅਚੱਲ ਜਾਇਦਾਦ ਅਤੇ ਕੁੱਲ ਜਾਇਦਾਦ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਹੁਣ ਤੱਕ ਭਰੇ ਗਏ ਨਾਮਜ਼ਦਗੀ ਪੱਤਰਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਦੇ ਹਲਫ਼ਨਾਮੇ ਅਨੁਸਾਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਕੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਘੱਟ ਜਾਇਦਾਦ ਹੈ।

‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਮੌਜੂਦਾ ਸਮੇਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਹਨ ਤੇ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜ ਰਹੇ ਹਨ। ਮਾਨ ਵੱਲੋਂ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ 1.97 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਹੈ। ਸ੍ਰੀ ਮਾਨ ਕੋਲ ਇਸ ਵੇਲੇ ਤਿੰਨ ਗੱਡੀਆਂ-ਦੋ ਟੋਇਟਾ ਫਾਰਚੂਨਰ ਤੇ ਇਕ ਕਰੂਜ਼ ਕਾਰ ਹੈ। ਇਸ ਤੋਂ ਇਲਾਵਾ ਪੰਜ ਲੱਖ ਦੀ ਕੀਮਤ ਦਾ 95 ਗਰਾਮ ਸੋਨਾ ਹੈ। ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ਨਾਮੇ ਅਨੁਸਾਰ ਸ੍ਰੀ ਮਾਨ ਕੋਲ ਰਿਹਾਇਸ਼ੀ ਜਾਇਦਾਦ ਨਹੀਂ ਹੈ, ਪਰ ਸੰਗਰੂਰ ਵਿੱਚ ਖੇਤੀਬਾੜੀ ਲਈ ਜ਼ਮੀਨ ਹੈ। ਇਸ ਤੋਂ ਇਲਾਵਾ ਪਟਿਆਲਾ ਵਿੱਚ ਸ਼ੋਅ ਰੂਮ ਵੀ ਹਨ। ਭਗਵੰਤ ਮਾਨ ਦੇ ਸਿਰ 22.47 ਲੱਖ ਰੁਪਏ ਦਾ ਕਰਜ਼ਾ ਵੀ ਖੜ੍ਹਾ ਹੈ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਅੰਮ੍ਰਿਤਸਰ (ਪੂਰਬੀ) ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਆਪਣੇ ਹਲਫ਼ਨਾਮੇ ਵਿੱਚ ਕੁਲ 44 ਕਰੋੜ ਰੁਪਏ ਦੇ ਕਰੀਬ ਚੱਲ-ਅਚੱਲ ਜਾਇਦਾਦ ਦਾ ਖੁਲਾਸਾ ਕੀਤਾ ਹੈ। ਇਸ ਵਿੱਚੋਂ 40 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਵਜੋਤ ਸਿੰਘ ਸਿੱਧੂ ਦੇ ਨਾਮ ਬੋਲਦੀ ਹੈ ਜਦਕਿ ਪੌਣੇ 4 ਕਰੋੜ ਦੀ ਜਾਇਦਾਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਨਾਮ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ (ਪੂਰਬੀ) ਅਤੇ ਮਜੀਠਾ ਹਲਕੇ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ਨਾਮੇ ਵਿੱਚ 11 ਕਰੋੜ ਰੁਪਏ ਤੋਂ ਵੱਧ ਦੀ ਚੱਲ-ਅਚੱਲ ਜਾਇਦਾਦ ਦਾ ਖੁਲਾਸਾ ਕੀਤਾ ਹੈ। ਮਜੀਠੀਆ ਦੇ ਨਾਮ ਸਵਾ ਕੁ ਤਿੰਨ ਕਰੋੜ ਅਤੇ ਉਨ੍ਹਾਂ ਦੀ ਪਤਨੀ ਦੇ ਨਾਮ ਸਾਢੇ ਅੱਠ ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਤੋਂ ਇਲਾਵਾ ਸ੍ਰੀ ਮਜੀਠੀਆ ’ਤੇ 66 ਲੱਖ ਰੁਪਏ ਦੇ ਕਰੀਬ ਕਰਜ਼ਾ ਵੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਦੇ ਵਿਰੋਧ ਪਿੱਛੇ ਅਕਾਲੀ ਦਲ ਦਾ ਹੱਥ: ਕੇਜਰੀਵਾਲ
Next articleਸੂਬੇ ’ਚ ਨਸ਼ਾ ਤਸਕਰੀ ਲਈ ਕਾਂਗਰਸ, ਅਕਾਲੀ ਦਲ ਤੇ ਭਾਜਪਾ ਜ਼ਿੰਮੇਵਾਰ: ਚੀਮਾ