ਲੰਡਨ (ਸਮਾਜ ਵੀਕਲੀ) (ਰਸ਼ਪਿੰਦਰ ਕੌਰ ਗਿੱਲ)– ਗੁਰੂ ਨਾਨਕ ਗੁਰਦੁਆਰਾ ਬੈੱਡਫੋਰਡ ਵਿਖੇ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ 25 ਤਿਆਰ-ਬਰ-ਤਿਆਰ ਸਿੰਘਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਲਾਵਤਨੀ ਕੱਟ ਰਹੇ ਭਾਈ ਨਿਰੰਜਨ ਸਿੰਘ ਬਾਸੀ ਦੇ ਪਰਿਵਾਰ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਹੋਈਆਂ। ਉਪਰੰਤ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਨੂੰ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਆਪਣੇ ਹੱਡੀਂ ਹੰਢਾਏ ਅਤੇ ਅੱਖੀਂ ਦੇਖੇ ਖਾਲਿਸਤਾਨੀ ਸੰਘਰਸ਼ ‘ਤੇ ਆਧਾਰਿਤ ਕਿਤਾਬ “ਸੰਘਰਸ਼ ਦਾ ਦੌਰ” ਲਿਖੀ ਸੀ। ਉਸ ਵਿੱਚ ਸੰਘਰਸ਼ ਅਤੇ ਸੰਘਰਸ਼ਸ਼ੀਲ ਸਿੰਘਾਂ ਬਾਰੇ ਬਹੁਤ ਸਾਰੇ ਭਰਮ-ਭੁਲੇਖੇ ਦੂਰ ਕਰਦਿਆਂ ਪੁਲਿਸ ਕੈਟਾਂ ਅਤੇ ਜ਼ਾਲਮ ਪੁਲਸੀਆਂ ਨੂੰ ਬੇਨਕਾਬ ਕੀਤਾ ਗਿਆ ਸੀ। ਦੂਜੇ ਪਾਸੇ, ਨਵੀਂ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਵਿੱਚ ਉਨ੍ਹਾਂ ਕੁਝ ਬੀਬੀਆਂ ਨੂੰ ‘ਸਿੱਦਕੀ’ ਕਹਿ ਕੇ ਵਡਿਆਇਆ ਗਿਆ ਹੈ, ਜਿਨ੍ਹਾਂ ਨੇ ਆਪਣੇ ਸ਼ਹੀਦ ਹੋਏ ਸਿੰਘਾਂ ਦੇ ਨਾਮ ਸਹਾਰੇ ਆਪਣੀ ਸਾਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕਰ ਦਿੱਤੀ। ਸਰਕਾਰਾਂ ਦੇ ਭਾਰੀ ਤਸ਼ਦੱਦ ਸਹਿਣ ਦੇ ਬਾਵਜੂਦ ਉਨ੍ਹਾਂ ਨੇ ਮਾਣ ਨਾਲ ਆਪਣਾ ਜੀਵਨ ਬਤੀਤ ਕੀਤਾ ਅਤੇ ਸ਼ਹੀਦ ਸਿੰਘਾਂ ਦੇ ਮਾਤਾ-ਪਿਤਾ ਜਾਂ ਬੱਚਿਆਂ ਦੀ ਦੇਖਭਾਲ ਕਰਨਾ ਆਪਣਾ ਪਰਮ-ਫ਼ਰਜ਼ ਸਮਝਿਆ। ਇਸੇ ਤਰ੍ਹਾਂ, ਇਸ ਕਿਤਾਬ ਵਿੱਚ ਉਨ੍ਹਾਂ ਜੁਝਾਰੂ ਸਿੰਘਾਂ ਨੂੰ ‘ਸੰਘਰਸ਼ੀ’ ਦਰਸਾਇਆ ਗਿਆ ਹੈ, ਜੋ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੀ ਗੋਲੀ ਦੀ ਮਾਰ ਤੋਂ ਤਾਂ ਬਚ ਗਏ, ਪਰ ਉਨ੍ਹਾਂ ਨੇ ਆਪਣਾ ਬਾਕੀ ਸਾਰਾ ਜੀਵਨ ਵਿਦੇਸ਼ਾਂ ਵਿੱਚ ਜਲਾਵਤਨੀ ਕੱਟਦਿਆਂ ਕੌਮ ਲੇਖੇ ਲਾ ਦਿੱਤਾ। ਉਹ ਕਦੇ ਵੀ ਜ਼ਾਲਮ ਸਰਕਾਰਾਂ ਅੱਗੇ ਨਹੀਂ ਝੁਕੇ, ਨਾ ਹੀ ਉਨ੍ਹਾਂ ਦੀ ਈਨ ਮੰਨੀ ਅਤੇ ਆਪਣਾ ਸਿੱਖੀ ਸਿਦਕ ਆਖ਼ਰੀ ਸਾਹਾਂ ਤੱਕ ਨਿਭਾਉਣ ਲਈ ਵਚਨਬੱਧ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



