ਆਈਟੀਬੀਪੀ ਦੀਆਂ ਨਵੀਆਂ ਬਟਾਲੀਅਨਾਂ ਨੂੰ ਮਨਜ਼ੂਰੀ ਆਖ਼ਰੀ ਗੇੜ ’ਚ

Union Minister of State for Home Affairs Nityanand Rai

ਗ੍ਰੇਟਰ ਨੋਇਡਾ (ਸਮਾਜ ਵੀਕਲੀ):ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਦੱਸਿਆ ਕਿ ਚੀਨ ਨਾਲ ਲੱਗਦੀ ਐਲਏਸੀ ਦੀ ਰਾਖੀ ਲਈ ਆਈਟੀਬੀਪੀ ਦੀਆਂ ਨਵੀਆਂ ਬਟਾਲੀਅਨਾਂ ਖੜ੍ਹੀਆਂ ਕਰਨ ਦੀ ਪ੍ਰਕਿਰਿਆ ਆਖ਼ਰੀ ਗੇੜ ਵਿਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਸੁਰੱਖਿਆ ਬਲਾਂ ਨੂੰ ਟਰਾਂਸਪੋਰਟ ਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇੰਡੋ-ਤਿੱਬਤਨ ਬਾਰਡਰ ਪੁਲੀਸ ਦੇ 60ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਸਰਕਾਰ ਨੇ  ਪਿਛਲੇ ਸਾਲ 47 ਨਵੀਆਂ ਸਰਹੱਦੀ ਚੌਕੀਆਂ ਨੂੰ ਮਨਜ਼ੂਰੀ ਦਿੱਤੀ ਹੈ ਤੇ ਦਰਜਨ ਸਟੇਜਿੰਗ ਕੈਂਪ (ਸਰਹੱਦ ’ਤੇ ਗਸ਼ਤ ਕਰਨ ਵਾਲੇ ਬਲਾਂ ਲਈ ਅਪਰੇਸ਼ਨਲ ਬੇਸ) ਵੀ ਬਣਾਏ ਜਾ ਰਹੇ ਹਨ।

ਅਧਿਕਾਰੀਆਂ ਮੁਤਾਬਕ ਆਈਟੀਬੀਪੀ ਵਿਚ ਸੱਤ ਨਵੀਆਂ ਬਟਾਲੀਅਨਾਂ ਜੋੜੀਆਂ ਜਾਣਗੀਆਂ ਜਿਨ੍ਹਾਂ ਵਿਚ ਅੱਠ ਹਜ਼ਾਰ ਸੁਰੱਖਿਆ ਬਲ ਹੋਣਗੇ। ਨਵੀਆਂ ਸਰਹੱਦੀ ਪੋਸਟਾਂ ਜ਼ਿਆਦਾਤਰ ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਉਤੇ ਉਸਾਰੇ ਜਾਣ ਦੀ ਤਜਵੀਜ਼ ਹੈ। ਉੱਤਰ-ਪੂਰਬ ਵਿਚ ਨਵਾਂ ਸੈਕਟਰ ਹੈੱਡਕੁਆਰਟਰ ਬਣਾਏ ਜਾਣ ਦੀ ਤਜਵੀਜ਼ ਵੀ ਹੈ। ਇਸ ਤਜਵੀਜ਼ ਉਤੇ ਦੋ ਸਾਲਾਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਤੇ ਜਲਦੀ ਹੀ ਮਨਜ਼ੂਰੀ ਮਿਲ ਸਕਦੀ ਹੈ। ਕੇਂਦਰੀ ਮੰਤਰੀ ਨੇ ਇਸ ਮੌਕੇ ਆਈਟੀਬੀਪੀ ਦੇ 20 ਅਧਿਕਾਰੀਆਂ ਤੇ ਜਵਾਨਾਂ ਨੂੰ ਪੁਲੀਸ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਆਈਟੀਬੀਪੀ ਦੇ ਡੀਜੀ ਸੰਜੈ ਅਰੋੜਾ ਵੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਨੇ ਨਵਾਂ ਸਰਹੱਦੀ ਕਾਨੂੰਨ ਪਾਸ ਕੀਤਾ
Next articleਅਮਰੀਕਾ ਵੱਲੋਂ ਉਤਰੀ ਕੋਰੀਆ ਨੂੰ ਮਿਜ਼ਾਈਲ ਪ੍ਰੀਖਣ ਬੰਦ ਕਰਨ ਦੀ ਅਪੀਲ