“ਭਗਤ ਦਾ ਪਿਸਤੌਲ”

(ਸਮਾਜ ਵੀਕਲੀ)

ਭਗਤ ਸਿੰਹਾਂ !
ਤੇਰਾ ਚਿਰਾਂ ਤੋਂ ਗੁਅਚਿਆ,
ਪਿਸਤੌਲ ਵੀ ਲੱਭ ਗਿਆ ਹੈ,
ਤੇ ਨਾਲ਼ ਹੀ ਕੁਝ ਦਿਨਾਂ ਦੀ,
ਚਰਚਾ ਲਈ ਨਿਵੇਕਲ਼ਾ ਮੁੱਦਾ ਵੀ।

ਪਰ ਮੈਂ ਹੈਰਾਨ ਹਾਂ,
ਉਮਰ ਦੇ ਪਹਿਲੇ ਪੜਾਅ ‘ਚ,
“ਦਮੂੰਖਾਂ” ਦੇ;
ਜੋ ਤੂੰ ਬੀਜ ਬੀਜੇ ਸਨ,
ਅਜੇ ਤੱਕ ਪੁੰਗਰੇ ਨਹੀਂ,
ਇੱਕ ਵੀ ਕਰੂੰਬਲ਼ ਨਹੀਂ ਫੁੱਟੀ।

ਹਾਂ ਯਾਦ ਆਇਆ,
ਵਿਵਹਾਰਿਕਤਾ ਦੀ ਔੜ ਵਿੱਚ,
ਬੀਅ ਨਾਸ਼ ਹੀ ਹੁੰਦੇ ਨੇ,
ਉਂਝ ਦਾਰਸ਼ਨਿਕਤਾ ਦਾ ਮੀਂਹ,
ਹਰ ਵਰ੍ਹੇ ਖੁੱਲ੍ਹ ਕੇ ਵਰ੍ਹਦਾ ਹੈ।

ਚਲੋ ਚੰਗਾ ਵੀ ਹੈ;
ਭਾਰੀਆਂ “ਦਮੂੰਖਾਂ” ਨੂੰ;
ਚੁੱਕਣਾ ਕਿਸਨੇ ਸੀ?
ਦੂਜਿਆਂ ਦੇ ਮੋਢਿਆਂ ‘ਤੇ ਹੀ ਤਾਂ,
ਅੱਜਕਲ ਚਲਦੀਆਂ ਨੇ।

ਪਿਸਤੌਲ ਵਿਚਾਰੇ ਦਾ,
ਤਾਂ ਭਾਰ ਹੀ ਕੀ ਹੈ?
ਰੇਗਮਾਰ ਵੱਜ ਗਿਆ ਹੈ,
ਥਿੰਦਿਆਈ ਲਗਾ ਕੇ,
ਮਿਊਜ਼ੀਅਮ ‘ਚ ਸੱਜ ਗਿਆ ਹੈ।

ਚਲੋ ਹੁਣ ਚਲੀਏ!
ਘੱਤੀਏ ਵਹੀਰਾਂ,
ਤੇ ਕਰੀਏ ਦਰਸ਼ਨ,
ਪ੍ਰਦਰਸ਼ਨ ਲਈ ਤਿਆਰ ਹੈ ਵਸਤੂ।

ਹੈਰਾਨ ਨਾ ਹੋਵੋ;
ਉਹ ਤੁਹਾਡੇ ਲਈ,
ਸਿਰਫ ਅਜੇ ਵਸਤੂ ਹੀ ਹੈ,
ਨਾ ਕਿ ਵਿਸ਼ਾ-ਵਸਤੂ।

ਬਲਦੇਵ ਕ੍ਰਿਸ਼ਨ ਸ਼ਰਮਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਮੇਸ਼ ਪੰਜਾਬੀ ਲਾਇਬ੍ਰੇਰੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ 23 ਨੂੰ      
Next articleਕੁਰਬਾਨੀ