ਹਾਸ਼ਮ ਫਤਿਹ ਨਸੀਬ ਉਹਨਾਂ ਨੂੰ, ਜਿਹਨਾਂ ਹਿੰਮਤ ਯਾਰ ਬਣਾਈ

ਦਿੜਬਾ ਮੰਡੀ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਇਹ ਸ਼ਬਦ ਭੈਣ ਇਕਦੀਸ਼ ਕੌਰ ਤੇ ਪੂਰੇ ਢੁਕਵੇਂ ਹਨ ਜਿਨ੍ਹਾਂ ਨੇ ਆਪਣੇ ਦ੍ਰਿੜ ਇਰਾਦੇ ਨਾਲ ਸੇਵਾ ਕੀਤੀ ਤੇ ਸ ਸ ਸ ਸ ਮਹਿਲਾਂ ਦੀ ਨੁਹਾਰ ਬਦਲਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ।ਸ੍ਰੀਮਤੀ ਇਕਦੀਸ਼ ਕੌਰ ਦਾ ਜਨਮ 27 ਜਨਵਰੀ 1965 ਨੂੰ ਧਨੌਲਾ ਵਿਖੇ ਮਾਤਾ ਬਲਵੀਰ ਕੌਰ ਦੀ ਕੁੱਖੋਂ ਸ੍ ਹਰਚੰਦ ਸਿੰਘ ਦੇ ਘਰ ਹੋਇਆ। ਪਰਿਵਾਰ ਵਿੱਚ ਦੋ ਵੱਡੀਆਂ ਭੈਣਾਂ ਤੇ ਇੱਕ ਛੋਟੇ ਭਰਾ ਨੇ ਆਪ ਦੀ ਸਿੱਖਿਆ ਪ੍ਰਾਪਤੀ ਲਈ ਬਹੁਤ ਮਦਦ ਕੀਤੀ। ਆਪ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਧਨੌਲਾ ਦੇ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਬਾਅਦ ਵਿੱਚ ਬੀ.ਐਸ.ਸੀ., ਬੀ.ਐਡ.,ਐਮ.ਏ. ਅੰਗਰੇਜੀ, ਪੰਜਾਬੀ,ਐਮ.ਫਿਲ,ਐਮ.ਐਡ ਤੱਕ ਦੀ ਪੜ੍ਹਾਈ ਕੀਤੀ ਤੇ 1985ਤੋ 1990ਤੱਕ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਵਿੱਦਿਆ ਰੂਪੀ ਚਾਨਣ ਵੰਡਿਆ। ਇਸ ਦੌਰਾਨ 9 ਸਤੰਬਰ 1991ਨੂੰ ਸਿੱਖਿਆ ਵਿਭਾਗ ਵਿੱਚ ਆ ਕੇ ਸਰਕਾਰੀ ਪ੍ਰਾਇਮਰੀ ਸਕੂਲ ਲੋਹਾਖੇੜਾ ਵਿਖੇ ਬਤੌਰ ਪ੍ਰਾਇਮਰੀ ਅਧਿਆਪਕ ਸੇਵਾ ਸੰਭਾਲੀ।

