ਪ੍ਰਾਇਮਰੀ ਸਿੱਖਿਆ ਦਾ ਚਮਕਦਾ ਸਿਤਾਰਾ ਬਲਰਾਜ ਥਿੰਦ

ਬਲਰਾਜ ਥਿੰਦ

(ਸਮਾਜ ਵੀਕਲੀ)- ਤੁਹਾਡੀ ਜ਼ਿੰਦਗੀ ਵਿਚ ਕੁਝ ਇਨਸਾਨ ਇਸ ਤਰ੍ਹਾਂ ਦੇ ਵੀ ਆਉਂਦੇ ਹਨ, ਜਿੰਨ੍ਹਾਂ ਨੂੰ ਮਿਲ ਕੇ ਤੁਹਾਨੂੰ ਖ਼ੁਸ਼ੀ ਹੀ ਨਹੀਂ ਤੁਹਾਡੇ ਅੰਦਰ ਇਕ ਚੰਗੇ ਸਮਾਜ ਨੂੰ ਜਨਮ ਦੇਣ ਦੀ ਭਿਣਕ ਵੀ ਪੈਦਾ ਹੁੰਦੀ ਹੈ। ਅੱਜ ਜਿਸ ਵਿਅਕਤੀਤਵ ਸ਼ਖ਼ਸੀਅਤ ਦੀ ਤੁਹਾਡੇ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਪਲ ਸਾਂਝੇ ਕਰ ਰਿਹਾ ਜਿਸ ਨੇ ਈਟੀਟੀ ਅਧਿਆਪਕ ਤੋਂ ਲੈ ਕੇ ਬਲਾਕ ਸਿੱਖਿਆ ਅਫ਼ਸਰ ਦਾ ਜੋ ਪੈਂਡਾ ਤੈਅ ਕੀਤਾ ਹੈ, ਉਨ੍ਹਾਂ ਦੇ ਇਸ ਮੁਕਾਮ ਤੇ ਪਹੁੰਚਣ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।ਉਨ੍ਹਾਂ ਅੰਦਰ ਇੱਕ ਅਧਿਆਪਕ ਦੀ ਪਦਵੀ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਪ੍ਰਤੀ ਵੀ ਆਪਣੀ ਜ਼ਿੰਦਗੀ ਦੇ ਅਹਿਮ ਪਲ ਬਿਤਾਏ ਹਨ । ਬਲਰਾਜ ਜੀ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਪੰਜਾਬੀ ਮਾਂ ਬੋਲੀ ਅਤੇ ਉਨ੍ਹਾਂ ਦੇ ਕਿੱਤੇ ਪ੍ਰਤੀ ਭਾਵਨਾਵਾਂ ਨੂੰ ਵੇਖ ਕੇ ਖੂਹਾਂ ਦੀਆਂ ਟਿੰਡਾਂ ਤੋਂ ਨਿਕਲਿਆ ਹੋਇਆ ਪਾਣੀ ਵਾਂਗ ਤੇ ਬਲਦਾਂ ਦੇ ਗਲ ਵਿਚ ਖੜਕਦੀਆਂ ਹੋਈਆਂ ਟੱਲੀਆਂ ਦੀ ਆਵਾਜ਼ ਅਦਭੁੱਤ ਕੁਦਰਤੀ ਸੰਗੀਤ ਵਰਗਾ ਜੋ ਸਾਡੇ ਸਮਾਜ ਨੂੰ ਇੱਕ ਵਧੀਆ ਰੁਤਬੇ ਦੇ ਤੌਰ ਤੇ ਪੇਸ਼ ਕੀਤਾ ਹੈ । ਹਰ ਵਕਤ ਲੋੜਵੰਦ ਦੀ ਸਹਾਇਤਾ ਲਈ ਆਪਣੇ ਆਪ ਨੂੰ ਹਾਂ ਪੱਖੀ ਪੇਸ਼ ਕਰਨ ਵਾਲਾ ਇਨਸਾਨ ਹੈ ਬਲਰਾਜ ਥਿੰਦ । ਉਨ੍ਹਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੁਆਰਾ ਸਾਂਝੇ ਕੀਤੇ ਜ਼ਿੰਦਗੀ ਦੇ ਤਜਰਬੇ ਅਤੇ ਜ਼ਿੰਦਗੀ ਦੀਆਂ ਅਹਿਮ ਰੁਸ਼ਨਾਈਆਂ ਨੂੰ ਸਾਂਝਾ ਕਰਦੇ ਹਾਂ।

ਸੰਨ 1947 ਦੀ ਵੰਡ ਜਿਸ ਨੇ ਰਿਸ਼ਤਿਆਂ ਅਤੇ ਸਰੀਰਾਂ ਦੀ ਵੰਡ ਸਦਾ ਲਈ ਕਰ ਦਿੱਤੀ, ਉਸੇ ਵੰਡ ਦਾ ਦਰਦ ਹੰਡਾਉਂਦੇ ਹੋਏ ਸਾਡੇ ਪੁਰਖੇ ਪਿੰਡ ਬਹਿਲੋਲਪੁਰ ਥਾਣਾ ਹੁਜਰੇ ਸਾਹ ਮੁਕੀਮ ਜ਼ਿਲ੍ਹਾ ਮਿੰਟਗੁਮਰੀ ਪਾਕਿਸਤਾਨ ਤੋਂ ਆ ਕੇ ਨਕੋਦਰ ਵਿਖੇ ਵੱਸ ਗਏ, ਕਬੀਲਦਾਰੀ ਦੇ ਘੜੈਲ ਬਾਪੂਆਂ ਨੇ ਵੱਡੇ ਬਾਪੂ ਨੂੰ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਨਕੋਦਰ ਨਾਲ਼ੋਂ ਕਿਤੇ ਘੈਂਟ ਜ਼ਿਲਾ ਹੈ। ਨਿਮਾਣਾ ਬਾਪੂ ਕਬੀਲਦਾਰਾਂ ਦੀ ਗੱਲ ਵਿਚ ਆ ਗਿਆ ਤੇ ਨਕੋਦਰ ਜਿਲਾਂ ਛੱਡ ਕੇ ਸਰਹੱਦੀ ਜਿਲ੍ਹੇ ਫਾਜਿਲਕਾ ਦੇ ਪਿੰਡ ਗੁਮਾਨੀ ਵਾਲਾ ਵਿੱਚ ਆ ਕੇ ਫਸ ਗਿਆ ਤੇ ਵੱਸ ਗਿਆ, ਇਹ ਗੱਲ ਵੱਖਰੀ ਹੈ ਕਿ ਗੁਮਾਨੀ ਵਾਲਾ ਦੀ ਪਾਕ- ਪਵਿੱਤਰ ਧਰਤੀ ਸਾਡਾ ਜਨਮ ਅਸਥਾਨ ਬਨਣ ਦੇ ਨਾਲ ਨਾਲ ਸ਼ਾਨਦਾਰ ਜ਼ਿੰਦਗੀ ਦਾ ਵੀ ਸਬੱਬ ਬਣੀ। ਇਥੇ ਹੀ ਵੱਡੇ ਬਾਪੂ ਗੁਰਾਂਦਿੱਤਾ ਰਾਮ ਨੇ ਆਪਣੇ ਬੇਟੇ ਦਿਆਲ ਚੰਦ ਦਾ ਵਿਆਹ ਆਪਣੀ ਨੂੰਹ ਰਾਣੀ ਲਛਮੀ ਬਾਈ ਨਾਲ ਕਰ ਦਿੱਤਾ ਇਸ ਇਸ ਸੰਯੋਗ ਵਿੱਚ ਅਸੀਂ ਚਾਰ ਭੈਣਾਂ ਭਰਾਵਾਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਵੱਡਾ ਵੀਰਾ ਓਮ ਪ੍ਰਕਾਸ਼, ਜੋ ਕਿ ਜੇ ਈ ਰਿਟਾਇਰ ਹੋਏ।

ਉਸ ਤੋ ਛੋਟਾ ਵੀਰ ਮਹਿੰਦਰਪਾਲ ਅਤੇ ਉਹਨਾਂ ਦੀ ਪਤਨੀ ਮੈਡਮ ਮਧੂਬਾਲਾ ਜੋ ਕਿ ਆਪਣੇ ਬਲਾਕ ਦੇ ਬਾਰੇ ਵਾਲਾ ਸਕੂਲ ਵਿਚ ਸੇਵਾ ਨਿਭਾਅ ਰਹੇ ਹਨ। ਵੱਡੀ ਭੈਣ ਆਸ਼ਾ ਰਾਣੀ ਅਤੇ ਜੀਜਾ ਬਲਦੇਵ ਸਿੰਘ ਜੀ ਜੋ ਕਿ ਬਿਜਲੀ ਬੋਰਡ ਵਿੱਚੋ ਬਤੌਰ ਜੇਈ ਰਿਟਾਇਰ ਹੋਏ ਹਨ ਉਹਨਾਂ ਦਾ ਇਕ ਬੇਟਾ ਆਸਟ੍ਰੇਲੀਆ ਵਿੱਚ ਬਤੌਰ ਆਰਕੀਟੈਕਟ ਕੰਮ ਕਰ ਰਿਹਾ ਹੈ ਅਤੇ ਦੂਜਾ ਚੰਡੀਗੜ ਵਿਖੇ ਵੈਬ ਡਿਜ਼ਾਇਨਰ ਹੈ। ਤਿੰਨ ਭੈਣ-ਭਰਾਵਾਂ ਤੋਂ ਬਾਅਦ ਮੇਰਾ ਜਨਮ ਹੋਇਆ, ਜਨਮ ਦੇ ਮਾਮਲੇ ਵਿਚ ਬੱਸ ਇਕ ਗੱਲ ਹੀ ਪੱਕੀ ਹੈ ਕਿ ਮੈਂ ਸ਼ੁੱਕਰਵਾਰ ਜਨਮ ਲਿਆ, ਮਾਤਾ ਨੇ ਮੇਰਾ ਨਾਂ ਸ਼ੁਕਰ ਚੰਦ ਰੱਖਿਆ, ਸਾਡੇ ਪਰੋਹਤ ਪੰਡਤ ਮੋਹਨ ਦਾਸ ਜੀ ਆਏ ਉਹਨਾਂ ਨੇ ਕੁਝ ਦਾਨ-ਦੱਛਣਾ ਲੈਣ ਤੋਂ ਬਾਅਦ ਮੇਰਾ ਨਾਂ ਸੁਰਿੰਦਰ ਕੁਮਾਰ ਰੱਖ ਦਿੱਤਾ।ਮੇਰੇ ਜਨਮ ਬਾਰੇ ਮੇਰੀ ਭੂਆ ਜੀ ਦੇ ਸੂਬੇਦਾਰ ਪੁੱਤਰ ਨੂੰ ਵੀ ਬਰੇਲੀ ਵਿੱਚ ਇਹ ਸੂਚਨਾ ਮਿਲੀ ਕਿ ਸਾਡੇ ਮਾਮੇ ਦੇ ਘਰ ਇਕ ਬੇਟੇ ਨੇ ਜਨਮ ਲਿਆ ਹੈ। ਜਦੋਂ ਮੇਰਾ ਜਨਮ ਹੋਇਆ ਤਾਂ ਉਹਨਾਂ ਦਿਨਾਂ ਵਿੱਚ ਬਲਰਾਜ ਸਾਹਨੀ ਬੜਾ ਪਾਪੂਲਰ ਅਦਾਕਾਰ ਹੋਇਆ ਕਰਦਾ ਸੀ ਅਤੇ ਸੂਬੇਦਾਰ ਸਾਹਬ ਉਸ ਦੇ ਫੈਨ ਸਨ ਉਨ੍ਹਾਂ ਨੇ ਉਥੋਂ ਹੀ ਨੀਲੇ ਰੰਗ ਦੀ ਚਿੱਠੀ ਲਿਖੀ ਕਿ ਆਪਾਂ ਕਾਕੇ ਦਾ ਨਾਮ ਬਲਰਾਜ ਕੁਮਾਰ ਰੱਖਣਾ ਹੈ। ਇਸ ਦੌਰਾਨ ਮੈਂ ਕਈ ਨਾਮ ਅਤੇ ਕਈ ਜਨਮ ਤਰੀਕਾਂ ਲੈਂਦਾ ਹੋਇਆ ਅੱਜ ਇਸ ਪੜਾਅ ਤੇ ਪਹੁੰਚਿਆ ਹਾਂ ਮੇਰੀਆਂ ਕਈ ਜਨਮ ਤਰੀਕਾਂ ਹਨ। ਇਸ ਕਰਕੇ ਸਾਲ ਵਿੱਚ ਮੇਰੇ ਕਈ ਜਨਮ ਦਿਨ ਆਉਂਦੇ ਹਨ। ਮੇਰੀ ਘਰਵਾਲ਼ੀ ਅਤੇ ਮੇਰਾ ਬੇਟਾ ਮੈਨੂੰ ਵਾਰ ਵਾਰ ਜਨਮ ਦਿਨ ਮੁਬਾਰਕ ਕਹਿੰਦੇ ਹੀ ਥੱਕ ਜਾਂਦੇ ਹਨ। ਬੱਸ ਮੇਰੇ ਵੱਖ-ਵੱਖ ਜਨਮ ਦਿਨਾਂ ਦਾ ਫਾਇਦਾ ਮੇਰੇ ਦੋਸਤਾਂ ਨੂੰ ਜ਼ਰੂਰ ਹੁੰਦਾ ਹੈ, ਕਿਉਂਕਿ ਉਹ ਸਾਲ ਵਿੱਚ ਮੇਰੇ ਤੋਂ ਕਈ ਵਾਰੀ ਵੰਨ ਸੁਵੰਨੀਆਂ ਪਾਰਟੀਆਂ ਲੈਂਦੇ ਰਹੇ। ਮੇਰੇ ਕਈ ਜਨਮ ਦਿਨ ਹਨ, ਮਾਤਾ ਪਿਤਾ ਦੇ ਦੱਸਣ ਅਨੁਸਾਰ ਵੱਖਰਾ, ਘਰੇਲੂ ਕਾਗਜਾਂ ਦੇ ਅਨੁਸਾਰ ਵੱਖਰਾ ਇੱਥੋਂ ਤੱਕ ਕੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਵਿਚ ਵੀ ਵੱਖਰੀਆਂ ਵੱਖਰੀਆਂ ਜਨਮ ਤਰੀਕਾਂ ਹਨ। ਇਥੋਂ ਤੱਕ ਕਿ ਉਸਤਾਦ ਜੀ ਨੇ ਸਕੂਲ ਦਾਖਲੇ ਸਮੇਂ ਮੇਰੇ ਵੱਡੇ ਭਰਾ ਜੀ ਨੂੰ ਮੇਰੇ ਤੋਂ ਛੋਟਾ ਬਣਾ ਦਿੱਤਾ ਅਤੇ ਮੈਨੂੰ ਵੱਡਾ। ਮੈਂ ਤਾਂ ਪਹਿਲਾਂ ਹੀ ਵੱਖ ਵੱਖ ਜਨਮ ਤਰੀਕਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਈ ਬੈਠਾ ਸੀ, ਜਦੋਂ ਜਲਾਲਾਬਾਦ ਹਾਈ ਸਕੂਲ ਵਿਚ ਪੰਜਵੀਂ ਜਮਾਤ ਦਾ ਸਕੂਲ ਸਰਟੀਫਿਕੇਟ ਦਿੱਤਾ ਤਾਂ ਹਿੰਦੀ ਵਾਲੀ ਮੈਡਮ ਜੀ ਜਿਨ੍ਹਾਂ ਦੀ ਡਿਊਟੀ ਦਾਖ਼ਲਾ ਕਰਨ ਤੇ ਲੱਗੀ ਹੋਈ ਸੀ ਉਨ੍ਹਾਂ ਨੇ ਹਾਈ ਸਕੂਲ ਦੇ ਦਾਖ਼ਲਾ ਖ਼ਾਰਜ ਰਜਿਸਟਰ ਵਿਚ ਮੈਨੂੰ ਇੱਕ ਹੋਰ ਨਵੇ ਜਨਮ ਦਿਨ ਦੀ ਬਖਸ਼ਿਸ਼ ਕੀਤੀ। ਕਹਿੰਦੇ ਹਨ ਕਿ ਇਹ ਇਨਸਾਨੀ ਜ਼ਾਮਾਂ ਇੱਕੋ ਵਾਰ ਮਿਲਦਾ ਹੈ ਪਰ ਇਹਨਾਂ ਜਨਮ ਤਰੀਕਾਂ ਨੂੰ ਮੈਂ ਆਪਣੇ ਮਾਤਾ ਪਿਤਾ ਦੀ ਬਖਸ਼ਿਸ ਸਮਝਦਾ ਹਾਂ ਕਿ ਇੱਕੋ ਜਨਮ ਵਿੱਚ ਹੀ ਮੈਂ ਕਈ ਵਾਰ ਜਨਮਿਆ ਹਾਂ। ਮੈਂ ਸੋਚਦਾ ਹਾਂ ਕਿ ਜਿਸ ਕਦਰ ਮੈ ਆਪਣਾ ਬਚਪਨ ਹੰਢਾਇਆ ਹੈ ਸ਼ਾਇਦ ਦੁਨੀਆਂ ਦੇ ਕਿਸੇ ਬੰਦੇ ਨੇ ਵੀ ਹੰਢਾਇਆ ਨਾਂ ਹੋਵੇ। ਪਾਣੀ ਵਿੱਚ ਨਹਾਉਣਾ ਮੇਰਾ ਪਹਿਲਾ ਸ਼ੌਕ ਰਿਹਾ ਜਿਸ ਕਰਕੇ ਮੈ ਦਰਿਆ ਸਤਲੁਜ, ਬਿਆਸ ਅਤੇ ਸਰਹੱਦ ਅਤੇ ਰਾਜਸਥਾਨ ਫੀਡਰ ਵਿੱਚ ਵੀ ਨਹਾ ਕੇ ਜਾਨ ਜੋਖਮ ਵਿਚ ਪਈ ਹੋਈ ਹੈ ਇਸ ਉਮਰ ਵਿੱਚ ਵੀ ਮੈਨੂੰ ਗ਼ੋਤੇ ਖ਼ੋਰ ਜਿੰਨਾ ਨਹਾਉਣ ਦਾ ਤਜਰਬਾ ਸੀ। ਇਸ ਤੋਂ ਬਾਅਦ ਦੂਜਾ ਸ਼ੌਕ ਮੈਨੂੰ ਰੁੱਖਾਂ ਤੇ ਚੜ੍ਹਨ ਦਾ ਸੀ ਤੀਹ ਚਾਲੀ ਫੁੱਟ ਉੱਚੇ ਸਫੈਦੇ ਦੇ ਤੇਰੇ ਮੈ ਇੰਜ ਚੜ੍ਹ ਜਾਂਦਾ ਜਿਵੇਂ ਕੋਈ ਕੋਈ ਖਿਡਾਉਣਾ ਚਾਬੀ ਦੇ ਕੇ ਛੱਡਿਆ ਹੋਵੇ,।ਪ੍ਰਾਇਮਰੀ ਸਕੂਲ ਦੇ ਦੌਰਾਨ ਮੈਂ ਬੜਾ ਅੜੀਅਲ ਘੋੜੇ ਵਰਗਾ ਵਿਦਿਆਰਥੀ ਸੀ, ਪਰ ਮੇਰੇ ਉਸਤਾਦ ਦਾ ਵੀ ਕੰਮ ਜੁੱਤੀ ਨਾਲ ਤਕਲੇ ਸਿੱਧੇ ਕਰਨ ਦਾ ਤੇ ਉਸ ਦੀ ਧੌੜੀ ਦੀ ਜੁੱਤੀ ਮੇਰੀ ਬੜੀ ਧੌੜੀ ਲਾਹੁੰਦੀ, ਅਖੀਰ ਉਸ ਨੇ ਮੈਨੂੰ ਕੀਲ ਕੇ ਪਟਾਰੀ ਵਿੱਚ ਪਾ ਹੀ ਲਿਆ। ਉਸ ਨੇ ਦੱਸਿਆ ਕਿ ਮੈ ਇਕ ਚੰਗਾ ਵਿਦਿਆਰਥੀ ਹਾਂ।ਹਾਈ ਸਕੂਲ ਜਲਾਲਾਬਾਦ ਵਿਖੇ ਮੈਂ ਸਮਝਦਾ ਹਾਂ ਕਿ ਇਹ ਸਭ ਤੋਂ ਵੱਡਾ ਫ਼ਾਇਦਾ ਇਹ ਹੋਇਆ ਕੀ ਮੈਂ ਕਿਹਾ ਕਿ ਇਸ ਸਟੇਜ ਦੀ ਜ਼ਿੰਦਗੀ ਨਾਲ ਸਦਾ ਲਈ ਜੁੜ ਗਿਆ, ਮੈਂ ਪੜ੍ਹਾਈ ਘੱਟ ਕਰਦਾ ਪਰ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਨੂੰ ਸਦਾ ਚੌਕੰਨਾ ਰੱਖਦਾ ਜਿਸ ਕਰਕੇ ਮੈਂ ਸਾਰੀਆਂ ਜਮਾਤਾਂ ਹੀ ਪਹਿਲੇ ਦਰਜੇ ਵਿੱਚ ਪਾਸ ਕੀਤੀਆ। ਈਟੀਟੀ ਰਾਮਪੁਰ ਲੱਲੀਆ ਜਿਲਾ ਜਲੰਧਰ ਤੋਂ ਕੀਤੀ।

