~ ਕਮਲ ਝੀਲ ~

ਰਿਤੂ ਵਾਸੂਦੇਵ
 (ਸਮਾਜ ਵੀਕਲੀ)
ਕਮਲ ਝੀਲ ‘ਚੋਂ ਕੱਢ ਲਿਆਈ
ਫੁੱਲ ਗੁਲਾਬੀ ਜਾ ਕੇ
ਚੜ੍ਹਦੇ ਸੂਰਜ ਦੀ ਧੁੱਪ ਕੋਸੀ
ਨੂੰ ਗਲਵਕੜੀ ਪਾ ਕੇ
ਕੰਤ ਅਸਾਡਾ ਮੌਜੀ ਮਨ ਦਾ
ਬੋਲੇ ਜਾਂ ਨਾ ਬੋਲੇ
ਸਾਡੇ ਹੀ ਅੰਦਰ ਤਾਣੇ ਤਣਦਾ
ਸਾਥੋਂ ਹੀ ਰੱਖਦਾ ਓਹਲੇ
ਪਾ ਕੇ ਨੀਲ ਸਫ਼ੈਦੀ ਕੀਤੀ
ਮੰਦਰ ਨੂੰ ਲਿਸ਼ਕਾਇਆ
ਮਸਤ ਮਲੰਗੀ, ਆਕੜਖੋਰਾ
ਅੰਦਰੋਂ ਬਾਹਰ ਨਾ ਆਇਆ
ਇਸ਼ਕ ਦੇ ਰਸਤੇ ਟੇਢੇ-ਮੇਢੇ
ਲੱਖਾਂ ਪਏ ਕੁਰਾਹੇ
ਐਪਰ ਪੁੱਟਿਆ ਪੈਰ ਜਿਨ੍ਹਾਂ ਨੇ
ਮੁੜਕੇ ਘਰ ਨਾ ਆਏ
ਲੱਭ ਕੋਈ ਬਾਹਲੀਕ!
ਮਹਾਂਭਾਰਤ ਦਾ ਵੱਡ-ਵਡੇਰਾ
ਜੋ ਭੀਸ਼ਮ ਦੇ ਸਿਰ ‘ਤੇ ਬੰਨ੍ਹੇ
ਜਾਂਦੀ ਵਾਰੀ ਸਿਹਰਾ
ਬ੍ਰਹਮ ਮਹੂਰਤ ਦੇ ਵਿੱਚ ਲਿਖੀਆਂ
ਕਰਮਯੋਗ ਦੀਆਂ ਗੱਲਾਂ
ਚੰਨ ਚੜ੍ਹੇ ਨੂੰ ਸਜਦਾ ਕੀਤਾ
ਸਾਗਰ ‘ਚੋਂ ਉੱਠ ਛੱਲਾਂ
ਲੋਹਾ ਲੱਗੇ ਹੱਥਾਂ ਦੇ ਨਾਲ
ਰੇਸ਼ਮ ਛੂੰਹਦਾ ਜਾਪੇ
ਅੱਜਕੱਲ੍ਹ ਤਾਂ ਦੁਰਵਾਸਾ ਮੇਰੇ
ਕੇਸਾਂ ਦਾ ਕੱਦ ਮਾਪੇ
ਰਾਤ ਦੀ ਰਾਣੀ ਚੰਨ ਚੜ੍ਹੇ ਨੂੰ
ਆਈ ਪਾਉਣ ਤੜਾਗੀ
ਵੇਖ ਕੇ ਉਸਨੂੰ ਪਾਗਲ ਤਾਰੇ
ਹੋ ਗਏ ਸਾਰੇ ਬਾਗੀ
ਵੱਜੀ ਉੜਕ ਕਲ਼ੇਜੇ ਉੱਤੇ
ਜੀਹਦੇ ਤੋਂ ਸੀ ਡਰਦਾ
ਹੁਣ ਤਾਂ ਕਹਿੰਦੇ ਸੁਪਨੇ ‘ਚੋਂ ਵੀ
ਉੱਠ-ਉੱਠ ਤੌਬਾ ਕਰਦਾ
ਉਸਦਾ ਹਿਜਰ ਗੁਲਾਬੀ ਰੰਗਾ
ਹੋ ਕੇ ਸਾਨੂੰ ਚੜ੍ਹਿਆ
ਤਾਂਹੀਓ ਅਲਿਫ਼ ਤੋਂ ਅਗਲਾ ਅੱਖਰ
ਸਾਥੋਂ ਗਿਆ ਨਾ ਪੜ੍ਹਿਆ
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous article~ ਪੰਜ ਕੋਸ਼~~
Next article,,,,ਮਰਜ਼ੀ ਨਾਲ ਵੋਟ,,,,