ਪੰਜਾਬ ਲਈ ਰਾਜਨੀਤਕ ਪਾਰਟੀਆਂ ਵੱਲੋਂ ਸੇਵਾ ਦੇ ਭਰੇ ਟੋਕਰੇ-

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)-ਪੰਜਾਬ ਦੀਆ ਵਿਧਾਨ ਸਭਾ ਚੋਣਾਂ ਜਿਸ ਤਰ੍ਹਾਂ ਨੇੜੇ ਆ ਰਹੀਆਂ ਹਨ ਰਾਜਨੀਤਕ ਪਾਰਟੀਆਂ ਸੇਵਾ ਦਾ ਪੱਲੂ ਗਲ ਵਿੱਚ ਪਾ ਕੇ ਖੁੱਲ੍ਹੀ ਸੇਵਾ ਕਰਨ ਦੇ ਵਾਅਦੇ ਲਗਾਤਾਰ ਵਧਦੇ ਜਾ ਰਹੇ ਹਨ।ਪੰਜਾਬ ਉੱਤੇ ਰਾਜ ਕਰਦੀ ਕਾਂਗਰਸ ਪਾਰਟੀ ਨੇ ਬਹੁਤ ਸੋਹਣੇ ਤੇ ਨਵੇਂ ਤਰੀਕੇ ਨਾਲ ਵਾਅਦੇ ਕਰਨ ਦਾ ਉਪਰਾਲਾ ਕੀਤਾ,ਵਾਅਦਿਆਂ ਦੀ ਝੜੀ ਵਧਾਉਣ ਲਈ ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਸਾਹਿਬ ਦੀ ਬਦਲੀ ਕਰਨਾ ਪਈ।ਫੇਰ ਮੁੱਖਮੰਤਰੀ ਚੰਨੀ ਸਾਹਿਬ ਘਰ ਘਰ ਜਾ ਕੇ ਲੋਕਾਂ ਦੀ ਸੇਵਾ ਲਈ ਖ਼ਾਸ ਪ੍ਰਸ਼ਾਦ ਵੰਡਣਾ ਚਾਲੂ ਕੀਤਾ।ਬਿਜਲੀ ਦੀਆਂ ਯੂਨਿਟਾਂ ਮੁਆਫ਼ ਕਰਨੀਆਂ ਕਰਜ਼ੇ ਮੁਆਫ਼ ਕਰਨੇ ਤੇ ਬਿਜਲੀ ਸਬੰਧੀ ਕੀਤੇ ਸਮਝੌਤੇ ਰੱਦ ਕਰਨਾ ਹੋਰ ਵੀ ਬਹੁਤ ਕੁਝ ਪਾਠਕਾਂ ਨੂੰ ਯਾਦ ਹੋਵੇਗਾ।

ਇਹ ਸਾਰਾ ਕੁਝ ਚੰਨੀ ਸਾਹਿਬ ਵੱਲੋਂ ਇਸ ਲਈ ਪਰੋਸਿਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਸਾਹਿਬ ਪਹਿਲਾਂ ਹੀ ਦਿੱਲੀ ਤੋਂ ਵਾਅਦਿਆਂ ਦੇ ਟੋਕਰੇ ਭਰ ਕੇ ਲੈ ਆਏ ਸੀ ਤੇ ਐਲਾਨ ਤੇ ਐਲਾਨ ਤੇ ਐਲਾਨ ਕਰਦੇ ਜਾ ਰਹੇ ਹਨ।ਫਿਰ ਜੋ ਸਾਡੇ ਮਹਾਨ ਨੇਤਾ ਹਨ ਉਨ੍ਹਾਂ ਨੇ ਇਸ ਦੀ ਆਲੋਚਨਾ ਚਾਲੂ ਕੀਤੀ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ।ਕਿਉਂਕਿ ਪੰਜਾਬ ਸਿਰ ਬਹੁਤ ਭਾਰੀ ਕਰਜ਼ਾ ਹੈ ਉਹ ਕਿਵੇਂ ਭਰਿਆ ਜਾ ਸਕਦਾ ਹੈ।ਪੰਜਾਬ ਤੇ ਮੰਨੇ ਪ੍ਰਮੰਨੇ ਨੇਤਾ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਨੀ ਸਾਹਿਬ ਵੱਲੋਂ ਤੇ ਕੇਜਰੀਵਾਲ ਸਾਹਿਬ ਵੱਲੋਂ ਜਿੰਨੇ ਵਾਅਦਿਆਂ ਦਾ ਐੈਲਾਨ ਕੀਤਾ ਸਹੀ ਰੂਪ ਵਿੱਚ ਉਸ ਦੀ ਆਲੋਚਨਾ ਕਰਦੇ ਰਹੇ।ਹਜ਼ਾਰ ਰੁਪਇਆ ਬੀਬੀਆਂ ਨੂੰ ਮਹੀਨਾ ਭਰ ਦੇਣ ਦਾ ਰਾਗ ਜੋ ਕੇਜਰੀਵਾਲ ਸਾਬ ਨੇ ਐਲਾਨਿਆ ਸੀ,ਉਸ ਦੀ ਬਹੁਲਤਾ ਵਿਚ ਸਿੱਧੂ ਸਾਹਿਬ ਨੇ ਬਹੁਤ ਵੱਡਾ ਬਿਆਨ ਦਾਗਿਆ ਸੀ ਜੋ ਸਹੀ ਵੀ ਸੀ।

ਸਿੱਧੂ ਸਾਬ ਕੇਜਰੀਵਾਲ ਵੱਲੋਂ ਵੰਡੇ ਤੋਹਫਿਆਂ ਦੀ ਆਲੋਚਨਾ ਕਰਦੇ ਆ ਰਹੇ ਹਨ ਕਿ ਪੰਜਾਬ ਸਿਰ ਭਾਰੀ ਕਰਜ਼ਾ ਹੈ ਜੋ ਗੱਲ ਸੋਲਾਂ ਆਨੇ ਖਰੀ ਹੈ। ਪਰ ਕੱਲ੍ਹ ਅਚਾਨਕ ਸ਼ਹਿਣਾ ਭਦੌੜ ਵਿਚ ਸਿੱਧੂ ਸਾਹਿਬ ਨੂੰ ਪਤਾ ਨ੍ਹੀਂ ਕਿਹੜੀ ਮੁਹੱਬਤ ਜਾਗੀ ਜਾਂ ਸੇਵਾ ਦੀ ਲੜੀ ਯਾਦ ਆ ਗਈ ਤਾਂ ਸਿੱਧੂ ਸਾਹਿਬ ਨੇ ਇਕ ਨਵਾਂ ਨਾਅਰਾ ਦਾਗ਼ਿਆ ਕਿ ਹਰੇਕ ਲੜਕੀ ਨੂੰ ਪ੍ਰਿਅੰਕਾ ਗਾਂਧੀ ਤੇ ਕਲਪਨਾ ਚਾਵਲਾ ਬਣਨ ਦਾ ਸੱਦਾ ਦਿੰਦਿਆਂ ਕਾਲਜ ਵਿਚ ਦਾਖਲਾ ਲੈਣ ਵਾਲੀਆਂ ਲੜਕੀਆਂ ਨੂੰ ਦੋ ਪਹੀਆ ਵਾਹਨ ਬਾਰ੍ਹਵੀਂ ਜਮਾਤ ਪਾਸ ਕਰਨ ਤੇ ਵੀਹ ਹਜ਼ਾਰ ਰੁਪਏ ਦਸਵੀਂ ਪਾਸ ਕਰਨ ਤੇ ਪੰਦਰਾਂ ਹਜ਼ਾਰ ਰੁਪਏ ਅਤੇ ਪੰਜਵੀਂ ਪਾਸ ਕਰਨ ਪੰਜ ਹਜ਼ਾਰ ਰੁਪਏ ਦੇਣ ਦੇ ਵਾਅਦੇ ਵੀ ਕੀਤੇ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਨੂੰ ਕਾਲਜ ਜਾਣ ਲਈ ਦੋ ਪਹੀਆ ਵਾਹਨ ਦਿੱਤੇ ਜਾਣਗੇ। ਪੰਜਾਬ ਦੀਆਂ ਭੈਣਾਂ ਬੇਟੀਆਂ ਲਈ ਮੁਹੱਬਤ ਜਾਗੀ ਤਾਂ ਉਨ੍ਹਾਂ ਨੇ ਵਾਅਦਿਆਂ ਤੇ ਸੁਧਾਰਵਾਦੀ ਨੀਤੀ ਦੀਆਂ ਝੜੀਆਂ ਲਗਾ ਦਿੱਤੀਆਂ।ਉਨ੍ਹਾਂ ਦੇ ਇਸ ਤੋਹਫਿਆਂ ਵਿਚ ਹਰ ਘਰ ਤੇ ਬੀਬੀਆਂ ਨੂੰ ਹਰ ਮਹੀਨੇ ਦੋ ਹਜਾਰ ਰੁਪਏ ਤੇ ਸਾਲ ਚ ਅੱਠ ਸਿਲੰਡਰ ਮੁਫ਼ਤ ਦੇਣ ਦਾ ਬੀਬੀਆਂ ਲਈ ਐਲਾਨ ਕੀਤਾ।ਇਸ ਤੋਹਫਿਆਂ ਦੀ ਲੜੀ ਬਾਰੇ ਸਾਰੇ ਪਾਠਕ ਜਾਣਦੇ ਹਨ ਡੂੰਘਾਈ ਵਿਚ ਜਾਣ ਦੀ ਕੋਈ ਜ਼ਰੂਰਤ ਨਹੀਂ,ਇਹ ਫੋਕੇ ਵਾਅਦੇ ਹਨ ਆਪਾਂ ਸਾਰੇ ਜਾਣਦੇ ਹਾਂ ਜੋ ਤਿੰਨ ਦਹਾਕਿਆਂ ਤੋਂ ਰਾਜਨੀਤਿਕ ਪਾਰਟੀਆਂ ਆਪਣੇ ਨਾਲ ਕਰਦੀਆਂ ਆ ਰਹੀਆਂ ਹਨ।ਅਕਾਲੀ ਦਲ ਪਾਰਟੀ ਤਾਂ ਆਪਾਂ ਜਾਣਦੇ ਹਾਂ ਤੋਹਫਿਆਂ ਦਾ ਭੰਡਾਰ ਹੈ,ਪਰ ਸੇਵਾ ਦੇ ਭੰਡਾਰੇ ਵਿੱਚੋਂ ਉਨ੍ਹਾਂ ਨੇ ਕਦੇ ਕੁਝ ਦਿੱਤਾ ਨੇ ਸਿਰਫ਼ ਚੋਣਾਂ ਵੇਲੇ ਵਾਅਦੇ ਹੁੰਦੇ ਹਨ।ਕੱਲ੍ਹ ਨੂੰ ਪ੍ਰਧਾਨ ਮੰਤਰੀ ਜੀ ਪੰਜਾਬ ਵਿਚ ਆ ਰਹੇ ਹਨ ਉਹ ਪਤਾ ਨਹੀਂ ਕਿੰਨੇ ਕੁ ਟੋਕਰੇ ਭਰ ਕੇ ਲੈ ਕੇ ਆਉਣਗੇ। ਪਾਠਕ ਸਾਹਿਬਾਨ ਰਾਜਨੀਤਕ ਪਾਰਟੀਆਂ ਤਿੰਨ ਦਹਾਕਿਆਂ ਤੋਂ ਆਪਾਂ ਨੂੰ ਵਾਅਦਿਆਂ ਤੇ ਲਾਰਿਆਂ ਨਾਲ ਲੁੱਟਦੀਆਂ ਆ ਰਹੀਆਂ ਹਨ,ਕੀ ਦਿੱਤਾ ਆਪਾਂ ਜਾਣਦੇ ਹੀ ਹਾਂ ਆਪਣੇ ਕਿਸਾਨ ਤੇ ਮਜ਼ਦੂਰ ਲੰਮੇ ਸਮੇਂ ਤੋਂ ਖ਼ੁਦਕਸ਼ੀਆਂ ਕਰਦੇ ਆ ਰਹੇ ਹਨ।ਸਿਹਤ ਤੇ ਸਿੱਖਿਆ ਦਾ ਬੇਹੱਦ ਬੁਰਾ ਹਾਲ ਹੈ,ਸਕੂਲਾਂ ਕਾਲਜਾਂ ਤੇ ਸਿਹਤ ਵਿਭਾਗ ਚ ਮੁਲਾਜ਼ਮਾਂ ਦੀ ਭਾਰੀ ਕਮੀ ਹੈ।

ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀ ਬਹੁਤ ਵੱਡੀ ਕਮੀ ਹੈ ਹਸਪਤਾਲਾਂ ਵਿੱਚ ਡਾਕਟਰ ਬਹੁਤ ਘੱਟ ਹਨ।ਬਿਜਲੀ ਵਿਭਾਗ ਨੂੰ ਸਰਕਾਰਾਂ ਵੱਲੋਂ ਬਣਦੇ ਸਬਸਿਡੀਆਂ ਦੇ ਤੋਹਫ਼ਿਆਂ ਨੇ ਕਾਰਪੋਰੇਸ਼ਨ ਦਾ ਮਲੀਆਮੇਟ ਕਰ ਦਿੱਤਾ ਹੈ।ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਲੇਕਿਨ ਪਹੁੰਚਾਣ ਦੇ ਤਰੀਕੇ ਬਹੁਤ ਪੁਰਾਣੇ ਤੇ ਨਾਜ਼ੁਕ ਸਥਿਤੀ ਵਿੱਚ ਹਨ।ਇਸ ਪਾਸੇ ਵੱਲ ਕੋਈ ਨਹੀਂ ਸੋਚਦਾ।ਕਿਸਾਨ ਸੰਘਰਸ਼ ਮੋਰਚੇ ਦਾ ਇਕ ਵੱਡਾ ਇਨਕਲਾਬ ਰਚਿਆ ਹੈ।ਜਿਹੜੀਆਂ ਪਾਰਟੀਆਂ ਦੇ ਵੀ ਰਾਜਨੀਤਕ ਨੇਤਾ ਵੋਟਾਂ ਮੰਗਣ ਲਈ ਸ਼ਹਿਰਾਂ ਜਾਂ ਪਿੰਡਾਂ ਵਿੱਚ ਆਉਂਦੇ ਹਨ।ਉਨ੍ਹਾਂ ਵੱਲੋਂ ਦਿੱਤੀ ਜਾ ਰਹੀ ਭੀਖ ਬਾਰੇ ਸਵਾਲ ਜਵਾਬ ਕਰਨਾ ਸਿੱਖੋ।ਪਿੰਡਾਂ ਤੇ ਸ਼ਹਿਰਾਂ ਦੀਆਂ ਸਮਾਜਿਕ ਜਥੇਬੰਦੀਆਂ ਇੱਕ ਖ਼ਾਸ ਹਲਫ਼ੀਆ ਬਿਆਨ ਬਣਾ ਕੇ ਰੱਖਣ,ਆਪਣੇ ਇਲਾਕੇ ਤੇ ਪੰਜਾਬ ਸਬੰਧੀ ਜੋ ਮੰਗਾਂ ਹਨ ਉਹ ਉਸ ਉਪਰ ਲਿਖ ਕੇ ਰੱਖਣ।ਪਿਆਰ ਨਾਲ ਜੋ ਵੀ ਨੇਤਾ ਵੋਟਾਂ ਮੰਗਣ ਆਵੇ ਚਾਹ ਪਾਣੀ ਪਿਲਾ ਕੇ ਉਸ ਦੇ ਸਾਹਮਣੇ ਹਲਫ਼ੀਆ ਬਿਆਨ ਦਸਤਖਤ ਕਰਨ ਲਈ ਰੱਖ ਦੇਵੋ।ਪਹਿਲਾਂ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਪੰਜਾਬੀ ਹੁਣ ਕਿੰਨੇ ਜਾਗ ਚੁੱਕੇ ਹਨ।ਆਪਣੀ ਜੇਬ ਤੇ ਆਪਣੇ ਖਾਤੇ ਵਿੱਚੋਂ ਤੁਹਾਨੂੰ ਥੋੜ੍ਹਾ ਬਹੁਤ ਖ਼ਾਸ ਕੰਮਾਂ ਲਈ ਦਾਨ ਵੀ ਦੇਣਗੇ ਲੈ ਲਵੋ।ਅੱਜ ਲੋੜ ਹੈ ਰਾਜਨੀਤਕ ਪਾਰਟੀਆਂ ਨੂੰ ਭੁੱਲ ਜਾਵੋ ਉਸ ਬੰਦੇ ਨੂੰ ਵੋਟ ਪਾਓ ਜੋ ਸਮਾਜਿਕ ਪੱਧਰ ਤੇ ਪਹਿਲਾਂ ਵੀ ਸੇਵਾ ਕਰਦਾ ਆਇਆ ਹੈ ਕਰ ਰਿਹਾ ਹੈ ਤੇ ਕਰੇਗਾ।ਰਾਜਨੀਤਕ ਪਾਰਟੀਆਂ ਨੇ ਆਪਣਾ ਜੋ ਜਲੂਸ ਕੱਢਿਆ ਹੈ ਉਹ ਜਾਣਦੇ ਹਾਂ।ਆਓ ਸਾਰੇ ਮਿਲ ਕੇ ਇਨ੍ਹਾਂ ਦੇ ਕੀਤੇ ਵਾਅਦਿਆਂ ਨੂੰ ਵੀ ਹਲਫ਼ੀਆ ਬਿਆਨ ਪਰਚੇ ਤੇ ਲਿਖਵਾਓ,ਹਲਫੀਆ ਬਿਆਨ ਤੇ ਵਾਅਦਾ ਰੂਪੀ ਦਸਤਖਤ ਕਰਨ ਤੋਂ ਕੰਨੀ ਕਤਰਾਉਣਗੇ।

ਸਾਡੇ ਪੰਜਾਬ ਦੇ ਇਕ ਸਾਲ ਮੋਰਚੇ ਲਗਾ ਕੇ ਕੇਂਦਰ ਸਰਕਾਰ ਨੂੰ ਗੋਡਿਆਂ ਭਾਰ ਬਿਠਾ ਦਿੱਤਾ ਹੈ ਹੁਣ ਤਾਂ ਚੋਣਾਂ ਆਪਣੇ ਘਰ ਵਿੱਚ ਹਨ ਜਾਗੋ ਤੇ ਆਪਣੀ ਵੋਟ ਦੀ ਕੀਮਤ ਪਹਿਚਾਣੋ,ਇਨਕਲਾਬ ਆਉਣ ਵਿੱਚ ਥੋੜ੍ਹਾ ਹੀ ਸਮਾਂ ਹੈ ਪਰ ਆਪਾਂ ਨੂੰ ਸੁਧਰਨਾ ਬਹੁਤ ਜ਼ਰੂਰੀ ਹੈ।ਸੋਸ਼ਲ ਮੀਡੀਆ ਤੇ ਵੀ ਸਾਡੇ ਨੌਜਵਾਨ ਪੀੜ੍ਹੀ ਚੋਣਾਂ ਸਬੰਧੀ ਬਹੁਤ ਸੋਹਣੇ ਵਿਚਾਰ ਚਰਚਾ ਪੇਸ਼ ਕਰ ਰਹੀ ਹੈ,ਫੋਨਾਂ ਰਾਹੀਂ ਲੋਕਾਂ ਨੂੰ ਵੋਟ ਦੀ ਕੀਮਤ ਦੱਸਣ ਲਈ ਉਪਰਾਲਾ ਕਰ ਰਹੇ ਹਨ ਫਿਰ ਹੁਣ ਜਾਤ ਪਾਤ ਤੇ ਧਰਮਾਂ ਨੂੰ ਭੁੱਲ ਕੇ ਆਓ ਸਾਰੇ ਇਕੱਠੇ ਹੋ ਕੇ ਆਪਾਂ ਵੋਟ ਦਾਨ ਕਰੀਏ,ਰਾਜਨੀਤਕ ਪਾਰਟੀਆਂ ਦੇ ਵਾਅਦਿਆਂ ਦੇ ਭਰੇ ਹੋਏ ਟੋਕਰਿਆਂ ਨੂੰ ਪਹਿਲਾਂ ਹੀ ਠੇਡਾਮਾਰੀਏ ਇਨਕਲਾਬ ਜ਼ਰੂਰ ਆਵੇਗਾ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਨਰ ਦਾ ਨਸ਼ਾ
Next articleਆਰ ਸੀ ਐਫ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