ਬੀ ਏ ਅਤੇ ਐਮ ਏ ਹਿੰਦੀ ਪੰਜਾਬ ਯੂਨੀਵਰਸਿਟੀ ਤੋ ਅਤੇ ਐਮ ਏ ਇੰਗਲਿਸ਼ ਐਮ ਏ ਏਜੁਕੇਸ਼ਨ, ਐਮ ਐਡ ਪੰਜਾਬੀ ਯੂਨੀਵਰਸਿਟੀ ਤੋ ਕੀਤੀ ।ਮੇਰੀ ਨਿਯੁਕਤੀ ਬਤੌਰ ਈਟੀਟੀ ਅਧਿਆਪਕ 3 ਦਸੰਬਰ 1996 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭਾਬੜਾ ਵਿਖੇ ਹੋਈ। ਇੱਥੋਂ 14 ਸਾਲ ਸੇਵਾ ਕਰਨ ਤੋਂ ਬਾਅਦ 1 ਜਨਵਰੀ 2011 ਨੂੰ ਬਤੌਰ ਹੈੱਡ ਟੀਚਰ ਪ੍ਰਮੋਟ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਨਿਧਾਨਾ ਵਿਖੇ ਬਲਾ ਗੁਰੂਹਰਸਹਾਏ ਵਿਖੇ ਜੋਆਇਨ ਕੀਤਾ। ਇਥੋਂ ਹੀ 06/11/ 2015 ਨੂੰ ਬਤੌਰ ਸੈਂਟਰ ਹੈੱਡ ਟੀਚਰ ਤੋਂ ਪਦਉੱਨਤ ਹੋ ਕੇ ਬਲਾਕ ਮਮਦੋਟ ਜਿਲਾ ਫਿਰੋਜਪੁਰ ਵਿਖੇ ਸੈਟਰ ਪੋਜੋ ਕੇ ਉਤਾੜ ਵਿਖੇ ਜੋਆਇਨ ਕੀਤਾ। ਸੈਂਟਰ ਪੋਜੋ ਕੇ ਉਤਾੜ ਬਲਾਕ ਮਮਦੋਟ ਤੋਂ ਮਿਤੀ 13/05/2021 ਨੂੰ ਪਰਮੋਟ ਹੋ ਕੇ ਬਤੌਰ ਬੀ ਪੀ ਈ ਓ ਬਲਾਕ ਜਲਾਲਾਬਾਦ -1 ਵਿਖੇ ਜੁਆਇੰਨ ਕੀਤਾ। ਅਤੇ ਇਸ ਬਲਾਕ ਵਿੱਚ 8 ਮਹੀਨੇ 19 ਦਿਨ ਦੀ ਸੇਵਾ ਬਤੌਰ ਬੀਪੀਈਓ ਪੂਰੀ ਕਰਕੇ ਅੱਜ ਮਿਤੀ 31ਜਨਵਰੀ 2022 ਨੂੰ ਵਿਭਾਗੀ ਸੇਵਾ ਮੁਕੰਮਲ ਕੀਤੀ। ਇਸ ਸੇਵਾਂ ਤੋ ਬਿਨਾਂ ਤਿੰਨ ਚਾਰ ਹੋਰ ਮਹਿਕਮਿਆਂ ਦੀ ਸੇਵਾ ਦਾ ਵੀ ਲੁਤਫ਼ ਉਠਾਇਆ। ਮੌਜੂਦਾ ਸਮੇਂ ਵਿੱਚ ਬਲਰਾਜ ਥਿੰਦ ਜੀ ਆਪਣੀ ਜੀਵਨ ਸਾਥਣ ਮੈਡਮ ਸਿੰਮੀ ਅਤੇ ਬੇਟੇ ਦ੍ਰਿਸ਼ ਜੋ ਕਿ ਅੱਠਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਪਰਿਵਾਰ ਸਮੇਤ ਬਹੁਤ ਹੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ । ਬੇਸ਼ੱਕ ਬਲਰਾਜ ਥਿੰਦ ਸਿੱਖਿਆ ਵਿਭਾਗ ਤੋਂ 31 ਜਨਵਰੀ 2022 ਤੋਂ ਸੇਵਾਮੁਕਤ ਹੋ ਰਹੇ ਹਨ ਪਰ ਉਨ੍ਹਾਂ ਦੀਆਂ ਦਿੱਤੀਆਂ ਹੋਈਆਂ ਸੇਵਾਵਾਂ ਨੂੰ ਹਮੇਸ਼ਾਂ ਸਿੱਖਿਆ ਵਿਭਾਗ ਯਾਦ ਰੱਖੇਗਾ। ਜਿੰਨਾ ਕੁ ਮੈਂ ਬਲਰਾਜ ਥਿੰਦ ਨੂੰ ਨੇੜਿਓਂ ਤੱਕਿਆ ਹੈ ਉਹ ਸੇਵਾਮੁਕਤ ਹੋਣ ਤੋਂ ਬਾਅਦ ਵੀ ਸਾਡੇ ਲਈ ਅਤੇ ਸਿੱਖਿਆ ਵਿਭਾਗ ਲਈ ਪੰਜਾਬੀ ਮਾਂ ਬੋਲੀ ਲਈ ਲਾਇਬਰੇਰੀ ਦੀ ਤਰ੍ਹਾਂ ਕੰਮ ਕਰਦਾ ਰਹੇਗਾ, ਦੁਆ ਕਰਦੇ ਹਾਂ ਕਿ ਆਉਣ ਵਾਲੀ ਜ਼ਿੰਦਗੀ ਵਿੱਚ ਵੀ ਬਲਰਾਜ ਥਿੰਦ ਹਮੇਸ਼ਾਂ ਕੁਦਰਤ ਦੇ ਨੇੜੇ ਹੋ ਕੇ ਪੰਜਾਬੀ ਮਾਂ ਬੋਲੀ ਅਤੇ ਸਮਾਜ ਲਈ ਇਕ ਚੰਗੇ ਨਿਸਾਨ ਦੀ ਤਰ੍ਹਾਂ ਵਿਚਰਦਾ ਰਹੇਗਾ ਅਤੇ ਪ੍ਰਮਾਤਮਾ ਵੀ ਉਨ੍ਹਾਂ ਨੂੰ ਹਮੇਸ਼ਾਂ ਸਿਹਤਮੰਦ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ।

ਗੁਰਪ੍ਰੀਤ ਸਿੰਘ ਸੰਧੂ

 

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇਵਾਲਾ
ਜ਼ਿਲ੍ਹਾ ਫ਼ਾਜ਼ਿਲਕਾ
99887 66013

Previous articleਸਾਡਾ ਨਵਾਂ ਐੱਮ ਐੱਲ ਏ
Next articleਤਿੰਨਾਂ ਪਾਰਟੀਆਂ ਦੇ ਗਠਜੋੜ ਦੇ ਉਮੀਦਵਾਰ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਪ੍ਰੈੱਸ ਕਾਨਫਰੰਸ