ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਨ ਵਿਸ਼ਾਲ ਪੱਧਰ ਤੇ ਮਨਾਇਆ ਗਿਆ

ਫੋਟੋ ਕੈਪਸ਼ਨ: 1. ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਅਹੁਦੇਦਾਰ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ।

ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਨ ਵਿਸ਼ਾਲ ਪੱਧਰ ਤੇ ਮਨਾਇਆ ਗਿਆ
ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਵਿੱਚ ਅਪਣਾਉਣ ਦੀ ਲੋੜ – ਸੁਭਾਸ਼ ਮੁਸਾਫਰ
ਡਾ. ਅੰਬੇਡਕਰ ਕੇਵਲ ਵਿਅਕਤੀ ਨਹੀਂ ਊਰਜਾ ਅਤੇ ਸ਼ਕਤੀ ਹੈ – ਡਾ. ਰਿਤੂ ਸਿੰਘ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਮਹਾਨ ਕਨੂੰਨ ਦਾਨ, ਸਮਾਜਿਕ ਕ੍ਰਾਂਤੀਕਾਰੀ, ਵਿਸ਼ਵ ਪ੍ਰਸਿੱਧ ਸਮਾਜ ਵਿਗਿਆਨੀ, ਮਾਹਿਰ ਅਰਥ ਸ਼ਾਸਤਰੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸਹਿਯੋਗ ਨਾਲ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਵਿਖੇ ਬੇਹੱਦ ਉਤਸ਼ਾਹ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਅੰਬੇਡਕਰ ਭਵਨ ਇੱਕ ਅਜਿਹਾ ਇਤਿਹਾਸਿਕ ਸਥਾਨ ਹੈ ਜਿੱਥੋਂ ਬਾਬਾ ਸਾਹਿਬ ਨੇ 27 ਅਕਤੂਬਰ 1951 ਨੂੰ ਲੱਖਾਂ ਦੀ ਗਿਣਤੀ ਵਿੱਚ ਜੁੜੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਦੀ ਨਵ ਉਸਾਰੀ ਲਈ ਸੰਸਦੀ ਲੋਕਤੰਤਰ ਨੂੰ ਮਜਬੂਤ ਕਰਨ ਲਈ ਆਹਵਾਨ ਕੀਤਾ ਸੀ । ਸੁਸਾਇਟੀ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਦੇ ਉੱਘੇ ਅੰਬੇਡਕਰੀ ਚਿੰਤਕ ਸ੍ਰੀ ਸੁਭਾਸ਼ ਚੰਦ ਮੁਸਾਫਰ ਮੁੱਖ ਮਹਿਮਾਨ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਮਾਨਵੀ ਹੱਕਾਂ ਲਈ ਸੰਘਰਸ਼ ਕਰਨ ਵਾਲੀ ਜੁਝਾਰੂ ਡਾ. ਰੀਤੂ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸ਼ਾਮਿਲ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੁਭਾਸ਼ ਮੁਸਾਫਰ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਡੰਕਾ ਵੱਜ ਰਿਹਾ ਹੈ। ਉਹ ਕੇਵਲ ਭਾਰਤ ਤੱਕ ਸੀਮਤ ਨਹੀਂ ਰਹੇ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੇ ਉਹਨਾਂ ਨੂੰ ਸਿੰਬਲ ਆਫ ਨੋਲੇਜ ਵਜੋਂ ਸਵੀਕਾਰ ਕਰਕੇ ਇੱਕ ਮਹਾਨ ਵਿਸ਼ਵ ਚਿੰਤਕ ਵਜੋਂ ਮਾਨਤਾ ਪ੍ਰਦਾਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਤੇਕ ਪਹਿਲੂ ਤੇ ਸੈਮੀਨਾਰ ਆਯੋਜਿਤ ਕਰਕੇ ਲੋਕ ਚੇਤਨਾ ਪੈਦਾ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਡਾ. ਅੰਬੇਡਕਰ ਦੀ ਨਿਆ ਪੂਰਨ, ਤਰਕਸ਼ੀਲ ਅਤੇ ਲੋਕ ਹਿਤੈਸ਼ੀ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਵਿੱਚ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੀ ਡਾਕਟਰ ਰੀਤੂ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਦਲਿਤਾਂ ਨਾਲ ਹੋ ਰਹੀ ਬੇਇਨਸਾਫੀ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਸਾਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਸਬੰਧੀ ਦਲਿਤ ਸਿਆਸਤਦਾਨਾਂ ਦੇ ਨਾ ਪੱਖੀ ਰਵਈਏ ਨੂੰ ਬਾਖੂਬੀ ਨੰਗਿਆਂ ਕੀਤਾ। ਡਾਕਟਰ ਰੀਤੂ ਸਿੰਘ ਨੇ ਕਿਹਾ ਕਿ ਡਾਕਟਰ ਅੰਬੇਡਕਰ ਇੱਕ ਵਿਅਕਤੀ ਨਹੀਂ ਸੰਸਥਾ ਹੈ, ਇੱਕ ਵਿਚਾਰਧਾਰਾ, ਇਕ ਊਰਜਾ ਹੈ ਅਤੇ ਸ਼ਕਤੀ ਹੈ ਜਿਹੜੀ ਦੁਨੀਆ ਭਰ ਦੇ ਪੀੜਤ ਦਬਾਏ ਅਤੇ ਸਤਾਏ ਹੋਏ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਅਤੇ ਉਤਸਾਹਿਤ ਕਰਦੀ ਹੈ। ਉਹਨਾਂ ਨੇ ਅੰਬੇਡਕਰ ਭਵਨ ਨਾਲ ਜੁੜੇ ਅੰਬੇਡਕਰੀ ਸਾਥੀਆਂ ਵੱਲੋਂ ਬਾਬਾ ਸਾਹਿਬ ਦੀ ਸਿਧਾਂਤਕ ਵਿਚਾਰਧਾਰਾ ਨੂੰ ਪ੍ਰਚਾਰਤ ਤੇ ਪ੍ਰਸਾਰਿਤ ਕਰਨ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਸਮਾਗਮ ਦੇ ਆਰੰਭ ਵਿੱਚ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਚਰਨ ਦਾਸ ਸੰਧੂ ਨੇ ਸ਼ਾਮਲ ਪ੍ਰਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨਾਲ ਜਾਣ ਪਛਾਣ ਕਰਵਾਉਂਦਿਆਂ ਭਾਰੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਸਰੋਤਿਆਂ ਦਾ ਸਵਾਗਤ ਕਰਦਿਆਂ ਭਾਰਤ ਦੀਆਂ ਅਜੋਕੀਆਂ ਰਾਜਨੀਤਿਕ ਸਥਿਤੀਆਂ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਵੱਲੋਂ ਸੁਝਾਏ ਸਮਾਧਾਨਾ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ। ਅੰਬੇਡਕਰ ਭਵਨ ਟਰਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ ਰਿਟਾ. ਡੀਪੀਆਈ (ਕਾਲਜਾਂ) ਨੇ ਡਾ. ਅੰਬੇਡਕਰ ਵੱਲੋਂ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਮੁਢਲੇ ਅਧਿਕਾਰਾਂ ਦੀ ਵਿਸਤਰਿਤ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਡਾ. ਅੰਬੇਡਕਰ ਨੇ ਸਮਤਾ, ਸੁਤੰਤਰਤਾ, ਭਾਈਚਾਰੇ ਤੇ ਨਿਆਸ਼ੀਲਤਾ ਤੇ ਅਧਾਰਤ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਕੇ ਇੱਕ ਬੇਮਿਸਾਲ ਕਾਰਜ ਕੀਤਾ। ਦੁਆਬਾ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਸੇਵਾ ਮੁਕਤ ਮੁਖੀ ਪ੍ਰੋਫੈਸਰ ਬਲਬੀਰ ਜੀ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਵਰਣਨ ਕਰਦਿਆਂ, ਇਸ ਨੂੰ ਸੰਵਿਧਾਨ ਦੀ ਆਤਮਾ ਦਰਸਾਉਂਦਿਆਂ ਮਾਨਵਵਾਦੀ ਦ੍ਰਿਸ਼ਟੀ ਤੋਂ ਸੰਵਿਧਾਨ ਦਾ ਵਿਸ਼ਲੇਸ਼ਣ ਪ੍ਰਸਤੁਤ ਕੀਤਾ। ਇਹਨਾਂ ਵਿਸ਼ੇਸ਼ ਬੁਲਾਰਿਆਂ ਤੋਂ ਇਲਾਵਾ ਡਾ. ਜੀਸੀ ਕੌਲ, ਡਾ.ਰਾਹੁਲ ਬਾਲੀ, ਜਸਵਿੰਦਰ ਵਰਿਆਣਾ ਅਤੇ ਦਿੱਲੀ ਯੂਨੀਵਰਸਿਟੀ ਦੇ ਆਸ਼ੂਤੋਸ਼ ਬੋਧ ਨੇ ਵੀ ਡਾ. ਅੰਬੇਡਕਰ ਸਾਹਿਬ ਦੇ ਜੀਵਨ ਸੰਘਰਸ਼ ਅਤੇ ਅਜੋਕੇ ਹਾਲਾਤ ਵਿੱਚ ਉਹਨਾਂ ਦੇ ਚਿੰਤਨ ਦੀ ਸਾਰਥਕਤਾ ਦੇ ਵਿਭਿੰਨ ਪੱਖਾਂ ਤੇ ਵਿਚਾਰ-ਚਰਚਾ ਕੀਤੀ। ਉੱਘੇ ਅੰਬੇਡਕਰੀ ਗਾਇਕ ਜੀਵਨ ਮਹਿਮੀ ਅਤੇ ਉਨਾਂ ਦੇ ਸਾਥੀਆਂ ਨੇ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੀਆਂ ਕੁਰਬਾਨੀਆਂ ਨੂੰ ਪ੍ਰਸਤੁਤ ਕਰਦਿਆਂ ਸਰੋਤਿਆਂ ਵਿੱਚ ਨਵੀਂ ਊਰਜਾ ਅਤੇ ਸ਼ਕਤੀ ਦਾ ਸੰਚਾਰ ਕੀਤਾ ।