ਇਸ ਦੌਰਾਨ 28 ਨਵੰਬਰ 1992 ਨੂੰ ਸ੍ਰ ਸੁਖਪਾਲ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੰਨੇ ਗਏ ਤੇ ਘਰ ਵਿੱਚ ਇੱਕ ਪੁੱਤਰੀ ਪੁਨੀਤ ਨੇ ਜਨਮ ਲਿਆ ਜੋ ਅੱਜਕੱਲ ਆਪਣੇ ਪਤੀ ਡਾ ਗੁਰਜੋਤ ਸਿੰਘ ਨਾਲ ਸਿਹਤ ਵਿਭਾਗ ਵਿੱਚ ਬਤੌਰ ਡਾਕਟਰ ਸੇਵਾਵਾਂ ਨਿਭਾ ਰਹੀ ਹੈ। ਬਤੌਰ ਪ੍ਰਾਇਮਰੀ ਅਧਿਆਪਕ ਸੇਵਾ ਕਰਦੇ ਹੋਏ ਆਪ ਜੀ ਦੀ ਨਿਯੁਕਤੀ ਸਿੱਖਿਆ ਵਿਭਾਗ ਨੇ ਬਤੌਰ ਲੈਕਚਰਾਰ ਕਰ ਦਿੱਤੀ ਤੇ ਮਿਤੀ 13ਸਤੰਬਰ 1994ਨੂੰ ਸ ਸ ਸ ਸ ਜਖੇਪਲ ਤੇ ਬਾਅਦ ਵਿਚ ਸ ਸ ਸ ਸ,ਕੰਨਿਆ ਲੌਂਗੋਵਾਲ ਵਿੱਚ ਸੇਵਾ ਨਿਭਾਉਂਦੇ ਹੋਏ ਮਿਤੀ 30ਅਗਸਤ 1996 ਨੂੰ ਸ ਸ ਸ ਸ ਪਸਿਆਣਾ ਜ਼ਿਲ੍ਹਾ ਪਟਿਆਲਾ ਵਿੱਚ ਅਧਿਆਪਨ ਦਾ ਕਾਰਜ ਜਾਰੀ ਰੱਖਿਆ। ਲੱਗਭੱਗ 21ਸਾਲ ਇਸ ਸਕੂਲ ਵਿੱਚ ਲਗਾਉਣ ਉਪਰੰਤ ਆਪ ਨੂੰ ਬਤੌਰ ਪ੍ਰਿੰਸੀਪਲ ਪਦ ਉੱਨਤ ਕਰਕੇ ਮਿਤੀ 6-4-2017ਨੂੰ ਸ ਸ ਸ ਸ ਮਹਿਲਾਂ ਵਿਖੇ ਭੇਜ ਦਿੱਤਾ। ਇਥੇ ਆ ਕੇ ਜਦੋਂ ਸੇਵਾ ਸੰਭਾਲੀ ਤਾਂ ਕਮਰਿਆਂ ਦੀ ਘਾਟ, ਦਰੱਖਤਾਂ ਹੇਠ ਜਮਾਤਾਂ ਦੇਖ ਕੇ ਮਨ ਬਹੁਤ ਹੈਰਾਨ ਤੇ ਪ੍ਰੇਸ਼ਾਨ ਹੋਇਆ ਕਿਉਂਕਿ ਜਰਨੈਲੀ ਸੜਕ ਤੇ ਹੋਣ ਦੇ ਬਾਵਜੂਦ ਸਕੂਲ ਦੀ ਹਾਲਤ ਬਹੁਤ ਮਾੜੀ ਸੀ।

ਇਸ ਦੌਰਾਨ ਵਿਦਿਆਰਥੀਆਂ ਲਈ ਸੋਹਣੀ ਤੇ ਸ਼ਾਨਦਾਰ ਇਮਾਰਤ , ਆਕਰਸ਼ਕ ਮੁੱਖ ਦੁਆਰ ਆਪ ਦੀਆਂ ਮੁੱਖ ਇੱਛਾਵਾਂ ਤੇ ਵਿਦਿਆਰਥੀਆਂ ਦੀ ਲੋੜ ਸਨ। ਇਸ ਅਸੰਭਵ ਜਾਪਦੇ ਕਾਰਜ ਲਈ ਆਪ ਨੇ ਸਮਾਜ ਸੇਵੀ ਤੇ ਕਿੱਤੇ ਨੂੰ ਸਮਰਪਿਤ ਸਟੇਟ ਐਵਾਰਡੀ ਅਧਿਆਪਕ ਪਰਮਿੰਦਰ ਕੁਮਾਰ ਲੌਂਗੋਵਾਲ ਨੂੰ ਅੱਗੇ ਲਗਾ ਕੇ ਦਿਨ ਰਾਤ ਇੱਕ ਕਰਕੇ ਗਰਮੀਆਂ, ਸਰਦੀਆਂ,ਕਰੋਨਿਆਂ, ਅਫਸਰ ਸ਼ਾਹੀ ਦੀ ਪ੍ਰਵਾਹ ਕੀਤੇ ਬਗੈਰ ਪਿੰਡ ਦੇ ਦਾਨੀ ਤੇ ਵੱਡੀ ਸੋਚ ਵਾਲੇ ਸੱਜਣਾ ਮਿੱਤਰਾਂ ਤੋਂ ਦਾਨ ਇਕੱਠੇ ਕਰਕੇ ਵਿਸ਼ਾਲ ਤੇ ਸੋਹਣੀ ਇਮਾਰਤ ਤਿਆਰ ਕਰਕੇ ਵਿਦਿਆਰਥੀਆਂ ਤੇ ਨਗਰ ਨਿਵਾਸੀਆਂ ਨੂੰ ਸੌਂਪ ਦਿੱਤੀ ਤੇ ਇਹ ਸਿੱਧ ਕਰ ਦਿੱਤਾ ਕਿ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ। ਉਹਨਾਂ ਨੇ ਨਗਰ ਨਿਵਾਸੀਆਂ, ਸਟਾਫ ਨਾਲ ਮਿਲ ਕੇ ਵਿਦਿਆਰਥੀਆਂ, ਸਕੂਲ ਦੀ ਬਿਹਤਰੀ ਲਈ ਸਮੂਹਿਕ ਯਤਨ ਆਪਣੇ ਆਪ ਵਿੱਚ ਇੱਕ ਪ੍ਰੇਰਨਾ ਸਰੋਤ ਹਨ।

