ਸਬਰ ਰੱਖੋ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਜ਼ਿੰਦਗੀ ਤੋਂ ਵੱਡਾ ਕੋਈ ਸਿਖਾਉਣ ਵਾਲਾ ਨਹੀਂ। ਨਿੱਤ ਕੁਝ ਨਵਾਂ ਸਿਖਾਉਂਦੀ ਹੈ। ਅਕਸਰ ਅਸੀਂ ਕਿਸੇ ਦੇ ਸਾਥ ਛੱਡ ਦੇਣ ਤੇ ਪ੍ਰੇਸ਼ਾਨ ਹੋ ਜਾਂਦੇ ਹਾਂ।ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਬੇਮਕਸਦ ਹੋ ਗਈ। ਮਨ ਉਦਾਸ ਰਹਿੰਦਾ ਹੈ।ਆਸ ਉਮੀਦ ਦਾ ਪੱਲਾ ਛੱਡ ਬੈਠਦੇ ਹਾਂ। ਪਰ ਫਿਰ ਕੁਝ ਨਵਾਂ ਵਾਪਰਦਾ ਹੈ। ਕੁਝ ਨਵੇਂ ਲੋਕ, ਨਵੇਂ ਮਕਸਦ ਮਿਲਦੇ ਹਨ।ਮਨ ਦੀ ਜਿੰਨ੍ਹੀ ਯੋਗਤਾ ਯਾਦ ਰੱਖਣ ਦੀ ਹੈ ਉਨ੍ਹੀਂ ਹੀ ਭੁੱਲ ਜਾਣ ਦੀ ਵੀ ਹੈ। ਕੁਝ ਨਵਾਂ ਪਾਉਣ ਲਈ ਕੁਝ ਵਿਸਾਰਨਾ ਪੈਂਦਾ ਹੈ।

ਦੁਨੀਆ ਵਿੱਚ ਅਰਬਾਂ ਲੋਕ ਹਨ।ਇਹਨਾਂ ਵਿੱਚ ਚੰਗੇ ਲੋਕ ਵੀ ਬਹੁਤ ਹਨ। ਜਦੋਂ ਕਿਸੇ ਨਵੇ ਸ਼ਖਸ ਨਾਲ ਮੁਲਾਕਾਤ ਹੁੰਦੀ ਹੈ ਤਾਂ ਅਸੀਂ ਬਹੁਤ ਕੁਝ ਨਵਾਂ ਸਿੱਖਦੇ ਹਾਂ।ਇਕ ਨਵੀਂ ਆਸ ਤੇ ਉਮੀਦ ਜਾਗਦੀ ਹੈ। ਜ਼ਿੰਦਗੀ ਜੇਕਰ ਇਕ ਰਾਹ ਬੰਦ ਕਰਦੀ ਹੈ ਤਾਂ ਦਸ ਰਾਹ ਖੋਲਦੀ ਵੀ ਹੈ।ਕੁਦਰਤ ਕੋਈ ਖਲਾਅ ਰਹਿਣ ਨਹੀਂ ਦਿੰਦੀ। ਹਰ ਜ਼ਖ਼ਮ ਭਰ ਜਾਂਦਾ ਹੈ ਬਸ ਥੋੜਾ ਸਮਾਂ ਲੱਗਦਾ ਹੈ।ਆਸ ਦਾ ਪੱਲਾ ਕਦੀ ਨਾ ਛੱਡੋ।ਜ਼ਿੰਦਗੀ ਕੋਲ ਬੇਸ਼ੁਮਾਰ ਨਿਆਮਤਾਂ ਹਨ । ਕਦੋਂ ਤੁਹਾਡੀ ਝੋਲੀ ਕੀ ਪਾ ਦੇਵੇ ਕੁਝ ਪਤਾ ਨਹੀਂ।

ਹਰ ਮੋੜ ਤੇ ਕੋਈ ਨਵਾਂ ਮਕਸਦ ਕੋਈ ਨਵਾਂ ਦੋਸਤ ਤੁਹਾਡਾ ਰਾਹ ਤੱਕ ਰਿਹਾ ਹੁੰਦਾ ਹੈ। ਬੱਸ ਤੁਸੀਂ ਬੇਸਬਰੇ ਹੋ ਕੇ ਪ੍ਰੇਸ਼ਾਨ ਹੋ ਜਾਂਦੇ ਹੋ। ਸਹੀ ਸਮਾਂ ਆਉਣ ਤੇ ਸਭ ਕੁਝ ਸਹੀ ਹੋ ਜਾਂਦਾ ਹੈ।ਸਬਰ ਰੱਖੋ। ਇੰਤਜ਼ਾਰ ਕਰੋ ਜ਼ਿੰਦਗੀ ਦੀ ਪਿਟਾਰੀ ਖੁੱਲਣ ਦਾ।ਬਹੁਤ ਕੁਝ ਨਵਾਂ ਹੈ ਇਸਦੇ ਝੋਲੇ ਵਿੱਚ ਤੁਹਾਡੇ ਲਈ।ਬਸ ਥੋੜਾ ਜਿਹਾ ਇੰਤਜ਼ਾਰ ਕਰੋ।

ਹਰਪ੍ਰੀਤ ਕੌਰ ਸੰਧੂ

 

Previous articleਔਰਤ ਨੂੰ ਸਮਝੋ
Next articleਹਾਸ਼ਮ ਫਤਿਹ ਨਸੀਬ ਉਹਨਾਂ ਨੂੰ, ਜਿਹਨਾਂ ਹਿੰਮਤ ਯਾਰ ਬਣਾਈ