ਅੰਬੇਡਕਰ ਮਿਸ਼ਨ ਸੋਸਾਇਟੀ ਅਤੇ ਅੰਬੇਡਕਰ ਭਵਨ ਦੇ ਪ੍ਰਸਿੱਧ ਪ੍ਰਮੁੱਖ ਅਹੁਦੇਦਾਰਾਂ ਸਰਬ ਸ਼੍ਰੀ ਬਲਦੇਵ ਰਾਜ ਭਾਰਦਵਾਜ ਐਡਵੋਕੇਟ ਪਰਮਿੰਦਰ ਖੁਤਨ, ਤਿਲਕ ਰਾਜ , ਡਾ. ਮਹਿੰਦਰ ਸੰਧੂ, ਰਾਜ ਕੁਮਾਰ, ਸੋਮ ਲਾਲ ਮਲ, ਰਾਜ ਕੁਮਾਰ ਮੱਲਣ, ਹਰਮੇਸ਼ ਜੱਸਲ, ਕਮਲਸ਼ੀਲ ਬਾਲੀ, ਨਿਰਮਲ ਬਿੰਜੀ, ਮੇਹਰ ਮਲਿਕ, ਪਰਵੀਨ ਪਰਵ, ਸੁਖਰਾਜ, ਡਾ. ਚਰਨਜੀਤ ਸਿੰਘ, ਤੋਂ ਇਲਾਵਾ ਇੰਜੀਨੀਅਰ ਗੁਰਮੇਲ ਸਿੰਘ , ਰਿਟਾ. ਰਾਜ ਦੂਤ ਰਮੇਸ਼ ਚੰਦਰ, ਰਿਟਾ. ਏਡੀਜੀਪੀ ਆਰ. ਐੱਲ. ਜੱਸੀ, ਮਲਕੀਤ ਸਿੰਘ, ਐਕਸੀਅਨ ਕਮਲ ਨੈਣ, ਪਰਮਜੀਤ ਮਹੇ, ਚਰਨਜੀਤ ਸਿੰਘ ਚੰਨੀ, ਸਮਰੱਥ ਸਿੰਘ, ਪ੍ਰਿੰਸੀਪਲ ਤੀਰਥ ਬਸਰਾ, ਪਿਆਰੇ ਲਾਲ ਚਾਹਲ, ਰਿਟਾ. ਡੀਐਸਪੀ ਦਲਜੀਤ ਸਿੰਘ, ਸੂਰਜ ਵਿਰਦੀ, ਰਜੇਸ਼ ਵਿਰਦੀ, ਰਕੇਸ਼ ਕੌਲ, ਬੀਸੀ ਗਿੱਲ, ਸੀਬੀ ਚੰਦਰ, ਚਰਨਜੀਤ ਸਿੰਘ ਮੱਟੂ, ਪਿਆਰਾ ਸਿੰਘ ਤੇਜੀ, ਕਮਲ ਕੁਮਾਰ, ਨਰਿੰਦਰ ਲੇਖ, ਧਨੀ ਰਾਮ ਸੂਦ, ਹਰਭਜਨ ਨਿਮਤਾ, ਪ੍ਰੋ. ਲਾਲ ਬਹਾਦਰ, ਪ੍ਰੋ. ਅਸ਼ਵਨੀ ਜੱਸਲ, ਅਸ਼ਵਨੀ ਵਾਲੀਆ, ਦਰਸ਼ਨ ਸਿੰਘ ਵਿਰਦੀ, ਐਸ ਆਰ ਬਾਘਾ, ਪ੍ਰੋ. ਅਰਿੰਦਰ ਸਿੰਘ, ਰਜਿੰਦਰ ਕੁਮਾਰ ਬੋਲੀਨਾ ਵਾਲੇ, ਜੇ ਕੇ ਬਾਲੀ, ਰਾਮ ਸਰੂਪ ਬਾਲੀ, ਰਾਮ ਲਾਲ ਦਾਸ, ਮਲਕੀਤ ਖਾਂਬੜਾ,ਚਮਨ ਸਾਂਪਲਾ, ਗੌਤਮ ਸਾਂਪਲਾ, ਅਮਰਜੀਤ ਸਾਂਪਲਾ, ਅਨਿਲ ਮਹੇ, ਸੰਤ ਰਾਮ, ਪ੍ਰਕਾਸ਼ ਸੁਮਨ, ਸਤਪਾਲ ਸੁਮਨ, ਚਰੰਜੀ ਲਾਲ ਕੰਗਣੀਵਾਲ, ਡਾ. ਵੀਨਾ ਪਾਲ, ਮੈਡਮ ਮੰਜੂ, ਰਾਜ ਰਾਣੀ, ਸੋਨੀਆ ਭਾਰਦਵਾਜ, ਨਿਆਸਾ, ਕਵਿਤਾ, ਸੁਰਿੰਦਰ ਕੌਰ, ਸੁਨੀਤਾ ਸੰਧੂ , ਗੁਰਦੇਵ ਕੌਰ ਆਦਿ ਸ਼ਾਮਲ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਨੋਟ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleDimple seeks Mulayam’s blessings, files nomination from Mainpuri
Next articleबाबासाहब डॉ. अंबेडकर का जन्मदिन बड़े पैमाने पर मनाया गया