ਅੱਜ ਭਾਵੇਂ ਸ੍ਰੀਮਤੀ ਇਕਦੀਸ਼ ਕੌਰ ਸਰਕਾਰੀ ਨਿਯਮਾਂ ਅਨੁਸਾਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ ਪਰੰਤੂ ਉਹਨਾਂ ਦੇ ਮਿੱਠ ਬੋਲੜੇ, ਸ਼ਾਂਤ, ਨਿੱਘੇ, ਛੋਟੇ ਵੱਡੇ ਦਾ ਸਤਿਕਾਰ ਕਰਨਾ, ਇਮਾਨਦਾਰੀ, ਹਿੰਮਤ, ਫਰਜ਼ਾਂ ਪ੍ਰਤੀ ਸੁਚੇਤ ਹੋਣ ਵਰਗੇ ਗੁਣਾਂ ਕਾਰਨ, ਇਲਾਕੇ ਦੇ ਲੋਕਾਂ ਤੇ ਵਿਭਾਗ ਵਿੱਚ ਇੱਕ ਖਾਸ ਸਥਾਨ ਬਣਾ ਕੇ ਰੱਖਿਆ ਹੈ ਜਿਸ ਲਈ ਉਹ ਇਲਾਕੇ ਦੇ ਲੋਕਾਂ ਉਹਨਾਂ ਦੇ ਕੀਤੇ ਗਏ ਕੰਮ ਨੂੰ ਹਮੇਸ਼ਾ ਯਾਦ ਰੱਖਣਗੇ। ਅੱਜ ਸੰਗਰੂਰ ਦਿੱਲੀ ਮੁੱਖ ਮਾਰਗ ਤੇ ਸਥਿਤ ਸਕੂਲ ਦੀ ਬਿਲਡਿੰਗ ਉਹਨਾਂ ਦੇ ਕੀਤੇ ਗਏ ਕੰਮਾਂ ਦੀ ਮੂੰਹ ਬੋਲਦੀ ਤਸਵੀਰ ਹੈ। ਅੱਜ ਉਹਨਾਂ ਦੀ ਸੇਵਾ ਮੁਕਤੀ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਸਤਿਕਾਰ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਅਗਲੇ ਜੀਵਨ ਵਿੱਚ ਤੰਦਰੁਸਤੀ, ਚੜਦੀ ਕਲਾ ਬਖਸ਼ਿਸ਼ ਕਰਨ।

 

Previous articleਸਬਰ ਰੱਖੋ
Next articleਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵਲੋਂ ਦੁਆਬੇ ਦੇ ਪ੍ਰਸਿੱਧ ਪਿੰਡ ਬੋਪਾਰਾਏ (ਨੇੜੇ ਭੁਲੱਥ, ਕਪੂਰਥਲਾ) ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