(ਸਮਾਜ ਵੀਕਲੀ)
ਫ਼ਸਲ ਦੀ ਰੁੱਤ ਵਿਸਾਖੀ ਆਈ
ਘਨਘੋਰ ਘਟਾ ਖੇਤਾਂ ਤੇ ਛਾਈ
ਆਸ ਵਣਜ਼ ਤੇ ਪਾਣੀ ਫਿਰਿਆ
ਪੰਡ ਦੁੱਖਾ ਦੀ ਚੁੱਕ ਲਿਆਈ
ਖੜੀ ਝੂਮਦੀ ਫ਼ਸਲ ਸਨਿਹਰੀ
ਪਵਨ ਗੁਰੂ ਨੇ ਆਣ ਵਿਛਾਈ
ਦਾਤੀ ਰੱਬ ਨੇ ਲੳਣ ਤੋਂ ਪਹਿਲਾਂ
ਗੜਿਆਂ ਨਾਲ ਹੀ ਵੱਢ ਮੁਕਾਈ
ਕਿਧਰੇ ਕੋਲੇ ਬਣ ਗਈ ਜਲ਼ ਕੇ
ਛੇ ਮਹੀਨਿਆਂ ਦੀ ਕਰੀ ਕਮਾਈ
ਵੱਚਦੀ ਮੰਡੀ ਦੇ ਵਿਚ ਰੁਲ ਗਈ
ਗੌਰਮਿੰਟ ਗੌਰ ਕਰ ਨਾ ਪਾਈ
ਵਿਆਜ ਤੇ ਪੜਵਿਆਜ ਲੱਗਿਆ
ਫਾਟੀ ਜੇਬ ਚ ਬਚੀ ਨਾ ਪਾਈ
ਬਾਣੀਆ ਡੇਢ ਪ੍ਰਤੀਸ਼ਤ ਲਾਵੇ
ਜੱਟ ਨੂਂੰ ਜੱਟ ਆੜਤੀ ਠੋਕੇ ਢਾਈ
ਹਿੱਸਾ ਮੰਗਣ ਤੁਰ ਪਏ ਬਾਬੇ
ਖਾਲੀ ਬੋਰੀਆਂ ਰੱਖ ਲਵੋ ਭਾਈ
ਗਲ਼ ਤੱਕ ਭਰੋ ਸਲਾਈ ਮਾਰ ਕੇ
ਧਰਮ ਕਰਮ ਦੀ ਗਲ ਸਮਝਾਈ
ਜੱਟ ਦਾ ਸੀਰੀ ਪੀਸਿਆ ਗੱਭੇ
ਕੌਣ ਗਰੀਬ ਦੀ ਕਰੇ ਸੁਣਵਾਈ
ਸਰਕਾਰਾਂ ਨੇ ਸੁਤੀਆਂ ਸਾਡੀਆਂ
ਹਰ ਪਾਸੇ ਅੱਜ ਹਾਲ ਦੁਹਾਈ
ਖਾਣ ਲਈ ਘਰ ਬਚੇ ਨਾ ਦਾਣੇ
ਸਾਰੇ ਜਾਣ ਕਿਰਤੀ ਨੂਂੰ ਖਾਈ
ਮੇਲਾ ਭਰਿਆ ਵਿਸਾਖੀ ਵਾਲਾ
ਢਿੱਡ ਦੀ ਪੀੜ ਕਿਸੇ ਨਾ ਗਾਈ
ਮਿਠੜਾ ਰੱਬ ਦਾ ਭਾਣਾ ਕਹਿ ਕੇ
ਵਿਸਾਖੀ ਬਿੰਦਰਾ ਅਸੀਂ ਮਨਾਈ